Meta ਦਾ ਵੱਡਾ ਝਟਕਾ : Messenger ਦੀ ਵੈੱਬਸਾਈਟ 'ਤੇ ਲੱਗੇਗਾ ਤਾਲਾ, ਕਰੋੜਾਂ ਯੂਜ਼ਰਸ ਹੋਣਗੇ ਪ੍ਰਭਾਵਿਤ
Saturday, Feb 21, 2026 - 01:01 PM (IST)
ਗੈਜੇਟ ਡੈਸਕ - ਸੋਸ਼ਲ ਮੀਡੀਆ ਦਿੱਗਜ ਮੈਟਾ ਨੇ ਆਪਣੇ ਕਰੋੜਾਂ ਯੂਜ਼ਰਸ ਲਈ ਇਕ ਵੱਡਾ ਫੈਸਲਾ ਲਿਆ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਮੈਸੇਂਜਰ ਦੀ ਸੁਤੰਤਰ ਵੈੱਬਸਾਈਟ messenger.com ਅਪ੍ਰੈਲ 2026 ਤੋਂ ਸਥਾਈ ਤੌਰ 'ਤੇ ਬੰਦ ਕਰ ਦਿੱਤੀ ਜਾਵੇਗੀ। ਇਸ ਬਦਲਾਅ ਤੋਂ ਬਾਅਦ ਯੂਜ਼ਰਸ ਇਸ ਸੁਤੰਤਰ ਵੈੱਬਸਾਈਟ ਰਾਹੀਂ ਚੈਟ ਨਹੀਂ ਕਰ ਸਕਣਗੇ।
ਹੁਣ ਕਿਵੇਂ ਹੋਵੇਗੀ ਚੈਟਿੰਗ?
ਸਰੋਤਾਂ ਮੁਤਾਬਕ, ਅਪ੍ਰੈਲ 2026 ਤੋਂ ਬਾਅਦ ਜੇਕਰ ਕੋਈ ਯੂਜ਼ਰ messenger.com ਨੂੰ ਖੋਲ੍ਹਣ ਦੀ ਕੋਸ਼ਿਸ਼ ਕਰੇਗਾ, ਤਾਂ ਉਸਨੂੰ ਆਟੋਮੈਟਿਕ ਤੌਰ 'ਤੇ facebook.com/messages 'ਤੇ ਰੀਡਾਇਰੈਕਟ Redirect ਕਰ ਦਿੱਤਾ ਜਾਵੇਗਾ ਭਾਵ ਕਿ ਡੈਸਕਟਾਪ 'ਤੇ ਗੱਲਬਾਤ ਜਾਰੀ ਰੱਖਣ ਲਈ ਹੁਣ ਫੇਸਬੁੱਕ ਦੇ ਵੈੱਬ ਇੰਟਰਫੇਸ ਦੀ ਹੀ ਵਰਤੋਂ ਕਰਨੀ ਪਵੇਗੀ। ਹਾਲਾਂਕਿ, ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਮੋਬਾਈਲ ਯੂਜ਼ਰਸ ਲਈ ਮੈਸੇਂਜਰ ਐਪ ਪਹਿਲਾਂ ਵਾਂਗ ਹੀ ਕੰਮ ਕਰਦੀ ਰਹੇਗੀ।
ਇਨ੍ਹਾਂ ਯੂਜ਼ਰਸ ਦੀ ਵਧੇਗੀ ਮੁਸ਼ਕਲ
ਇਸ ਫੈਸਲੇ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਲੋਕਾਂ 'ਤੇ ਪਵੇਗਾ ਜਿਨ੍ਹਾਂ ਨੇ ਆਪਣਾ ਫੇਸਬੁੱਕ ਅਕਾਊਂਟ ਡਿਐਕਟੀਵੇਟ ਕਰ ਦਿੱਤਾ ਸੀ ਪਰ ਉਹ ਮੈਸੇਂਜਰ ਦੀ ਵੈੱਬਸਾਈਟ ਰਾਹੀਂ ਲੋਕਾਂ ਨਾਲ ਜੁੜੇ ਹੋਏ ਸਨ। ਅਜਿਹੇ ਯੂਜ਼ਰਸ ਕੋਲ ਹੁਣ ਸੀਮਤ ਵਿਕਲਪ ਰਹਿ ਜਾਣਗੇ ਅਤੇ ਉਨ੍ਹਾਂ ਨੂੰ ਸਿਰਫ਼ ਮੋਬਾਈਲ ਐਪ ਰਾਹੀਂ ਹੀ ਆਪਣੀ ਗੱਲਬਾਤ ਜਾਰੀ ਰੱਖਣੀ ਪਵੇਗੀ।
ਕਿਉਂ ਲਿਆ ਗਿਆ ਇਹ ਫੈਸਲਾ?
ਮੈਟਾ ਦੀ ਇਹ ਰਣਨੀਤੀ ਆਪਣੀ ਮੈਸੇਜਿੰਗ ਸੇਵਾਵਾਂ ਨੂੰ ਇਕੋ ਪਲੇਟਫਾਰਮ 'ਤੇ ਵਾਪਸ ਲਿਆਉਣ ਦੀ ਹੈ। ਜ਼ਿਕਰਯੋਗ ਹੈ ਕਿ 2011 'ਚ ਮੈਸੇਂਜਰ ਨੂੰ ਇਕ ਵੱਖਰੀ ਐਪ ਵਜੋਂ ਪੇਸ਼ ਕੀਤਾ ਗਿਆ ਸੀ ਅਤੇ 2014 ਵਿਚ ਇਸਨੂੰ ਮੁੱਖ ਫੇਸਬੁੱਕ ਐਪ ਤੋਂ ਵੱਖ ਕਰ ਦਿੱਤਾ ਗਿਆ ਸੀ ਪਰ ਹੁਣ ਕੰਪਨੀ ਆਪਣੇ ਸਿਸਟਮ ਨੂੰ ਮੁੜ ਤੋਂ ਇਕਜੁੱਟ ਕਰਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਕੰਪਨੀ ਵਿੰਡੋਜ਼ ਅਤੇ ਮੈਕ ਲਈ ਵੀ ਮੈਸੇਂਜਰ ਦੇ ਡੈਸਕਟਾਪ ਐਪਸ ਬੰਦ ਕਰ ਚੁੱਕੀ ਹੈ।
ਚੈਟ ਹਿਸਟਰੀ ਰਹੇਗੀ ਸੁਰੱਖਿਅਤ
ਯੂਜ਼ਰਸ ਆਪਣੀ ਚੈਟ ਹਿਸਟਰੀ ਨੂੰ ਸੁਰੱਖਿਅਤ ਰੱਖਣ ਲਈ ਬਣਾਏ ਗਏ PIN ਰਾਹੀਂ ਆਪਣਾ ਬੈਕਅੱਪ ਬਹਾਲ ਕਰ ਸਕਣਗੇ। ਜੇਕਰ ਕੋਈ ਯੂਜ਼ਰ ਆਪਣਾ PIN ਭੁੱਲ ਜਾਂਦਾ ਹੈ, ਤਾਂ ਉਸਨੂੰ ਰੀਸੈਟ ਕਰਨ ਦਾ ਵਿਕਲਪ ਵੀ ਦਿੱਤਾ ਜਾਵੇਗਾ। ਫਿਲਹਾਲ ਕੰਪਨੀ ਵੈੱਬਸਾਈਟ ਅਤੇ ਐਪ 'ਤੇ ਪੌਪ-ਅੱਪ ਨੋਟੀਫਿਕੇਸ਼ਨ ਰਾਹੀਂ ਯੂਜ਼ਰਸ ਨੂੰ ਇਸ ਬਦਲਾਅ ਬਾਰੇ ਸੂਚਿਤ ਕਰ ਰਹੀ ਹੈ।
