WhatsApp Privacy ''ਤੇ ਉੱਠੇ ਸਵਾਲ! ਐਲਨ ਮਸਕ ਦੇ ਇੱਕ ਬਿਆਨ ਨੇ ਯੂਜ਼ਰਸ ਦੀ ਵਧਾਈ ਚਿੰਤਾ
Friday, Apr 10, 2026 - 01:18 PM (IST)
ਗੈਜੇਟ ਡੈਸਕ - ਸੋਸ਼ਲ ਮੀਡੀਆ ਦੀ ਦੁਨੀਆ 'ਚ ਪ੍ਰਾਈਵੇਸੀ ਨੂੰ ਲੈ ਕੇ ਇਕ ਵਾਰ ਫਿਰ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਮੇਟਾ ਦੇ ਮਾਲਕੀ ਵਾਲੇ ਮੈਸੇਜਿੰਗ ਐਪ ਵ੍ਹਟਸਐਪ 'ਤੇ ਇਕ ਕਲਾਸ-ਐਕਸ਼ਨ ਮੁਕੱਦਮੇ 'ਚ ਬੇਹੱਦ ਗੰਭੀਰ ਦੋਸ਼ ਲੱਗੇ ਹਨ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਟੈਕ ਦਿੱਗਜ ਐਲਨ ਮਸਕ ਨੇ ਵੀ ਵ੍ਹਟਸਐਪ ਦੀ ਸੁਰੱਖਿਆ 'ਤੇ ਸਵਾਲ ਚੁੱਕੇ ਹਨ।
ਕੀ ਹੈ ਪੂਰਾ ਮਾਮਲਾ?
ਵ੍ਹਟਸਐਪ 'ਤੇ ਲੱਗੇ ਮੁਕੱਦਮੇ 'ਚ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਆਪਣੇ 'ਐਂਡ-ਟੂ-ਐਂਡ ਐਨਕ੍ਰਿਪਸ਼ਨ' ਦੇ ਵਾਅਦੇ ਨੂੰ ਤੋੜ ਰਹੀ ਹੈ। ਦੋਸ਼ ਹੈ ਕਿ ਮੇਟਾ ਆਪਣੇ ਕਰਮਚਾਰੀਆਂ, ਐਕਸੈਂਚਰ ਵਰਗੇ ਕੰਟਰੈਕਟਰਾਂ ਅਤੇ ਹੋਰ ਬਾਹਰੀ ਪਾਰਟੀਆਂ ਨੂੰ ਯੂਜ਼ਰਸ ਦੇ ਨਿੱਜੀ ਮੈਸੇਜ ਪੜ੍ਹਨ ਅਤੇ ਸਟੋਰ ਕਰਨ ਦੀ ਗੁਪਤ ਇਜਾਜ਼ਤ ਦਿੰਦਾ ਹੈ। ਇਹ ਦਾਅਵਾ ਵ੍ਹਟਸਐਪ ਦੇ ਉਸ ਸੁਰੱਖਿਆ ਦਾਅਵੇ ਨੂੰ ਸਿੱਧੀ ਚੁਣੌਤੀ ਦਿੰਦਾ ਹੈ ਜਿਸ 'ਚ ਕਿਹਾ ਜਾਂਦਾ ਹੈ ਕਿ ਮੈਸੇਜ ਸਿਰਫ ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਹੀ ਪੜ੍ਹ ਸਕਦੇ ਹਨ।
ਐਲਨ ਮਸਕ ਦੀ ਤਿੱਖੀ ਪ੍ਰਤੀਕਿਰਿਆ
ਇਸ ਵਿਵਾਦ ਦੇ ਉੱਠਦਿਆਂ ਹੀ ਸੋਸ਼ਲ ਮੀਡੀਆ ਪਲੇਟਫਾਰਮ 'X' ਦੇ ਮਾਲਕ ਐਲਨ ਮਸਕ ਨੇ ਵ੍ਹਟਸਐਪ 'ਤੇ ਅਵਿਸ਼ਵਾਸ ਜਤਾਉਂਦੇ ਹੋਏ ਲਿਖਿਆ "Can't trust WhatsApp"। ਜ਼ਿਕਰਯੋਗ ਹੈ ਕਿ ਮਸਕ ਪਹਿਲਾਂ ਵੀ ਕਈ ਵਾਰ ਮੇਟਾ ਦੀਆਂ ਪ੍ਰਾਈਵੇਸੀ ਨੀਤੀਆਂ ਦੀ ਆਲੋਚਨਾ ਕਰ ਚੁੱਕੇ ਹਨ।
ਵ੍ਹਟਸਐਪ ਨੇ ਦੋਸ਼ਾਂ ਨੂੰ ਨਕਾਰਿਆ
ਦੂਜੇ ਪਾਸੇ, ਵ੍ਹਟਸਐਪ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਕੰਪਨੀ ਦੇ ਬੁਲਾਰੇ ਨੇ ਇਨ੍ਹਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਗਲਤ ਅਤੇ ਹਾਸੋਹੀਣਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਐਨਕ੍ਰਿਪਸ਼ਨ ਸਿਸਟਮ 'ਸਿਗਨਲ ਪ੍ਰੋਟੋਕੋਲ' 'ਤੇ ਅਧਾਰਤ ਹੈ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਹੈ। ਕੰਪਨੀ ਅਨੁਸਾਰ, ਕੋਈ ਵੀ ਤੀਜੀ ਪਾਰਟੀ ਮੈਸੇਜਾਂ ਨੂੰ ਵਿਚਕਾਰੋਂ ਨਹੀਂ ਪੜ੍ਹ ਸਕਦੀ।
