ਘਰ ’ਚੋਂ 6 ਤੋਲੇ ਸੋਨਾ ਅਤੇ 30 ਤੋਲੇ ਚਾਂਦੀ ਦੇ ਗਹਿਣੇ ਚੋਰੀ
Friday, Dec 19, 2025 - 04:35 PM (IST)
ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਇਲਾਕੇ ’ਚ ਚੋਰੀਆਂ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇੰਝ ਜਾਪਦਾ ਜਿਵੇਂ ਚੋਰਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ। ਜਿਸ ਕਾਰਨ ਦਿਨੋਂ ਦਿਨ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਚੋਰਾਂ ਵੱਲੋਂ ਦਿਨ ਦਿਹਾੜੇ ਵੀ ਸੁੰਨੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾਣ ਲੱਗਿਆ ਹੈ। ਫਾਜ਼ਿਲਕਾ ਉਪ ਮੰਡਲ ਅਧੀਨ ਆਉਂਦੇ ਢਾਣੀ ਅੱਚਾੜਿਕੀ ’ਚ ਇਕ ਘਰ ’ਚੋਂ ਅਣਪਛਾਤੇ ਚੋਰਾਂ ਵੱਲੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕੀਤੇ ਗਏ ਹਨ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪ੍ਰਕਾਸ਼ ਕੌਰ ਪਿੰਡ ਢਾਣੀ ਅੱਚਾੜਿਕੀ ਨੇ ਦੱਸਿਆ ਕਿ ਉਸਦੇ ਪਤੀ ਦੀ ਸਾਲ 2021 ਦੌਰਾਨ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੇ ਲੜਕੇ ਨਾਲ ਆਪਣੇ ਘਰ ਰਹਿ ਰਹੀ ਹੈ।
12 ਦਸੰਬਰ ਨੂੰ ਉਹ ਅਤੇ ਉਸਦਾ ਲੜਕਾ ਵਿਆਹ ਪ੍ਰੋਗਰਾਮ ’ਚ ਸ਼ਾਮਿਲ ਹੋਣ ਲਈ ਪਿੰਡ ਜਮਾਲ ਕੇ ਗਏ ਸਨ। ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਦੇ ਘਰ ਦੇ ਸਟੋਰ ਦਾ ਬੂਹੇ ਦਾ ਕੁੰਡਾ ਟੁੱਟਿਆ ਹੋਇਆ ਸੀ। ਜਿਸ ਨੂੰ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ ਪੇਟੀ ’ਚੋਂ 6 ਤੋਲੇ ਸੋਨਾ ਅਤੇ 30 ਤੋਲੇ ਚਾਂਦੀ ਨਾਮਲੂਮ ਵਿਅਕਤੀ ਚੁਰਾ ਕੇ ਲੈ ਗਿਆ। ਇਸ ’ਤੇ ਪੁਲਸ ਨੇ ਬਿਆਨ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
