ਸਮ੍ਰਿਤੀ ਈਰਾਨੀ ਦਾ ਕਪਿਲ ਦੇ ਸ਼ੋਅ ’ਤੇ ਪਿਆ ਪੰਗਾ, ਗਾਰਡ ਨੇ ਪਛਾਣਨ ਤੋਂ ਕੀਤਾ ਮਨ੍ਹਾ, ਬਿਨਾਂ ਸ਼ੂਟਿੰਗ ਵਾਪਸ ਪਰਤੀ

11/24/2021 4:16:09 PM

ਮੁੰਬਈ (ਬਿਊਰੋ)– ਕਪਿਲ ਸ਼ਰਮਾ ਸ਼ੋਅ ਦੇ ਮੇਕਰਜ਼ ਤੋਂ ਸਮ੍ਰਿਤੀ ਈਰਾਨੀ ਦੇ ਨਾਰਾਜ਼ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਬੀਤੇ ਦਿਨੀਂ ਚਰਚਾ ਸੀ ਕਿ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਆਪਣੀ ਕਿਤਾਬ ਦੀ ਪ੍ਰਮੋਸ਼ਨ ਲਈ ਸ਼ੋਅ ’ਤੇ ਆਉਣ ਵਾਲੀ ਸੀ। ਤਾਜ਼ਾ ਰਿਪੋਰਟ ਮੁਤਾਬਕ ਹੁਣ ਉਨ੍ਹਾਂ ਦਾ ਐਪੀਸੋਡ ਆਉਣਾ ਫਿਲਹਾਲ ਰੱਦ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਮ੍ਰਿਤੀ ਈਰਾਨੀ ਜਦੋਂ ਗੇਟ ’ਤੇ ਪਹੁੰਚੀ ਤਾਂ ਗੇਟਕੀਪਰ ਉਨ੍ਹਾਂ ਨੂੰ ਪਛਾਣ ਨਹੀਂ ਸਕੇ। ਮੰਤਰੀ ਦੇ ਡਰਾਈਵਰ ਨੂੰ ਗਾਰਡ ਨੇ ਰੋਕ ਲਿਆ ਤੇ ਅੰਦਰ ਜਾਣ ਤੋਂ ਮਨ੍ਹਾ ਕਰ ਦਿੱਤਾ। ਖ਼ਬਰਾਂ ਹਨ ਕਿ ਡਰਾਈਵਰ ਤੇ ਗੇਟਕੀਪਰ ਵਿਚਾਲੇ ਕਾਫੀ ਬਹਿਸ ਵੀ ਹੋਈ ਪਰ ਗੱਲ ਨਹੀਂ ਬਣੀ। ਇਸ ਤੋਂ ਬਾਅਦ ਨਾਰਾਜ਼ ਕੇਂਦਰੀ ਮੰਤਰੀ ਬਿਨਾਂ ਸ਼ੂਟਿੰਗ ਦੇ ਹੀ ਵਾਪਸ ਪਰਤ ਗਈ।

ਕਪਿਲ ਸ਼ਰਮਾ ਦੇ ਸ਼ੋਅ ’ਤੇ ਕਈ ਸਿਤਾਰੇ ਆਪਣੀਆਂ ਫ਼ਿਲਮਾਂ ਦੀ ਪ੍ਰਮੋਸ਼ਨ ਲਈ ਆਉਂਦੇ ਰਹਿੰਦੇ ਹਨ। ਆਗਾਮੀ ਐਪੀਸੋਡ ’ਚ ਅਦਾਕਾਰਾ ਮੰਤਰੀ ਸਮ੍ਰਿਤੀ ਈਰਾਨੀ ਆਪਣੀ ਕਿਤਾਬ ‘ਲਾਲ ਸਲਾਮ’ ਦੇ ਪ੍ਰਮੋਸ਼ਨ ਲਈ ਆਉਣ ਵਾਲੀ ਸੀ। ਹਾਲਾਂਕਿ ਉਨ੍ਹਾਂ ਦਾ ਆਉਣਾ ਫਿਲਹਾਲ ਰੱਦ ਹੋ ਗਿਆ ਹੈ। ਖ਼ਬਰਾਂ ਮੁਤਾਬਕ ਕਪਿਲ ਸ਼ਰਮਾ ਤੇ ਸਮ੍ਰਿਤੀ ਈਰਾਨੀ ਨੂੰ ਇਸ ਬਾਰੇ ਪਤਾ ਵੀ ਨਹੀਂ ਸੀ। ਸਾਰਾ ਮਾਮਲਾ ਡਰਾਈਵਰ ਤੇ ਗੇਟਕੀਪਰ ਵਿਚਾਲੇ ਹੋਇਆ। ਇਸ ਕਾਰਨ ਹੀ ਸ਼ੂਟ ਰੱਦ ਕਰਨਾ ਪਿਆ।

ਇਹ ਖ਼ਬਰ ਵੀ ਪੜ੍ਹੋ : ਬਾਡੀ ਸ਼ੇਮਿੰਗ ’ਤੇ ਰੁਬੀਨਾ ਦਿਲੈਕ ਨੇ ਟਰੋਲਰਜ਼ ਨੂੰ ਦਿੱਤਾ ਠੋਕਵਾਂ ਜਵਾਬ

ਰਿਪੋਰਟ ਮੁਤਾਬਕ ਉਥੇ ਮੌਜੂਦ ਸੂਤਰਾਂ ਨੇ ਦੱਸਿਆ ਹੈ ਕਿ ਸਮ੍ਰਿਤੀ ਈਰਾਨੀ ਡਰਾਈਵਰ ਤੇ ਦੋ ਲੋਕਾਂ ਨਾਲ ਕਪਿਲ ਸ਼ਰਮਾ ਦੇ ਸੈੱਟ ’ਤੇ ਸ਼ੂਟਿੰਗ ਲਈ ਗਈ ਸੀ। ਗੇਟ ’ਤੇ ਮੌਜੂਦ ਗਾਰਡ ਉਸ ਨੂੰ ਪਛਾਣ ਨਹੀਂ ਸਕੇ ਤੇ ਅੰਦਰ ਜਾਣ ਤੋਂ ਮਨ੍ਹਾ ਕਰ ਦਿੱਤਾ। ਜਦੋਂ ਉਸ ਨੂੰ ਦੱਸਿਆ ਗਿਆ ਕਿ ਸ਼ੂਟਿੰਗ ਲਈ ਬੁਲਾਇਆ ਗਿਆ ਹੈ ਤਾਂ ਉਸ ਨੇ ਜਵਾਬ ਦਿੱਤਾ ਕਿ ਉਸ ਨੂੰ ਅਜਿਹਾ ਕੋਈ ਹੁਕਮ ਨਹੀਂ ਮਿਲਿਆ ਹੈ। ਇਸ ਲਈ ਉਹ ਅੰਦਰ ਨਹੀਂ ਜਾ ਸਕਦੀ। ਉਦੋਂ ਫੂਡ ਡਿਲੀਵਰੀ ਵਾਲਾ ਉਥੇ ਪਹੁੰਚ ਗਿਆ ਤੇ ਗਾਰਡ ਨੇ ਉਸ ਨੂੰ ਨਹੀਂ ਰੋਕਿਆ ਤੇ ਉਹ ਬਿਨਾਂ ਪੁੱਛੇ ਹੀ ਅੰਦਰ ਚਲਾ ਗਿਆ। ਇਹ ਦੇਖ ਕੇ ਸਮ੍ਰਿਤੀ ਈਰਾਨੀ ਨੂੰ ਕਾਫੀ ਗੁੱਸਾ ਆਇਆ ਤੇ ਉਹ ਨਾਰਾਜ਼ ਹੋ ਕੇ ਚਲੀ ਗਈ।

ਕਪਿਲ ਸ਼ਰਮਾ ਤੇ ਪ੍ਰੋਡਕਸ਼ਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਸਮ੍ਰਿਤੀ ਈਰਾਨੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਗੱਲ ਨਹੀਂ ਬਣ ਸਕੀ। ਰਿਪੋਰਟ ਦੀ ਮੰਨੀਏ ਤਾਂ ਜਦੋਂ ਗੇਟਕੀਪਰ ਨੂੰ ਪਤਾ ਲੱਗਾ ਕਿ ਉਸ ਨੇ ਜਿਨ੍ਹਾਂ ਨੂੰ ਰੋਕਿਆ, ਉਹ ਕੇਂਦਰੀ ਮੰਤਰੀ ਸੀ ਤਾਂ ਉਹ ਕਾਫੀ ਘਬਰਾ ਗਿਆ ਤੇ ਆਪਣਾ ਫੋਨ ਬੰਦ ਕਰ ਦਿੱਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News