‘ਬਾਲੀਵੁੱਡ ਫ਼ਿਲਮਾਂ ਦੇਖਣੀਆਂ ਬੰਦ ਕਰ ਦੇਣਗੇ ਲੋਕ’, ਸ਼ਾਹਰੁਖ ਖ਼ਾਨ ਨੇ 11 ਸਾਲ ਪਹਿਲਾਂ ਕਰ ਦਿੱਤੀ ਸੀ ਭਵਿੱਖਵਾਣੀ

10/07/2022 6:35:37 PM

ਮੁੰਬਈ (ਬਿਊਰੋ)– ਹਿੰਦੀ ਫ਼ਿਲਮ ਇੰਡਸਟਰੀ ਯਾਨੀ ਬਾਲੀਵੁੱਡ ਨੂੰ ਪਿਛਲੇ ਕਾਫੀ ਦਿਨਾਂ ਤੋਂ ਲੋਕਾਂ ਦੀ ਨਿੰਦਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਵੀ ਪਿਛਲੇ ਕਾਫੀ ਸਮੇਂ ਤੋਂ ਵੱਡੇ ਪਰਦੇ ਤੋਂ ਗਾਇਬ ਹਨ। ਉਨ੍ਹਾਂ ਦੀ ਆਖਰੀ ਫ਼ਿਲਮ ‘ਜ਼ੀਰੋ’ ਸਾਲ 2018 ’ਚ ਰਿਲੀਜ਼ ਹੋਈ ਸੀ, ਜੋ ਉਨ੍ਹਾਂ ਦੇ ਕਰੀਅਰ ਦੀਆਂ ਸਭ ਤੋਂ ਖ਼ਰਾਬ ਫ਼ਿਲਮਾਂ ’ਚੋਂ ਇਕ ਸੀ।

ਹਾਲਾਂਕਿ ਸ਼ਾਹਰੁਖ ਖ਼ਾਨ ਕਾਫੀ ਪਹਿਲਾਂ ਤੋਂ ਵੱਖ-ਵੱਖ ਤਰ੍ਹਾਂ ਦੇ ਤਜਰਬੇ ਫ਼ਿਲਮਾਂ ’ਚ ਕਰਦੇ ਰਹੇ ਹਨ ਤੇ ਇਸ ਲਈ 10 ਸਾਲ ਪਹਿਲਾਂ ਹੀ ਉਨ੍ਹਾਂ ਨੇ ‘ਰਾ-ਵਨ’ ਵਰਗੀ ਫ਼ਿਲਮ ਬਣਾਈ ਸੀ। ਭਾਵੇਂ ਇਸ ਫ਼ਿਲਮ ਨੇ ਕੁਝ ਖ਼ਾਸ ਕਮਾਈ ਨਹੀਂ ਕੀਤੀ ਪਰ ਇਸ ਦੇ ਵੀ. ਐੱਫ. ਐਕਸ. ਤੇ ਸਪੈਸ਼ਲ ਇਫੈਕਟਸ ਉਸ ਸਮੇਂ ਦੇ ਹਿਸਾਬ ਨਾਲ ਬਾਲੀਵੁੱਡ ਲਈ ਨਵੇਂ ਸਨ, ਜਿਨ੍ਹਾਂ ਨੂੰ ਅੱਜ ਇਸਤੇਮਾਲ ਕੀਤਾ ਜਾ ਰਿਹਾ ਹੈ।

ਸ਼ਾਹਰੁਖ ਖ਼ਾਨ ਨੇ ਆਪਣੇ ਇਹ ਪ੍ਰਯੋਗ ਛੱਡੇ ਨਹੀਂ ਤੇ ਫ਼ਿਲਮ ‘ਫੈਨ’ ਤੇ ‘ਜ਼ੀਰੋ’ ’ਚ ਵੀ ਵੀ. ਐੱਫ. ਐਕਸ. ਦੀ ਵਰਤੋਂ ਕੀਤੀ ਸੀ। ਅੱਜ ਬਾਲੀਵੁੱਡ ਫ਼ਿਲਮਾਂ ਤੋਂ ਜਿਸ ਤਰ੍ਹਾਂ ਲੋਕਾਂ ਦਾ ਮਨ ਉੱਠ ਚੁੱਕਾ ਹੈ, ਇਸ ਦੀ ਭਵਿੱਖਵਾਣੀ ਸ਼ਾਹਰੁਖ ਨੇ 10 ਸਾਲ ਪਹਿਲਾਂ ਹੀ ਕਰ ਦਿੱਤੀ ਸੀ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ 'ਚ ਪੰਜਾਬੀ ਪਰਿਵਾਰ ਦੇ ਕਤਲ 'ਤੇ ਗਾਇਕ ਪ੍ਰੀਤ ਹਰਪਾਲ ਨੇ ਸਾਂਝੀ ਕੀਤੀ ਪੋਸਟ, ਸਰਕਾਰ ਨੂੰ ਲੈ ਕੇ ਲਿਖੀ ਇਹ ਗੱਲ

ਸਾਲ 2011 ’ਚ ਪ੍ਰੀਤੀ ਜ਼ਿੰਟਾ ਨਾਲ ਇਕ ਇੰਟਰਵਿਊ ’ਚ ਸ਼ਾਹਰੁਖ ਨੇ ਇਹ ਅੰਦਾਜ਼ਾ ਪਹਿਲਾਂ ਹੀ ਲਗਾ ਲਿਆ ਸੀ ਕਿ ਇਕ ਸਮੇਂ ਬਾਲੀਵੁੱਡ ਦਾ ਬੁਰਾ ਦੌਰ ਆਏਗਾ ਤੇ ਲੋਕਾਂ ਦੀ ਰੁਚੀ ਹਿੰਦੀ ਫ਼ਿਲਮਾਂ ’ਚ ਘੱਟ ਹੋ ਜਾਵੇਗੀ।

ਉਦੋਂ ਸ਼ਾਹਰੁਖ ਨੇ ਕਿਹਾ ਸੀ, ‘‘ਇੰਡਸਟਰੀ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਮੈਨੂੰ ਲੱਗਦਾ ਹੈ ਕਿ ਜਦੋਂ ਮੇਰਾ ਕਰੀਅਰ ਖ਼ਤਮ ਹੋਵੇ, ਉਦੋਂ ਮੈਂ ਵਿਲੇਨ ਬਣਨ, ਹਿਰੋਇਨ ਨਾਲ ਰੋਮਾਂਸ ਕਰਨ ਤੇ ਡਾਂਸ ਕਰਨ ਤੋਂ ਇਲਾਵਾ ਵੀ ਕੁਝ ਛਾਪ ਛੱਡ ਜਾਵਾਂ। ਮੈਂ ਇਹ ਸਭ ਆਪਣੇ ਲਈ ਕੀਤਾ ਸੀ ਪਰ ਮੈਂ ਚਾਹੁੰਦਾ ਹਾਂ ਕਿ ਲੋਕ ਪਿੱਛੇ ਦੇਖਣ ਤੇ ਮੈਨੂੰ ਯਾਦ ਕਰਦਿਆਂ ਹਿੰਦੀ ਫ਼ਿਲਮਾਂ ’ਚ ਵੀ. ਐੱਫ. ਐਕਸ. ਲਈ ਵੀ ਮੈਨੂੰ ਯਾਦ ਕਰਨ। ਮੈਂ ਇੰਡਸਟਰੀ ’ਚ ਕੁਝ ਅਜਿਹਾ ਛੱਡ ਕੇ ਜਾਣਾ ਚਾਹੁੰਦਾ ਹਾਂ, ਜੋ ਫ਼ਿਲਮਾਂ ਤੋਂ ਅੱਗੇ ਹੋਵੇ ਤੇ ਸਾਡੀਆਂ ਫ਼ਿਲਮਾਂ ਨੂੰ ਪੂਰੀ ਦੁਨੀਆ ਦੇ ਸਾਹਮਣੇ ਲੈ ਆਉਣ। ਮੈਂ ਤਕਨੀਕ ਨੂੰ ਕੰਟੋਰਲ ਕਰ ਸਕਦਾ ਹਾਂ ਤੇ ਇਸ ਲਈ ਮੈਂ ‘ਰਾ-ਵਨ’ ਬਣਾਈ ਸੀ।’’

ਸ਼ਾਹਰੁਖ ਨੇ ਅੱਗੇ ਕਿਹਾ ਕਿ ਜੇਕਰ ਹਿੰਦੀ ਫ਼ਿਲਮ ਇੰਡਸਟਰੀ ਅੱਗੇ ਨਹੀਂ ਵਧੇਗੀ ਤਾਂ ਲੋਕਾਂ ਦਾ ਰੁਝਾਨ ਵੀ ਇਸ ਤੋਂ ਹੱਟ ਜਾਵੇਗਾ। ਉਨ੍ਹਾਂ ਕਿਹਾ, ‘‘ਸਾਨੂੰ ਲਾਰਜਰ ਦੈਨ ਲਾਈਫ ਸਿਨੇਮਾ ਵੱਲ ਵਧਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਅਜਿਹਾ ਨਹੀਂ ਕੀਤਾ ਤਾਂ ਆਉਣ ਵਾਲਾ ਨੌਜਵਾਨ ਵਰਗ ਸਾਡੀਆਂ ਫ਼ਿਲਮਾਂ ਦੇਖਣਾ ਬੰਦ ਕਰ ਦੇਵੇਗਾ। ਉਹ ਅੰਤਰਰਾਸ਼ਟਰੀ ਫ਼ਿਲਮਾਂ ਦੇਖਣ ਲੱਗਣਗੇ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਸਾਡੇ ਸੁਪਰਹੀਰੋਜ਼ ਮਿਲਣ। ਸਾਡੀਆਂ ਪੁਰਾਣੀਆਂ ਕਹਾਣੀਆਂ ’ਚ ਦੱਸਣ ਲਈ ਬਹੁਤ ਚੰਗੀਆਂ ਚੀਜ਼ਾਂ ਹਨ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News