ਪੰਜਾਬ-ਜੰਮੂ ਕਸ਼ਮੀਰ ਦੇ ਬਦਲਵੇਂ ਰਸਤੇ ਕਰ ਦਿੱਤੇ ਸੀਲ! ਜਾਣੋਂ ਵਜ੍ਹਾ
Monday, Mar 09, 2026 - 07:53 PM (IST)
ਬਮਿਆਲ (ਹਰਜਿੰਦਰ ਸਿੰਘ ਗੋਰਾਇਆ) : ਸਰਹੱਦੀ ਇਲਾਕਿਆਂ 'ਚ ਵਧ ਰਹੀਆਂ ਸੰਦੇਹਜਨਕ ਗਤੀਵਿਧੀਆਂ ਨੂੰ ਦੇਖਦੇ ਹੋਏ ਪੰਜਾਬ ਪੁਲਸ ਨੇ ਸੁਰੱਖਿਆ ਪ੍ਰਬੰਧ ਹੋਰ ਸਖਤ ਕਰ ਦਿੱਤੇ ਹਨ। ਪੁਲਸ ਵੱਲੋਂ ਬੀਐੱਸਐੱਫ ਨਾਲ ਮਿਲ ਕੇ ਪੂਰੇ ਸਰਹੱਦੀ ਖੇਤਰ 'ਚ ਵਿਸ਼ੇਸ਼ ਸੁਰੱਖਿਆ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਸ਼ੱਕੀ ਹਲਚਲ ਨੂੰ ਸਮੇਂ ਸਿਰ ਰੋਕਿਆ ਜਾ ਸਕੇ।
ਹੁਣ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ ਪ੍ਰਸ਼ਾਸਨ ਨੇ ਇੱਕ ਵੱਡਾ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਅਨੁਸਾਰ ਜ਼ਿਲ੍ਹੇ ਦੇ ਬਾਰਡਰ ਇਲਾਕਿਆਂ ਰਾਹੀਂ ਜੰਮੂ ਕਸ਼ਮੀਰ ਅਤੇ ਪੰਜਾਬ ਦਰਮਿਆਨ ਜਾਣ ਵਾਲੇ ਸਾਰੇ ਵਿਕਲਪਕ ਰਸਤੇ ਫਿਲਹਾਲ ਬੰਦ ਕਰ ਦਿੱਤੇ ਗਏ ਹਨ। ਪੁਲਸ ਦੇ ਹੁਕਮਾਂ ਮੁਤਾਬਕ ਦੀਨਾਨਗਰ ਰੂਟ ਰਾਹੀਂ ਜੰਮੂ ਕਸ਼ਮੀਰ ਜਾਣ ਵਾਲੇ ਅਤੇ ਜੰਮੂ ਕਸ਼ਮੀਰ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਆਉਣ ਵਾਲੇ ਵਾਹਨਾਂ ਦੀ ਐਂਟਰੀ ‘ਤੇ ਰੋਕ ਲਾ ਦਿੱਤੀ ਗਈ ਹੈ। ਹੁਣ ਇਹ ਵਾਹਨ ਸਿਰਫ਼ ਜੰਮੂ-ਪਠਾਨਕੋਟ ਨੈਸ਼ਨਲ ਹਾਈਵੇ ਦੇ ਮਾਧੋਪੁਰ-ਲਖਨਪੁਰ ਰੂਟ ਰਾਹੀਂ ਹੀ ਸਫਰ ਕਰ ਸਕਣਗੇ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਰਡਰ ਏਰੀਆ ਵਿੱਚ ਲੱਗੇ ਸਾਰੇ ਇੰਟਰਸਟੇਟ ਪੁਲਸ ਨਾਕਿਆਂ ‘ਤੇ ਤਾਇਨਤ ਜਵਾਨਾਂ ਨੂੰ ਸਖ਼ਤ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਜੇਕਰ ਕੋਈ ਵੀ ਵਾਹਨ ਇਨ੍ਹਾਂ ਬੰਦ ਕੀਤੇ ਰਸਤਿਆਂ ਰਾਹੀਂ ਪੰਜਾਬ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਨੂੰ ਤੁਰੰਤ ਰੋਕ ਕੇ ਮਾਧੋਪੁਰ–ਲਖਨਪੁਰ ਨੈਸ਼ਨਲ ਹਾਈਵੇ ਵੱਲ ਮੋੜ ਦਿੱਤਾ ਜਾਵੇ। ਹਾਲਾਂਕਿ ਸਥਾਨਕ ਲੋਕਾਂ ਨੂੰ ਕੁਝ ਹੱਦ ਤੱਕ ਰਾਹਤ ਦਿੱਤੀ ਜਾਵੇਗੀ।
ਗੌਰਤਲਬ ਹੈ ਕਿ ਜ਼ਿਲ੍ਹੇ ਦਾ ਇਹ ਸਰਹੱਦੀ ਇਲਾਕਾ ਇੱਕ ਪਾਸੇ ਪਾਕਿਸਤਾਨ ਦੀ ਸਰਹੱਦ ਨਾਲ ਅਤੇ ਦੂਜੇ ਪਾਸੇ ਜੰਮੂ ਦੇ ਕਠੂਆ ਜ਼ਿਲ੍ਹੇ ਨਾਲ ਲੱਗਦਾ ਹੈ, ਜਿਸ ਕਰਕੇ ਇਹ ਖੇਤਰ ਸੁਰੱਖਿਆ ਪੱਖੋਂ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਹਰ ਰੋਜ਼ ਦਰਜਨਾਂ ਵਾਹਨ ਪੰਜਾਬ ਤੋਂ ਜੰਮੂ ਕਸ਼ਮੀਰ ਅਤੇ ਜੰਮੂ ਕਸ਼ਮੀਰ ਤੋਂ ਪੰਜਾਬ ਵੱਲ ਆਉਂਦੇ-ਜਾਂਦੇ ਹਨ।

ਪਿਛਲੇ ਕੁਝ ਦਿਨਾਂ ਤੋਂ ਕਠੂਆ ਜ਼ਿਲ੍ਹੇ ਵਿੱਚ ਸ਼ੱਕੀ ਗਤੀਵਿਧੀਆਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਹੋਰ ਵੀ ਸਚੇਤ ਹੋ ਗਈਆਂ ਹਨ। ਇਸ ਕਰਕੇ ਬਾਰਡਰ ਇਲਾਕਿਆਂ ਵਿੱਚ ਵੱਡੇ ਪੱਧਰ ‘ਤੇ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਕੋਈ ਵੀ ਸੰਦੇਹਜਨਕ ਵਿਅਕਤੀ ਜਾਂ ਵਾਹਨ ਇਨ੍ਹਾਂ ਰਸਤਿਆਂ ਰਾਹੀਂ ਪੰਜਾਬ ਵਿੱਚ ਦਾਖ਼ਲ ਨਾ ਹੋ ਸਕੇ।
ਸੁਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕਦਮ ਅਹਿਮ ਸਾਬਤ ਹੋ ਸਕਦਾ ਹੈ। ਕਿਉਂਕਿ ਅਕਸਰ ਅਸਮਾਜਿਕ ਤੱਤ ਨੈਸ਼ਨਲ ਹਾਈਵੇ ਦੀ ਸਖ਼ਤ ਚੈਕਿੰਗ ਤੋਂ ਬਚਣ ਲਈ ਅੰਦਰੂਨੀ ਅਤੇ ਵਿਕਲਪਕ ਰਸਤੇ ਵਰਤਦੇ ਹਨ। ਹੁਣ ਇਨ੍ਹਾਂ ਰਸਤਿਆਂ ਦੇ ਬੰਦ ਹੋਣ ਨਾਲ ਸੁਰੱਖਿਆ ਏਜੰਸੀਆਂ ਲਈ ਨਿਗਰਾਨੀ ਕਰਨਾ ਹੋਰ ਆਸਾਨ ਹੋ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
