ਪਿਤਾ ਦੀ ਅੰਤਿਮ ਅਦਰਾਸ ਮੌਕੇ ਫੁੱਟ-ਫੁੱਟ ਕੇ ਰੋਏ ਮਾਸਟਰ ਸਲੀਮ, ਕਈ ਵੱਡੀਆਂ ਸ਼ਖਸੀਅਤਾਂ ਨੇ ਕੀਤੀ ਸ਼ਿਰਕਤ
Tuesday, Dec 30, 2025 - 05:04 PM (IST)
ਜਲੰਧਰ : ਪੰਜਾਬੀ ਸੰਗੀਤ ਜਗਤ ਦੇ ਨਾਮਵਰ ਗਾਇਕ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹ ਕੋਟੀ ਜੀ ਦੀ ਅੰਤਿਮ ਅਰਦਾਸ ਅੱਜ ਜਲੰਧਰ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਹੋ ਰਹੀ। ਇਸ ਮੌਕੇ ਸੰਗੀਤ ਜਗਤ ਦੀਆਂ ਵੱਡੀਆਂ ਹਸਤੀਆਂ ਨੇ ਪਹੁੰਚ ਕੇ ਮਰਹੂਮ ਉਸਤਾਦ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਜ਼ਿਕਰਯੋਗ ਹੈ ਕਿ 72 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।
ਸ਼ਾਗਿਰਦਾਂ ਨੂੰ 'ਗਨ ਕਲਚਰ' ਤੋਂ ਰੱਖਿਆ ਦੂਰ ਅੰਤਿਮ ਅਰਦਾਸ ਵਿੱਚ ਪਹੁੰਚੇ ਕਲਾਕਾਰਾਂ ਨੇ ਉਸਤਾਦ ਜੀ ਦੀ ਜੀਵਨ ਸ਼ੈਲੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ। ਕਲਾਕਾਰਾਂ ਨੇ ਕਿਹਾ ਕਿ ਉਸਤਾਦ ਜੀ ਨੇ ਆਪਣੇ ਸ਼ਾਗਿਰਦਾਂ ਨੂੰ ਹਮੇਸ਼ਾ 'ਗਨ ਕਲਚਰ' ਤੋਂ ਦੂਰ ਰਹਿਣ ਅਤੇ ਸ਼ੁੱਧ ਸੰਗੀਤ ਦੀ ਸੇਵਾ ਕਰਨ ਦੀ ਸਿੱਖਿਆ ਦਿੱਤੀ। ਉਨ੍ਹਾਂ ਨੇ ਹੰਸ ਰਾਜ ਹੰਸ, ਜਸਬੀਰ ਜੱਸੀ, ਬੱਬੂ ਮਾਨ ਅਤੇ ਸਾਬਰ ਕੋਟੀ ਵਰਗੇ ਦਿੱਗਜ ਗਾਇਕਾਂ ਨੂੰ ਸੰਗੀਤ ਦੀ ਗੁੜ੍ਹਤੀ ਦਿੱਤੀ ਸੀ।
ਨਾਮੀ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਣ ਲਈ ਹੰਸ ਰਾਜ ਹੰਸ, ਜੈਜ਼ੀ ਬੀ, ਕਲੇਰ ਕੰਠ, ਰਾਏ ਜੁਝਾਰ, ਬੂਟਾ ਮੁਹੰਮਦ, ਸਰਦਾਰ ਅਲੀ ਅਤੇ ਮੁਹੰਮਦ ਸਦੀਕ ਵਰਗੇ ਕਲਾਕਾਰ ਪਹੁੰਚੇ। ਮਾਸਟਰ ਸਲੀਮ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਦੇ ਜਾਣ ਨਾਲ ਸੰਗੀਤ ਦੀ ਇੱਕ ਪੂਰੀ ਸਦੀ ਸ਼ਾਂਤ ਹੋ ਗਈ ਹੈ। ਹੰਸ ਰਾਜ ਹੰਸ ਨੇ ਦੱਸਿਆ ਕਿ ਉਸਤਾਦ ਜੀ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਨੂੰ ਜਲੰਧਰ ਦੇ ਦਿਓਲ ਨਗਰ ਸਥਿਤ ਉਨ੍ਹਾਂ ਦੇ ਘਰ ਵਿੱਚ ਹੀ ਸੁਪੁਰਦ-ਏ-ਖ਼ਾਕ ਕੀਤਾ ਗਿਆ ਹੈ। ਬੂਟਾ ਮੁਹੰਮਦ ਨੇ ਯਾਦ ਕੀਤਾ ਕਿ ਉਸਤਾਦ ਜੀ ਨੇ ਸਰਦਾਰ ਮੁਹੰਮਦ, ਬਾਕਰ ਹੁਸੈਨ ਅਤੇ ਸਾਈਂ ਲਾਡੀ ਸ਼ਾਹ ਜੀ ਤੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ ਸੀ।

ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਕਲਾਕਾਰਾਂ ਨੇ ਕਿਹਾ ਕਿ ਪੂਰਨ ਸ਼ਾਹ ਕੋਟੀ ਜੀ ਸਿਰਫ਼ ਇੱਕ ਗਾਇਕ ਹੀ ਨਹੀਂ, ਸਗੋਂ ਇੱਕ ਫਿਲਾਸਫਰ ਅਤੇ ਮਹਾਨ ਗੁਰੂ ਸਨ। ਪਟਿਆਲਾ ਘਰਾਣੇ ਦੇ ਚਿਰਾਗ ਵਜੋਂ ਉਨ੍ਹਾਂ ਨੇ ਸੰਗੀਤ ਦੀ ਬਹੁਤ ਇਬਾਦਤ ਕੀਤੀ ਅਤੇ ਨਵੇਂ ਬੱਚਿਆਂ ਨੂੰ ਅੱਜ ਵੀ ਸੰਗੀਤ ਦੀਆਂ ਬਾਰੀਕੀਆਂ ਸਿਖਾ ਰਹੇ ਸਨ। ਉਨ੍ਹਾਂ ਦਾ ਜਾਣਾ ਪੂਰੀ ਸੰਗੀਤ ਇੰਡਸਟਰੀ ਲਈ ਇੱਕ ਵੱਡਾ ਘਾਟਾ ਹੈ।
