ਤਰਸੇਮ ਜੱਸੜ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਰੱਬ ਦਾ ਰੇਡੀਓ 3’ ਦੀ ਫਰਸਟ ਲੁੱਕ ਆਈ ਸਾਹਮਣੇ

Monday, Feb 23, 2026 - 02:29 PM (IST)

ਤਰਸੇਮ ਜੱਸੜ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਰੱਬ ਦਾ ਰੇਡੀਓ 3’ ਦੀ ਫਰਸਟ ਲੁੱਕ ਆਈ ਸਾਹਮਣੇ

ਜਲੰਧਰ (ਬਿਊਰੋ)– ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਫ੍ਰੈਂਚਾਇਜ਼ੀ ‘ਰੱਬ ਦਾ ਰੇਡੀਓ’ ਦਾ ਤੀਜਾ ਭਾਗ ਦਰਸ਼ਕਾਂ ਲਈ ਖ਼ੁਸ਼ਖ਼ਬਰੀ ਲੈ ਕੇ ਆਇਆ ਹੈ। ਫ਼ਿਲਮ ‘ਰੱਬ ਦਾ ਰੇਡੀਓ 3’ ਦੀ ਫਰਸਟ ਲੁੱਕ ਹਾਲ ਹੀ ’ਚ ਜਾਰੀ ਕੀਤੀ ਗਈ ਹੈ, ਜਿਸ ਨੇ ਦਰਸ਼ਕਾਂ ’ਚ ਕਾਫ਼ੀ ਉਤਸ਼ਾਹ ਪੈਦਾ ਕਰ ਦਿੱਤਾ ਹੈ।

ਫਰਸਟ ਲੁੱਕ ’ਚ ਤਰਸੇਮ ਜੱਸੜ ਤੇ ਨਿਮਰਤ ਖਹਿਰਾ ਮੁੱਖ ਭੂਮਿਕਾਵਾਂ ’ਚ ਨਜ਼ਰ ਆ ਰਹੇ ਹਨ। ਵੀਡੀਓ ’ਚ ਇਕ ਨਿੱਕੀ ਬੱਚੀ ਰੇਡੀਓ ਆਨ ਕਰਦੀ ਹੈ, ਜਿਸ ਤੋਂ ਬਾਅਦ ਪੁਰਾਣੇ ਸੁਹਣੇ ਗੀਤਾਂ ਦੀ ਤਰ੍ਹਾਂ ਨਿਮਰਤ ਖਹਿਰਾ ਦੀ ਆਵਾਜ਼ ’ਚ ‘ਰੱਬ ਦਾ ਰੇਡੀਓ’ ਗੀਤ ਸੁਣਾਈ ਦਿੰਦਾ ਹੈ, ਜੋ ਪੁਰਾਣੇ ਸਮੇਂ ਦੀ ਯਾਦ ਤਾਜ਼ਾ ਕਰਵਾਉਂਦਾ ਹੈ।

ਦੋਵਾਂ ਕਲਾਕਾਰਾਂ ਦੀ ਲੁੱਕ ਬਹੁਤ ਹੀ ਸਾਦੀ ਪਰ ਦਿਲਕਸ਼ ਹੈ। ਤਰਸੇਮ ਜੱਸੜ ਕੋਟ-ਪੈਂਟ ’ਚ ਨਜ਼ਰ ਆ ਰਹੇ ਹਨ, ਜਿਸ ਦਾ ਡਿਜ਼ਾਈਨ ਪੁਰਾਤਨ ਸਟਾਈਲ ਨੂੰ ਦਰਸਾਉਂਦਾ ਹੈ। ਦੂਜੇ ਪਾਸੇ, ਨਿਮਰਤ ਖਹਿਰਾ ਰਵਾਇਤੀ ਸੂਟ ਤੇ ਪੁਰਾਣੇ ਜ਼ਮਾਨੇ ਦੇ ਗਹਿਣਿਆਂ ਨਾਲ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ।

ਫ਼ਿਲਮ ਨੂੰ ਹੈਰੀ ਭੱਟੀ ਵਲੋਂ ਡਾਇਰੈਕਟ ਕੀਤਾ ਗਿਆ ਹੈ, ਜਦਕਿ ਪ੍ਰੋਡਿਊਸਰ ਦੀ ਜ਼ਿੰਮੇਵਾਰੀ ਮਨਪ੍ਰੀਤ ਜੌਹਲ ਨੇ ਨਿਭਾਈ ਹੈ। ਫ਼ਿਲਮ ਦੀ ਕਹਾਣੀ ਜੱਸ ਗਰੇਵਾਲ ਵਲੋਂ ਲਿਖੀ ਗਈ ਹੈ। ਇਹ ਫ਼ਿਲਮ ਵਿਹਲੀ ਜਨਤਾ ਫ਼ਿਲਮਜ਼ ਦੀ ਪੇਸ਼ਕਸ਼ ਹੈ।

ਮੁੱਖ ਕਿਰਦਾਰਾਂ ਤੋਂ ਇਲਾਵਾ ਫ਼ਿਲਮ ’ਚ ਕਈ ਹੋਰ ਮਸ਼ਹੂਰ ਕਲਾਕਾਰ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ, ਜਿਨ੍ਹਾਂ ’ਚ ਨਿਰਮਲ ਰਿਸ਼ੀ, ਜਤਿੰਦਰ ਕੌਰ, ਨਵਦੀਪ ਕਲੇਰ, ਰੌਣਕ ਜੋਸ਼ੀ, ਸੁੱਖੀ ਚਾਹਲ, ਸਰਦਾਰ ਸੋਹੀ, ਸ਼ਵਿੰਦਰ ਮਾਹਲ, ਸੁਨੀਤਾ ਧਿਰ ਤੇ ਸੀਮਾ ਕੌਸ਼ਲ ਸ਼ਾਮਲ ਹਨ।

ਇਹ ਫ਼ਿਲਮ 3 ਅਪ੍ਰੈਲ, 2026 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਫਰਸਟ ਲੁੱਕ ਨੇ ਹੀ ਦਰਸ਼ਕਾਂ ਦੀਆਂ ਉਮੀਦਾਂ ਨੂੰ ਕਾਫ਼ੀ ਵਧਾ ਦਿੱਤਾ ਹੈ ਤੇ ਹੁਣ ਦਰਸ਼ਕਾਂ ਨੂੰ ਟਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਹੈ।


author

Rahul Singh

Content Editor

Related News