ਦਿੱਲੀ ਧਮਾਕੇ ਦਾ ਅਸਰ: ਲਾਲ ਕਿਲ੍ਹੇ ''ਚ ਹੋਣ ਵਾਲੀ ਰਾਮ ਚਰਨ ਦੀ ਅਗਲੀ ਫਿਲਮ ਦੀ ਸ਼ੂਟਿੰਗ ਟਲੀ
Friday, Nov 14, 2025 - 01:17 PM (IST)
ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਲਾਲ ਕਿਲ੍ਹੇ ਦੇ ਨੇੜੇ ਹੋਏ ਬੰਬ ਧਮਾਕੇ ਤੋਂ ਬਾਅਦ ਜਿੱਥੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ, ਉੱਥੇ ਹੀ ਇਸ ਘਟਨਾ ਦਾ ਅਸਰ ਬਾਲੀਵੁੱਡ ਅਤੇ ਸਾਊਥ ਸਿਨੇਮਾ ਦੀਆਂ ਕਈ ਫਿਲਮਾਂ ਦੀ ਸ਼ੂਟਿੰਗ 'ਤੇ ਵੀ ਪਿਆ ਹੈ। ਅਦਾਕਾਰ ਰਾਮ ਚਰਨ ਦੀ ਅਗਲੀ ਫਿਲਮ ਦੀ ਸ਼ੂਟਿੰਗ, ਜੋ ਦਿੱਲੀ ਵਿੱਚ ਹੋਣੀ ਸੀ, ਨੂੰ ਮੇਕਰਾਂ ਨੇ ਵੱਡਾ ਫੈਸਲਾ ਲੈਂਦੇ ਹੋਏ ਟਾਲ ਦਿੱਤਾ ਹੈ।
ਲਾਲ ਕਿਲ੍ਹੇ ਦੇ ਅੰਦਰ ਅਤੇ ਬਾਹਰ ਹੋਣੀ ਸੀ ਸ਼ੂਟਿੰਗ
ਸਰੋਤਾਂ ਅਨੁਸਾਰ ਰਾਮ ਚਰਨ ਦੀ ਅਗਲੀ ਫਿਲਮ ਦੇ ਇੱਕ ਛੋਟੇ ਜਿਹੇ ਪੈਚਵਰਕ ਦੀ ਸ਼ੂਟਿੰਗ ਲਈ ਟੀਮ ਨੇ ਪਹਿਲਾਂ ਹੀ ਪ੍ਰਸ਼ਾਸਨ ਤੋਂ ਇਜਾਜ਼ਤ ਲੈ ਲਈ ਸੀ। ਮੇਕਰਸ ਨੇ ਇਹ ਸ਼ੂਟਿੰਗ ਇਸ ਮਹੀਨੇ ਦੀ 17 ਨਵੰਬਰ ਨੂੰ ਲਾਲ ਕਿਲ੍ਹੇ ਦੇ ਅੰਦਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕਰਨ ਦੀ ਯੋਜਨਾ ਬਣਾਈ ਸੀ। (ਇੱਕ ਹੋਰ ਸਰੋਤ ਅਨੁਸਾਰ, ਸ਼ੂਟਿੰਗ ਲਈ 15 ਅਤੇ 16 ਨਵੰਬਰ ਦੇ ਦਿਨ ਤੈਅ ਕੀਤੇ ਗਏ ਸਨ)। ਪਰ ਆਤੰਕੀ ਹਮਲੇ ਦੇ ਚਲਦਿਆਂ ਮੇਕਰਸ ਦਾ ਪਲਾਨ ਅਧੂਰਾ ਰਹਿ ਗਿਆ ਅਤੇ ਉਨ੍ਹਾਂ ਨੂੰ ਸਾਰਾ ਸ਼ਡਿਊਲ ਕੈਂਸਲ ਕਰਨਾ ਪਿਆ। ਫਿਲਹਾਲ ਇਹ ਸ਼ੂਟਿੰਗ ਕਦੋਂ ਦੁਬਾਰਾ ਸ਼ੁਰੂ ਕੀਤੀ ਜਾਵੇਗੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
'ਕਾਕਟੇਲ 2' 'ਤੇ ਵੀ ਪਿਆ ਅਸਰ
ਇਸ ਧਮਾਕੇ ਦੀ ਘਟਨਾ ਦਾ ਅਸਰ ਸਿਰਫ਼ ਰਾਮ ਚਰਨ ਦੀ ਫਿਲਮ 'ਤੇ ਹੀ ਨਹੀਂ, ਸਗੋਂ ਸ਼ਾਹਿਦ ਕਪੂਰ, ਰਸ਼ਮਿਕਾ ਮੰਦਾਨਾ ਅਤੇ ਕ੍ਰਿਤੀ ਸੇਨਨ ਦੀ ਆਉਣ ਵਾਲੀ ਫਿਲਮ 'ਕਾਕਟੇਲ 2' 'ਤੇ ਵੀ ਪਿਆ ਹੈ। ਇਸ ਫਿਲਮ ਦੀ ਸ਼ੂਟਿੰਗ ਪੁਰਾਣੀ ਦਿੱਲੀ ਵਿੱਚ ਹੋਣੀ ਸੀ। ਹਾਲਾਂਕਿ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਅਤੇ ਬਲਾਸਟ ਦੇ ਕਾਰਨ ਮੇਕਰਸ ਨੇ ਫਿਲਮ ਦੀ ਸ਼ੂਟਿੰਗ ਨੂੰ ਪੋਸਟਪੋਨ ਕਰਨ ਦਾ ਫੈਸਲਾ ਲਿਆ ਹੈ। ਸ਼ਡਿਊਲ ਰੱਦ ਨਹੀਂ ਕੀਤਾ ਗਿਆ, ਪਰ ਇਸ ਵਿੱਚ ਜ਼ਰੂਰ ਦੇਰੀ ਹੋਵੇਗੀ। ਨਵੀਂਆਂ ਤਾਰੀਖਾਂ ਇਸ ਮਹੀਨੇ ਦੇ ਅੰਤ ਵਿੱਚ ਸਾਹਮਣੇ ਆ ਸਕਦੀਆਂ ਹਨ।
