ਮਈ ਮਹੀਨਾ ਚੜਦੇ ਹੀ ਮਾਂ ਚਰਨ ਕੌਰ ਦੇ ਕਾਲਜੇ ਪਈਆਂ ਚੀਸਾਂ, ਪੋਸਟ ਸਾਂਝੀ ਕਰ ਸਿੱਧੂ ਲਈ ਲਿਖੀਆਂ ਇਹ ਗੱਲਾਂ

Saturday, May 04, 2024 - 06:56 PM (IST)

ਮਈ ਮਹੀਨਾ ਚੜਦੇ ਹੀ ਮਾਂ ਚਰਨ ਕੌਰ ਦੇ ਕਾਲਜੇ ਪਈਆਂ ਚੀਸਾਂ, ਪੋਸਟ ਸਾਂਝੀ ਕਰ ਸਿੱਧੂ ਲਈ ਲਿਖੀਆਂ ਇਹ ਗੱਲਾਂ

ਐਂਟਰਟੇਨਮੈਂਟ ਡੈਸਕ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਚਰਨ ਕੌਰ ਨੇ ਲਿਖਿਆ, ਇਸ ਮਹੀਨੇ ਦਾ ਇਕ-ਇਕ ਦਿਨ ਮੈਨੂੰ ਵਰਿਆ ਵਰਗਾ ਲੱਗਦਾ ਹੈ, ਮੈਂ ਇਸ ਮਹੀਨੇ ਦੀਆਂ ਤਰੀਕਾਂ ਵੀ ਨਹੀਂ ਗਿਣਦੀ, ਮੈਨੂੰ ਆਪਣੇ ਅੰਦਰ ਚੱਲਦੇ ਸ਼ੋਰ ਨੂੰ ਚੁੱਪ ਕਰਾਉਣਾ ਕਦੇ-ਕਦੇ ਬਹੁਤ ਔਖਾ ਹੋ ਜਾਂਦਾ ਪਰ ਫਿਰ ਪੁੱਤ ਤੁਹਾਡੇ ਨਿੱਕੇ ਰੂਪ ਨੂੰ ਦੇਖ ਕੇ ਮੈਂ ਆਪਣਾ ਮਨ ਸਮਝਾਉਂਦੀ ਆ, ਤੁਹਾਡੇ ਬਚਪਨ ਨੂੰ ਦਹਰਾਉਂਦੀ ਰਹਿੰਦੀ ਆ। ਪੁੱਤ ਸਾਡੀ ਜ਼ਿੰਦਗੀ ਅੱਜ ਬੇਸ਼ੱਕ 27-28 ਸਾਲ ਪਿੱਛੇ ਚਲੀ ਗਈ ਹੈ ਪਰ ਬੇਟਾ ਅਸੀਂ ਤੁਹਾਡੀਆਂ ਯਾਦਾਂ ਅਤੇ ਤੁਹਾਡੇ ਪਿਆਰ ਕਰਨ ਵਾਲਿਆਂ ਦੇ ਮੋਹ ਦੇ ਨਿੱਘ 'ਚ ਸਾਡੇ ਪੁੱਤਰ ਦੀ ਪਰਵਰਿਸ਼ ਕਰ ਰਹੇ ਹਾਂ। ਪੁੱਤ ਅਸੀਂ ਇਸੇ ਅਹਿਸਾਸ ਤੱਕ ਸੀਮਿਤ ਰਹਿਣਾ ਚਾਹੁੰਦੇ ਹਾਂ, ਪੁੱਤ ਸਾਡੇ 'ਤੇ ਜੋ ਬੀਤੀਆਂ ਉਸ ਦੀ ਮੱਲ੍ਹਮ ਸਤਿਗੁਰੂ ਆਪ ਬਣ ਕੇ ਆਏ। ਪੁੱਤ ਅਸੀਂ ਵੀ ਦੁਨੀਆਵੀਂ ਮਸਲਿਆਂ 'ਚ ਆਪਣੀ ਮੌਜ਼ੂਦਗੀ ਨਹੀਂ ਭਰਨਾ ਚਾਹੁੰਦੇ ਬਸ ਸਾਡੇ ਘਰ ਦੀ ਰੌਣਕ ਦੇ ਫੁੱਲ ਨੂੰ ਮਮਤਾ ਨਾਲ ਸਿੰਜਣਾ ਚਾਹੁੰਦੇ ਹਾਂ ਅਤੇ ਸਾਰਿਆਂ ਤੋਂ ਸਾਡੇ ਜ਼ਜਬਾਤਾਂ ਨੂੰ ਕਦਰ ਬਖਸ਼ਣ ਦੀ ਉਮੀਦ ਕਰਦੇ ਆ ਬੇਟਾ...।'' ਇਸ ਪੋਸਟ ਨਾਲ ਚਰਨ ਕੌਰ ਨੇ ਹੱਥ ਜੋੜਿਆਂ ਦੀ ਇਮੋਜ਼ੀ ਨਾਲ ਹਾਰਟ ਵੀ ਸ਼ੇਅਰ ਕੀਤਾ ਹੈ।

PunjabKesari

ਦੱਸ ਦਈਏ ਕਿ ਬੀਤੇ ਦਿਨੀਂ ਚਰਨ ਕੌਰ ਨੇ ਸ਼ੁੱਭਦੀਪ ਸਿੰਘ ਸਿੱਧੂ ਨੂੰ ਯਾਦ ਕਰਦਿਆਂ ਇਕ ਭਾਵੁਕ ਪੋਸਟ ਸਾਂਝੀ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਸਿੱਧੂ ਦੇ ਕਾਤਲਾਂ ਅਤੇ ਉਸ ਖ਼ਿਲਾਫ਼ ਸਾਜ਼ਿਸ ਰਚਣ ਵਾਲਿਆਂ ਬਾਰੇ ਕਿਹਾ ਹੈ ਕਿ ਉਸ ਨੂੰ ਵਾਹਿਗੁਰੂ 'ਤੇ ਪੂਰਾ ਭਰੋਸਾ ਹੈ ਕਿ ਉਨ੍ਹਾਂ ਦਾ ਕੀਤੇ ਜੁਰਮ ਉਨ੍ਹਾਂ ਦੇ ਨਾਂ ਅਤੇ ਚਿਹਰਿਆਂ ਨਾਲ ਜ਼ਰੂਰ ਸਾਬਿਤ ਹੋਵੇਗਾ। ਚਰਨ ਕੌਰ ਨੇ ਇੰਸਟਾਗ੍ਰਾਮ ਸਟੋਰੀ 'ਤੇ ਪੁੱਤ ਦੀ ਟ੍ਰੈਕਟਰ 'ਤੇ ਬੈਠੇ ਦੀ ਤਸਵੀਰ ਸਾਂਝੀ ਕੀਤੀ ਹੈ ਤੇ ਉਸ ਦੇ ਖੇਤਾਂ 'ਚ ਕੰਮ ਕਰਨ ਦਾ ਜ਼ਿਕਰ ਕੀਤਾ ਸੀ। ਪੁੱਤ ਦੀ ਤਸਵੀਰ ਸਾਂਝੀ ਕਰਦਿਆਂ ਚਰਨ ਕੌਰ ਨੇ ਲਿਖਿਆ ਸੀ, "ਸ਼ੁੱਭ ਪੁੱਛਣ ਤੇ ਹਮੇਸ਼ਾ ਤੁਸੀਂ ਇਹੋ ਜਵਾਬ ਦੇਣਾ ਕਿ ਮੇਰੇ ਚਿੱਤ ਨੂੰ ਸਕੂਨ ਤੇ ਸਬਰ ਖੇਤ ਵਿਚੋਂ ਹੀ ਲੱਭਦਾ ਹੈ। ਜਦੋਂ ਤੱਕ ਉਰੇ ਨਾ ਆਵਾਂ ਤਾਂ ਕੁਝ ਨਾ ਕੁਝ ਅੰਦਰ ਖਾਲੀ ਲੱਗਦਾ ਰਹਿੰਦਾ ਹੈ। ਆਪਣੀ ਮਿੱਟੀ ਨਾਲ ਜੁੜਨਾ ਆਪਣਿਆਂ ਨਾਲ ਜੁੜਨਾ ਹੁੰਦਾ ਕਿਉਂ ? ਕਿਉਂਕਿ ਇਸੇ ਮਿੱਟੀ 'ਚ ਉਸ ਨੂੰ ਆਪਣੇ ਪਿਤਾ ਦੀ ਕੀਤੀ ਅਣਥੱਕ ਮਿਹਨਤ ਤੇ ਮਿੱਟੀ ਦੀ ਕੀਤੀ ਕਦਰ ਦਿਖਦੀ ਸੀ, ਇਸੇ ਲਈ ਸ਼ੁੱਭ ਤੁਸੀਂ ਆਪਣੇ ਨਾਲ ਜੁੜੀ ਹਰ ਚੀਜ਼ ਦੀ ਕਦਰ ਕਰਦੇ ਸੀ, ਤੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਵੀ ਅਕਸਰ ਇਹੋ ਕਿਹਾ ਕਰਦੇ ਸੀ ਕਿ ਆਪਣੇ ਕਿੱਤੇ ਦੀ ਕਦਰ ਕਰੋ। ਪਰ ਬੇਟਾ ਪਤਾ ਨਹੀਂ ਕਿਹੜੇ ਸਮੇਂ ਤੁਹਾਡਾ ਨਾਂ ਕਿਹੜੇ ਗੁਨਾਹਾਂ ਨਾਲ ਜੋੜ ਦਿੱਤਾ ਜੋ ਕਦੇ ਜੋੜਨ ਵਾਲੇ ਸਾਬਿਤ ਵੀ ਨਾ ਕਰ ਸਕੇ। ਸ਼ੁੱਭ ਪੁੱਤ ਮੇਰਾ ਯਕੀਨ ਗੁਰੂ ਸਾਹਿਬ ਤੇ ਬਣਿਆ ਹੋਇਆ ਹੈ ਪੁੱਤ ਕਿ ਉਨ੍ਹਾਂ ਦਾ ਕੀਤਾ ਜੁਰਮ ਉਨ੍ਹਾਂ ਦੇ ਨਾਂ ਤੇ ਚਿਹਰਿਆਂ ਨਾਲ ਜ਼ਰੂਰ ਸਾਬਿਤ ਹੋਵੇਗਾ।"

 


ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦਿਨ ਤੋਂ ਲੈ ਕੇ ਮੂਸੇਵਾਲਾ ਦੇ ਮਾਪਿਆਂ ਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਉਸ ਨੂੰ ਇਨਸਾਫ਼ ਦਿਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਮਾਨਸਾ ਦੀ ਇਕ ਅਦਾਲਤ ਵੱਲੋਂ ਇਸ ਕਤਲਕਾਂਡ  'ਚ 27 ਦੋਸ਼ੀਆਂ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਸਨ। ਇਸ ਮਗਰੋਂ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਅੱਜ ਉਨ੍ਹਾਂ ਦੇ ਦਿਲ ਨੂੰ ਕੁੱਝ ਸਕੂਨ ਮਿਲਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

sunita

Content Editor

Related News