''ਟੌਹਰ ਨਾ ਖ਼ਰਾਬ ਕਰੋ'', ਰਾਜਵੀਰ ਜਵੰਦਾ ਦੇ ਸਸਕਾਰ ਮੌਕੇ ਵਾਇਰਲ ਹੋਈ ਵੀਡੀਓ ਦਾ ਜਾਣੋ ਅਸਲ ਸੱਚ
Saturday, Oct 11, 2025 - 06:31 PM (IST)

ਐਂਟਰਟੇਨਮੈਂਟ ਡੈਸਕ- ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਅੰਤਿਮ ਸੰਸਕਾਰ ਨਾਲ ਸੰਬੰਧਿਤ ਇੱਕ ਫਰਜ਼ੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਮਸ਼ਹੂਰ ਅਦਾਕਾਰ ਨੇ ਵਾਪਸ ਲਿਆ ਚੋਣਾਂ ਲੜਨ ਦਾ ਫ਼ੈਸਲਾ, ਜਾਣੋ ਕੀ ਰਹੀ ਵਜ੍ਹਾ
ਜਾਣੋ ਫਰਜ਼ੀ ਵੀਡੀਓ ਦੀ ਸੱਚਾਈ
ਇਸ ਵਾਇਰਲ ਵੀਡੀਓ ਵਿੱਚ ਇੱਕ ਔਰਤ ਨੂੰ ਭਾਵੁਕ ਹੁੰਦਿਆਂ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ "ਪੱਗ ਨੂੰ ਨਾ ਛੇੜੋ, ਟੌਰ ਖਰਾਬ ਨਾ ਕਰੋ"। ਵਾਇਰਲ ਦਾਅਵਿਆਂ ਵਿੱਚ ਕਿਹਾ ਜਾ ਰਿਹਾ ਸੀ ਕਿ ਵੀਡੀਓ ਵਿੱਚ ਬੋਲਣ ਵਾਲੀ ਔਰਤ ਜਵੰਦਾ ਦੀ ਭੈਣ ਕਰਮਜੀਤ ਕੌਰ ਹੈ।
ਹਾਲਾਂਕਿ ਪੜਤਾਲ ਵਿੱਚ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਦਾਅਵਾ ਪੂਰੀ ਤਰ੍ਹਾਂ ਝੂਠਾ ਹੈ। ਅਸਲ ਵਿੱਚ ਇਹ ਵੀਡੀਓ ਸਾਲ 2024 ਦਾ ਪੁਰਾਣਾ ਵੀਡੀਓ ਹੈ। ਇਹ ਮ੍ਰਿਤਕ ਸਰੀਰ ਪੰਜਾਬ ਪੁਲਸ ਦੇ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦਾ ਸੀ, ਜੋ ਗੈਂਗਸਟਰਾਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋ ਗਏ ਸਨ। ਵੀਡੀਓ ਵਿੱਚ 'ਪੱਗ' ਅਤੇ 'ਟੌਰ' ਨਾ ਖਰਾਬ ਕਰਨ ਦੀ ਗੱਲ ਸ਼ਹੀਦ ਕਾਂਸਟੇਬਲ ਦੀ ਪਤਨੀ ਕਹਿ ਰਹੀ ਹੈ। ਔਰਤ ਨੇ ਵਿਰਲਾਪ ਕਰਦਿਆਂ ਕਿਹਾ ਸੀ: "ਪੱਗ ਨਾ ਖਰਾਬ ਕਰੋ, ਪੱਗ ਕਿਉਂ ਖਰਾਬ ਕਰਦੇ ਤੁਸੀ, ਮੇਰੇ ਬੰਦੇ ਦੀ ਟੌਹਰ ਨੀਂ ਖਰਾਬ ਕਰਨੀ ਕਿਸੇ ਨੇ"। ਇਸ ਤੋਂ ਬਾਅਦ ਉਹ ਪੰਜ ਵਾਰ ਦੁਹਰਾਉਂਦੀ ਹੈ ਕਿ "ਕਿੰਨੀ ਟੌਹਰ ਲੱਗਦੀ"।
ਇਹ ਵੀ ਪੜ੍ਹੋ- ਪੰਜਾਬ ਆਵੇਗੀ ਕੰਗਨਾ ਰਣੌਤ, ਬਠਿੰਡਾ ਅਦਾਲਤ 'ਚ ਹੋਵੇਗੀ ਪੇਸ਼ੀ
ਵੀਡੀਓ ਨੂੰ ਫਰਜ਼ੀ ਤਰੀਕੇ ਨਾਲ ਇਸ ਲਈ ਵਾਇਰਲ ਕੀਤਾ ਗਿਆ ਕਿਉਂਕਿ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਅਤੇ ਰਾਜਵੀਰ ਜਵੰਦਾ ਦੋਵਾਂ ਨੂੰ ਅੰਤਿਮ ਸੰਸਕਾਰ ਤੋਂ ਪਹਿਲਾਂ ਲਾਲ ਰੰਗ ਦੀ ਪੱਗ ਬੰਨ੍ਹੀ ਗਈ ਸੀ। ਇਸ ਵੀਡੀਓ ਦੀ ਸੱਚਾਈ ਰਾਜਵੀਰ ਜਵੰਦਾ ਦੇ ਪਿੰਡ ਦੇ ਸ਼ਹੀਦ ਏ ਆਜ਼ਮ ਭਗਤ ਸਿੰਘ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਮਾਸਟਰ ਗੁਰਮੀਤ ਸਿੰਘ ਨੇ ਵੀ ਸਪੱਸ਼ਟ ਕੀਤੀ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਹ ਵੀਡੀਓ ਇੱਕ ਪੁਲਸ ਜਵਾਨ ਦੇ ਅੰਤਿਮ ਸੰਸਕਾਰ ਦਾ ਹੈ ਅਤੇ ਬੋਲਣ ਵਾਲੀ ਔਰਤ ਉਸ ਜਵਾਨ ਦੀ ਪਤਨੀ ਹੈ।
ਕਾਂਸਟੇਬਲ ਅੰਮ੍ਰਿਤਪਾਲ ਦੀ ਸ਼ਹਾਦਤ
ਕਾਂਸਟੇਬਲ ਅੰਮ੍ਰਿਤਪਾਲ ਸਿੰਘ 17 ਮਾਰਚ 2024 ਨੂੰ ਮੁਕੇਰੀਆਂ ਵਿੱਚ ਗੈਂਗਸਟਰ ਸੁਖਵਿੰਦਰ ਸਿੰਘ ਉਰਫ ਰਾਣਾ ਮਨਸੂਰਪੁਰੀਆ ਨਾਲ ਹੋਏ ਮੁਕਾਬਲੇ ਵਿੱਚ ਸ਼ਹੀਦ ਹੋ ਗਏ ਸਨ। 18 ਮਾਰਚ ਨੂੰ ਉਨ੍ਹਾਂ ਦੇ ਜੱਦੀ ਪਿੰਡ ਜੰਡੋਰ (ਦਸੂਹਾ, ਹੋਸ਼ਿਆਰਪੁਰ) ਵਿੱਚ ਰਾਜਕੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਮਸ਼ਹੂਰ Singer ਦੀ ਮੌਤ ਮਾਮਲੇ 'ਚ 2 ਲੋਕ ਗ੍ਰਿਫਤਾਰ
ਜਵੰਦਾ ਦੀ ਮੌਤ ਦਾ ਮਾਮਲਾ ਹਾਈਕੋਰਟ ਪਹੁੰਚਿਆ
ਇਸੇ ਦੌਰਾਨ ਰਾਜਵੀਰ ਜਵੰਦਾ ਦੀ ਅਵਾਰਾ ਪਸ਼ੂਆਂ ਕਾਰਨ ਹੋਈ ਮੌਤ ਦਾ ਮਾਮਲਾ ਹਿਮਾਚਲ ਹਾਈ ਕੋਰਟ ਤੱਕ ਪਹੁੰਚ ਗਿਆ ਹੈ। ਐਡਵੋਕੇਟ ਨਵਕਿਰਨ ਸਿੰਘ ਨੇ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਸਰਕਾਰ ਆਮ ਲੋਕਾਂ ਤੋਂ ਕਾਓ ਸੈੱਸ ਵਸੂਲ ਰਹੀ ਹੈ, ਪਰ ਪਸ਼ੂਆਂ ਦੀ ਦੇਖਭਾਲ ਜਾਂ ਪ੍ਰਬੰਧਨ ਲਈ ਕੋਈ ਠੋਸ ਪ੍ਰਬੰਧ ਨਹੀਂ ਹਨ, ਜਿਸ ਕਾਰਨ ਲੋਕ ਹਾਦਸਿਆਂ ਵਿੱਚ ਆਪਣੀਆਂ ਜਾਨਾਂ ਗੁਆ ਰਹੇ ਹਨ। ਹਾਈ ਕੋਰਟ ਨੇ ਇਸ ਮਾਮਲੇ ਵਿੱਚ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।