ਗੁਰਨਾਮ ਭੁੱਲਰ ਤੇ ਈਸ਼ਾ ਮਾਲਵੀਆ ਦੀ ਫ਼ਿਲਮ ‘ਇਸ਼ਕਾਂ ਦੇ ਲੇਖੇ’ ਨੂੰ ਦਰਸ਼ਕਾਂ ਵਲੋਂ ਮਿਲਿਆ ਭਰਪੂਰ ਪਿਆਰ

Saturday, Mar 07, 2026 - 11:55 AM (IST)

ਗੁਰਨਾਮ ਭੁੱਲਰ ਤੇ ਈਸ਼ਾ ਮਾਲਵੀਆ ਦੀ ਫ਼ਿਲਮ ‘ਇਸ਼ਕਾਂ ਦੇ ਲੇਖੇ’ ਨੂੰ ਦਰਸ਼ਕਾਂ ਵਲੋਂ ਮਿਲਿਆ ਭਰਪੂਰ ਪਿਆਰ

ਜਲੰਧਰ (ਬਿਊਰੋ)– ਪੰਜਾਬੀ ਫ਼ਿਲਮ ਇੰਡਸਟਰੀ ’ਚ ਇਕ ਹੋਰ ਰੋਮਾਂਟਿਕ ਤੇ ਜਜ਼ਬਾਤੀ ਫ਼ਿਲਮ ਦਰਸ਼ਕਾਂ ਦੇ ਸਾਹਮਣੇ ਆਈ ਹੈ, ਜਿਸ ਦਾ ਨਾਂ ਹੈ ‘ਇਸ਼ਕਾਂ ਦੇ ਲੇਖੇ’। ਇਸ ਫ਼ਿਲਮ ’ਚ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਤੇ ਅਦਾਕਾਰਾ ਈਸ਼ਾ ਮਾਲਵੀਆ ਮੁੱਖ ਭੂਮਿਕਾਵਾਂ ’ਚ ਨਜ਼ਰ ਆ ਰਹੇ ਹਨ। ‘ਇਸ਼ਕਾਂ ਦੇ ਲੇਖੇ’ ਫ਼ਿਲਮ 6 ਮਾਰਚ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ ਤੇ ਰਿਲੀਜ਼ ਤੋਂ ਬਾਅਦ ਦਰਸ਼ਕਾਂ ਵਲੋਂ ਇਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

‘ਇਸ਼ਕਾਂ ਦੇ ਲੇਖੇ’ ਫ਼ਿਲਮ ਦਾ ਨਿਰਦੇਸ਼ਨ ਮਨਵੀਰ ਬਰਾੜ ਨੇ ਕੀਤਾ ਹੈ, ਜਦਕਿ ਇਸ ਦੀ ਕਹਾਣੀ, ਸਕ੍ਰੀਨਪਲੇ ਤੇ ਡਾਇਲਾਗ ਜੱਸੀ ਲੋਹਕਾ ਵਲੋਂ ਲਿਖੇ ਗਏ ਹਨ। ਇਸ ਫ਼ਿਲਮ ਨੂੰ ਗੁਰਨਾਮ ਭੁੱਲਰ ਨੇ ਪ੍ਰੋਡਿਊਸ ਕੀਤਾ ਹੈ ਤੇ ਇਸ ਦੇ ਐਗਜ਼ੀਕਿਊਟਿਵ ਪ੍ਰੋਡਿਊਸਰ ਜਸਵਿੰਦਰ ਲਹਿਰੀ ਹਨ।

‘ਇਸ਼ਕਾਂ ਦੇ ਲੇਖੇ’ ਫ਼ਿਲਮ ਦੀ ਕਹਾਣੀ ਰੋਮਾਂਸ ਤੇ ਜਜ਼ਬਾਤਾਂ ਨਾਲ ਭਰਪੂਰ ਹੈ। ਇਸ ’ਚ ਪਿਆਰ ਦੇ ਰਿਸ਼ਤੇ ਨੂੰ ਇਕ ਨਵੀਂ ਪਰਿਭਾਸ਼ਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਫ਼ਿਲਮ ਦੇ ਕਈ ਦ੍ਰਿਸ਼ ਅਜਿਹੇ ਹਨ, ਜੋ ਦਰਸ਼ਕਾਂ ਨੂੰ ਭਾਵੁਕ ਕਰ ਦਿੰਦੇ ਹਨ ਤੇ ਕਈ ਪਲਾਂ ’ਚ ਦਰਸ਼ਕਾਂ ਦੀਆਂ ਅੱਖਾਂ ਵੀ ਨਮ ਹੋ ਜਾਂਦੀਆਂ ਹਨ।

ਇਸ ਫ਼ਿਲਮ ’ਚ ਗੁਰਨਾਮ ਭੁੱਲਰ ਤੇ ਈਸ਼ਾ ਮਾਲਵੀਆ ਪਹਿਲੀ ਵਾਰ ਇਕੱਠੇ ਸਕ੍ਰੀਨ ਸਾਂਝੀ ਕਰਦੇ ਨਜ਼ਰ ਆ ਰਹੇ ਹਨ। ਪੰਜਾਬੀ ਦਰਸ਼ਕਾਂ ਲਈ ਇਹ ਜੋੜੀ ਕਾਫ਼ੀ ਨਵੀਂ ਤੇ ਤਾਜ਼ਗੀ ਭਰੀ ਮਹਿਸੂਸ ਹੋ ਰਹੀ ਹੈ। ਖ਼ਾਸ ਗੱਲ ਇਹ ਵੀ ਹੈ ਕਿ ਈਸ਼ਾ ਮਾਲਵੀਆ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ, ਜਿਸ ਨਾਲ ਉਨ੍ਹਾਂ ਨੇ ਪੰਜਾਬੀ ਸਿਨੇਮਾ ’ਚ ਆਪਣੀ ਸ਼ੁਰੂਆਤ ਕੀਤੀ ਹੈ।

‘ਇਸ਼ਕਾਂ ਦੇ ਲੇਖੇ’ ਫ਼ਿਲਮ ’ਚ ਰਾਣਾ ਰਣਬੀਰ, ਮਿੰਟੂ ਕੱਪਾ, ਬਲਵਿੰਦਰ ਬੁਲਟ, ਗੁਰਲੀਨ ਚੋਪੜਾ, ਗੁਰਪ੍ਰੀਤ ਰੰਧਾਵਾ, ਜਸਬੀਰ ਗਿੱਲ, ਮੋਹਨੀ ਤੂਰ, ਬਾਬਰ ਖ਼ਾਨ, ਕਵੀ ਸਿੰਘ, ਸ਼ਨਾਇਆ ਖੰਨਾ, ਮਨਿੰਦਰ ਵੇਲੀ, ਅਰਸ਼ਦੀਪ ਕੌਰ ਭੱਟੀ, ਡੈਵੀ ਸਿੰਘ, ਸਿਰਤ ਪ੍ਰੀਤ, ਰੰਗ ਹਰਜਿੰਦਰ, ਪੁਸ਼ਪਕ ਚੌਂਟਾ, ਹੇਜ਼ਲ ਸਪਰਾ ਤੇ ਅਰਸ਼ਦੀਪ ਸਿੰਘ ਗਿੱਲ ਵੀ ਅਹਿਮ ਕਿਰਦਾਰਾਂ ’ਚ ਨਜ਼ਰ ਆ ਰਹੇ ਹਨ।

ਕੁਲ ਮਿਲਾ ਕੇ ਇਹ ਫ਼ਿਲਮ ਰੋਮਾਂਸ, ਜਜ਼ਬਾਤ ਤੇ ਪਰਿਵਾਰਕ ਮੁੱਲਾਂ ਨਾਲ ਭਰਪੂਰ ਹੈ, ਜੋ ਦਰਸ਼ਕਾਂ ਦੇ ਦਿਲ ਨੂੰ ਛੂਹਣ ’ਚ ਕਾਮਯਾਬ ਹੋ ਰਹੀ ਹੈ।


author

Rahul Singh

Content Editor

Related News