ਮਿਥੁਨ ਚੱਕਰਵਰਤੀ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਨਿਕਲੀ ਝੂਠੀ, ਕਿਹਾ 'ਮੈਂ ਛੁੱਟੀਆਂ ਮਨਾਂ ਰਿਹਾ ਹਾਂ'
Tuesday, Apr 27, 2021 - 04:52 PM (IST)
ਨਵੀਂ ਦਿੱਲੀ (ਬਿਊਰੋ) : ਕੋਰੋਨਾ ਵਾਇਰਸ ਦੀ ਦੂਜੀ ਲਹਿਰ 'ਚ ਆਮ ਲੋਕਾਂ ਦੇ ਨਾਲ-ਨਾਲ ਕਈ ਸਿਤਾਰੇ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਟੀ. ਵੀ. ਅਤੇ ਬਾਲੀਵੁੱਡ ਇੰਡਸਟਰੀ ਦੇ ਕਈ ਨਾਮੀ ਚਿਹਰੇ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਚੁੱਕੇ ਹਨ। ਇਸੇ ਦੌਰਾਨ ਹਾਲ ਹੀ 'ਚ ਖ਼ਬਰ ਆਈ ਸੀ ਕਿ ਬਾਲੀਵੁੱਡ ਦਿੱਗਜ ਅਦਾਕਾਰ ਤੇ ਰਾਜਨੇਤਾ ਮਿਥੁਨ ਚੱਕਰਵਰਤੀ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਹਨ ਅਤੇ ਉਨ੍ਹਾਂ ਨੇ ਘਰ ਹੀ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਪਰ ਹੁਣ ਅਦਾਕਾਰ ਮਿਥੁਨ ਦੇ ਬੇਟੇ ਮਹਾਅਕਸ਼ੈ ਚੱਕਰਵਰਤੀ ਨੇ ਇਨ੍ਹਾਂ ਖ਼ਬਰਾਂ ਨੂੰ ਝੂਠਾ ਤੇ ਮਹਿਜ਼ ਅਫਵਾਹ ਦੱਸਿਆ ਹੈ। ਇਕ ਬਿਆਨ ਜਾਰੀ ਕਰ ਕੇ ਮਹਾਅਕਸ਼ੈ ਨੇ ਦੱਸਿਆ ਕਿ ਮਿਥੁਨ ਕੋਵਿਡ ਪਾਜ਼ੇਟਿਵ ਨਹੀਂ ਹਨ ਅਤੇ ਉਹ ਪੂਰੀ ਤਰ੍ਹਾਂ ਸਿਹਤਮੰਦ ਹਨ।
ਮਹਾਅਕਸ਼ੈ ਨੇ ਬਿਆਨ 'ਚ ਆਖੀਆਂ ਇਹ ਗੱਲਾਂ
ਖ਼ਬਰਾਂ ਮੁਤਾਬਕ ਮਹਾਅਕਸ਼ੈ ਨੇ ਆਪਣੇ ਬਿਆਨ 'ਚ ਕਿਹਾ ਪਾਪਾ ਬਿਲਕੁੱਲ ਠੀਕ ਹਨ। ਉਹ ਫਿਲਹਾਲ ਇਕ ਸ਼ੋਅ ਲਈ ਬੰਗਾਲ ਦੇ ਲੋਕਾਂ ਲਈ ਕੰਮ ਕਰ ਰਹੇ ਹਨ। ਰੱਬ ਦੀ ਕ੍ਰਿਪਾ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਪਿਆਰ-ਦੁਆਵਾਂ ਕਾਰਨ ਉਹ ਪੂਰੀ ਤਰ੍ਹਾਂ ਨਾਲ ਠੀਕ ਹਨ। ਉਹ ਹਰ ਦਿਨ ਬਹੁਤ ਮਿਹਨਤ ਕਰ ਰਹੇ ਹਨ, ਪਾਜ਼ੇਟਿਵ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ। ਸਿਰਫ ਕੋਵਿਡ ਪਾਜ਼ੇਟਿਵ ਹੋਣ 'ਤੇ ਹੀ ਨਹੀਂ, ਅਸੀਂ ਉਂਝ ਵੀ ਸਾਰੇ ਨਿਰਦੇਸ਼ਾਂ ਦੀ ਚੰਗੀ ਤਰ੍ਹਾਂ ਨਾਲ ਪਾਲਣਾ ਕਰਨਾ ਚਾਹੀਦਾ ਹੈ। ਇਹ ਇਕ ਯੁੱਧ ਹੈ ਤੇ ਅਸੀਂ ਇਸ ਮਹਾਮਾਰੀ ਤੋਂ ਹਾਰ ਨਹੀਂ ਸਕਦੇ।
The news of #MithunChakraborty testing positive for #COVID19 is incorrect. The veteran actor is healthy and cleared the rumour, “After an extensive campaigning for more than a month, I am enjoying my holiday with my favourite food Beuli Dal and Aloo Posto.” pic.twitter.com/thaJAg9Mrn
— Filmfare (@filmfare) April 27, 2021
350 ਤੋਂ ਵੱਧ ਫ਼ਿਲਮਾਂ 'ਚ ਕਰ ਚੁੱਕੇ ਕੰਮ
70 ਸਾਲ ਦੇ ਮਿਥੁਨ ਚੱਕਰਵਰਤੀ ਨੇ ਆਪਣੇ ਪੂਰੇ ਕਰੀਅਰ ’ਚ 350 ਤੋਂ ਵੱਧ ਫ਼ਿਲਮਾਂ ਕੀਤੀਆਂ ਹਨ। ਇਨ੍ਹਾਂ ’ਚ ਹਿੰਦੀ ਤੋਂ ਇਲਾਵਾ ਬੰਗਾਲੀ, ਉੜੀਆ, ਭੋਜਪੁਰੀ, ਤਾਮਿਲ, ਤੇਲਗੂ ਤੇ ਕੰਨੜ ਭਾਸ਼ਾ ਦੀਆਂ ਫ਼ਿਲਮਾਂ ਵੀ ਸ਼ਾਮਲ ਹਨ। ਫ਼ਿਲਮ ‘ਮ੍ਰਿਗਯਾ’ ਨਾਲ ਉਨ੍ਹਾਂ ਨੇ 1976 ’ਚ ਆਪਣਾ ਫ਼ਿਲਮੀ ਸਫਰ ਸ਼ੁਰੂ ਕੀਤਾ ਸੀ।
2 ਦਿਨ ਪਹਿਲਾ ਕੋਵਿਡ ਪ੍ਰੋਟੋਕਾਲ ਤੋੜਨ ਦਾ ਲੱਗਾ ਸੀ ਦੋਸ਼
ਦੋ ਦਿਨ ਪਹਿਲਾਂ ਹੀ ਮਿਥੁਨ ਚੱਕਰਵਰਤੀ ’ਤੇ ਕੋਵਿਡ ਪ੍ਰੋਟੋਕਾਲ ਤੋੜਨ ਦਾ ਦੋਸ਼ ਲੱਗਾ ਸੀ। ਤ੍ਰਿਣਮੂਲ ਕਾਂਗਰਸ ਦੀ ਨੇਤਾ ਸੌਗਤਾ ਰਾਏ ਨੇ ਦਾਅਵਾ ਕੀਤਾ ਸੀ ਕਿ ਬੀ. ਜੇ. ਪੀ. ਨੇਤਾ ਦਿਲੀਪ ਘੋਸ਼ ਤੇ ਮਿਥੁਨ ਚੱਕਰਵਰਤੀ ਨੇ ਕੋਵਿਡ ਨਿਯਮਾਂ ਨੂੰ ਦਰਕਿਨਾਰ ਕਰਕੇ 500 ਤੋਂ ਵੱਧ ਲੋਕਾਂ ਨੂੰ ਇਕੱਠਾ ਕਰਕੇ ਮੀਟਿੰਗਾਂ ਕੀਤੀਆਂ ਹਨ। ਇਸ ਮਾਮਲੇ ’ਚ ਉਸ ਨੇ ਚੋਣ ਕਮਿਸ਼ਨ ’ਚ ਵੀ ਸ਼ਿਕਾਇਤ ਕੀਤੀ ਸੀ ਤੇ ਕਾਰਵਾਈ ਦੀ ਮੰਗ ਕੀਤੀ ਸੀ।
2 ਮਹੀਨੇ ਪਹਿਲਾ ਫੜਿਆ ਸੀ ਭਾਰਤੀ ਜਨਤਾ ਪਾਰਟੀ ਦਾ ਲੜ
ਮਿਥੁਨ ਚੱਕਰਵਰਤੀ ਨੇ ਦੋ ਮਹੀਨੇ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਦਾ ਲੜ ਫੜਿਆ ਹੈ। ਕੋਲਕਾਤਾ ਦੇ ਬ੍ਰਿਗੇਡ ਗਰਾਊਂਡ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਰੈਲੀ ਤੋਂ ਠੀਕ ਪਹਿਲਾਂ ਬੀ. ਜੇ. ਪੀ. ’ਚ ਸ਼ਾਮਲ ਹੋਣ ਤੋਂ ਬਾਅਦ ਮਿਥੁਨ ਨੇ ਕਿਹਾ ਸੀ, ‘ਮੈਂ ਜੋਲਧਰਾ ਜਾਂ ਬੇਲੇਬੋਰਾ ਸੱਪ ਨਹੀਂ ਹਾਂ, ਮੈਂ ਕੋਬਰਾ ਹਾਂ। ਇਕ ਡੰਗ ’ਚ ਹੀ ਕੰਮ ਤਮਾਮ ਕਰ ਦੇਵਾਂਗਾ।’
ਨਕਸਲਵਾਦ ਤੋਂ ਦੂਰੀ ਬਣਾ ਕੇ ਕੀਤਾ ਬਾਲੀਵੁੱਡ ਦਾ ਰੁਖ਼
ਸਟੇਜ ਤੋਂ ਮਿਥੁਨ ਨੇ ਆਪਣੀਆਂ ਫ਼ਿਲਮਾਂ ਦੇ ਕਈ ਮਸ਼ਹੂਰ ਡਾਇਲਾਗਸ ਵੀ ਸੁਣਾਏ ਸਨ, ਜਿਨ੍ਹਾਂ ’ਚ ਉਨ੍ਹਾਂ ਦਾ ਮਸ਼ਹੂਰ ਡਾਇਲਾਗ ‘ਮਾਰੂੰਗਾ ਯਹਾਂ, ਲਾਸ਼ ਗਿਰੇਗੀ ਸ਼ਮਸ਼ਾਨ ਮੇਂ’ ਵੀ ਸ਼ਾਮਲ ਸੀ। ਕੈਮਿਸਟਰੀ ’ਚ ਗ੍ਰੈਜੂਏਟ ਮਿਥੁਨ ਫ਼ਿਲਮਾਂ ’ਚ ਆਉਣ ਤੋਂ ਪਹਿਲਾਂ ਨਕਸਲੀ ਵਿਚਾਰਧਾਰਾ ਦੇ ਸਨ। ਪਰਿਵਾਰ ਦੇ ਦਬਾਅ ’ਚ ਉਨ੍ਹਾਂ ਨੇ ਨਕਸਲਵਾਦ ਤੋਂ ਦੂਰੀ ਬਣਾਈ ਤੇ ਬਾਲੀਵੁੱਡ ਦਾ ਰੁਖ਼ ਕੀਤਾ।