ਮੰਦਿਰਾ ਬੇਦੀ ਨੇ ਪਰਿਵਾਰ ਖ਼ਿਲਾਫ਼ ਜਾ ਕੇ ਕੀਤਾ ਸੀ ਰਾਜ ਕੌਸ਼ਲ ਨਾਲ ਵਿਆਹ, ਦੇਖੋ ਯਾਦਗਾਰ ਤਸਵੀਰਾਂ
Wednesday, Jun 30, 2021 - 05:34 PM (IST)
ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਦਿਹਾਂਤ ਹੋ ਗਿਆ ਹੈ। ਰਾਜ ਕੌਸ਼ਲ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਅਜਿਹੀ ਸਥਿਤੀ ਵਿਚ ਪੂਰੀ ਫ਼ਿਲਮ ਇੰਡਸਟਰੀ ਵਿਚ ਸੋਗ ਦੀ ਲਹਿਰ ਹੈ। ਖ਼ਾਸਕਰ ਮੰਦਿਰਾ ਨੂੰ ਸੰਭਾਲਣਾ ਇਸ ਸਮੇਂ ਪਰਿਵਾਰ ਲਈ ਵੱਡੀ ਚੁਣੌਤੀ ਸਾਬਤ ਹੋ ਰਿਹਾ ਹੈ। ਮੰਦਿਰਾ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ।
ਦੱਸ ਦੇਈਏ ਕਿ ਮੰਦਿਰਾ ਨੇ ਪਰਿਵਾਰ ਦੀ ਮਰਜ਼ੀ ਖ਼ਿਲਾਫ਼ ਰਾਜ ਕੌਸ਼ਲ ਨਾਲ ਵਿਆਹ ਕਰਵਾਇਆ ਸੀ। ਦੋਹਾਂ ਦੇ ਵਿਆਹ ਨੂੰ 22 ਸਾਲ ਹੋਏ ਸਨ। ਰਾਜ ਕੌਸ਼ਲ ਅਤੇ ਮੰਦਿਰਾ ਬੇਦੀ ਦੇ ਦੋ ਬੱਚੇ ਹਨ।
ਮੰਦਿਰਾ ਬੇਦੀ ਅਤੇ ਰਾਜ ਕੌਸ਼ਲ ਦੀ ਪਹਿਲੀ ਮੁਲਾਕਾਤ 1996 ਵਿਚ ਮੁਕੁਲ ਆਨੰਦ ਦੇ ਘਰ ਹੋਈ ਸੀ। ਉਥੇ ਮੰਦਿਰਾ ਆਡੀਸ਼ਨ ਲਈ ਪਹੁੰਚੀ ਸੀ ਅਤੇ ਰਾਜ ਮੁਕੁਲ ਆਨੰਦ ਦੇ ਸਹਾਇਕ ਵਜੋਂ ਕੰਮ ਕਰ ਰਹੇ ਸਨ। ਇਥੋਂ ਹੀ ਦੋਵਾਂ ਦੇ ਪਿਆਰ ਦੀ ਸ਼ੁਰੂਆਤ ਹੋਈ।
ਮੰਦਿਰਾ ਬੇਦੀ ਨੇ ਰਾਜ ਕੌਸ਼ਲ ਨਾਲ 14 ਫਰਵਰੀ 1999 ਨੂੰ ਵਿਆਹ ਕਰਵਾਇਆ ਸੀ। ਦਰਅਸਲ ਮੰਦਿਰਾ ਦੇ ਮਾਪੇ ਚਾਹੁੰਦੇ ਸਨ ਕਿ ਉਹ ਕਿਸੇ ਫ਼ਿਲਮ ਨਿਰਦੇਸ਼ਕ ਨਾਲ ਵਿਆਹ ਕਰਵਾਏ ਪਰ ਦੋਵਾਂ ਦੇ ਪਿਆਰ ਅੱਗੇ ਕਿਸੇ ਦੀ ਨਹੀਂ ਚਲੀ।
ਰਾਜ ਕੌਸ਼ਲ ਪੇਸ਼ੇ ਤੋਂ ਇੱਕ ਨਿਰਮਾਤਾ ਅਤੇ ਸਟੰਟ ਨਿਰਦੇਸ਼ਕ ਸੀ। ਰਾਜ ਕੌਸ਼ਲ ਨੇ ਬਤੌਰ ਅਭਿਨੇਤਾ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।
ਰਾਜ ਕੌਸ਼ਲ ਨੇ ਆਪਣੇ ਕਰੀਅਰ ਦੀਆਂ ਤਿੰਨ ਫ਼ਿਲਮਾਂ, 'ਪਿਆਰ ਮੇਂ ਕਭੀ ਕਭੀ', 'ਸ਼ਾਦੀ ਕਾ ਲੱਡੂ' ਅਤੇ 'ਐਂਥਨੀ ਕੌਨ ਹੈ' ਦਾ ਨਿਰਦੇਸ਼ਨ ਕੀਤਾ ਹੈ।