...ਜਦੋਂ ਪੂਰਨ ਸ਼ਾਹਕੋਟੀ ਦਾ ਗਾਣਾ ਸੁਣ ਹੰਸ ਰਾਜ ਹੰਸ ਨੂੰ ਪੈ ਗਈ ਸੀ 'ਗਸ਼', ਖੁਦ ਸੁਣਾਇਆ ਕਿੱਸਾ (ਵੀਡੀਓ)
Wednesday, Jan 07, 2026 - 06:13 PM (IST)
ਜਲੰਧਰ (ਰਮਨਦੀਪ ਸਿੰਘ ਸੋਢੀ) : ਪਦਮ ਸ਼੍ਰੀ ਹੰਸ ਰਾਜ ਹੰਸ ਨੇ ਆਪਣੇ ਗੁਰੂ ਅਤੇ ਮਾਰਗਦਰਸ਼ਕ ਉਸਤਾਦ ਪੂਰਨ ਸ਼ਾਹਕੋਟੀ ਜੀ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਹ ਹੁਣ ਖ਼ੁਦ ਨੂੰ 'ਯਤੀਮ' ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪੂਰੀ ਦੁਨੀਆ ਵਿੱਚ ਉਨ੍ਹਾਂ ਦਾ ਇੱਕੋ-ਇੱਕ ਆਸਰਾ ਉਨ੍ਹਾਂ ਦੇ ਉਸਤਾਦ ਜੀ ਸਨ, ਜੋ ਸੰਗੀਤ ਦਾ ਇੱਕ ਅਜਿਹਾ ਕਿਲਾ ਸਨ ਜੋ ਹੁਣ ਢਹਿ-ਢੇਰੀ ਹੋ ਗਿਆ ਹੈ।
ਇਹ ਵੀ ਪੜ੍ਹੋ: ਜਲਦ ਹੀ ਵਿਆਹ ਕਰਾਵੇਗੀ ਇਹ ਮਸ਼ਹੂਰ ਅਦਾਕਾਰਾ ! ਸੋਸ਼ਲ ਮੀਡੀਆ 'ਤੇ ਕੀਤਾ ਐਲਾਨ
ਯਮਲਾ ਜੱਟ ਨੇ ਦਿਖਾਇਆ ਸੀ ਰਾਹ, ਪਹਿਲੀ ਵਾਰ ਸੁਣ ਕੇ ਪੈ ਗਈ ਸੀ 'ਗਸ਼'
ਹੰਸ ਰਾਜ ਹੰਸ ਨੇ ਆਪਣੀ ਸ਼ਾਗਿਰਦੀ ਦੇ ਸਫ਼ਰ ਨੂੰ ਯਾਦ ਕਰਦਿਆਂ ਦੱਸਿਆ ਕਿ ਉਹ ਪਹਿਲਾਂ ਯਮਲਾ ਜੱਟ ਜੀ ਦੇ ਸ਼ਾਗਿਰਦ ਬਣਨਾ ਚਾਹੁੰਦੇ ਸਨ, ਪਰ ਯਮਲਾ ਜੱਟ ਜੀ ਨੇ ਉਨ੍ਹਾਂ ਨੂੰ ਇਹ ਕਹਿ ਕੇ ਸ਼ਾਹਕੋਟੀ ਸਾਹਿਬ ਕੋਲ ਭੇਜ ਦਿੱਤਾ ਕਿ "ਤੈਨੂੰ ਤਰਾਸ਼ਣ ਲਈ ਜਲੰਧਰ ਵਿੱਚ ਸ਼ਾਹਕੋਟੀ ਸਾਹਿਬ ਬੈਠੇ ਹਨ"। ਜਦੋਂ ਉਨ੍ਹਾਂ ਨੇ ਪਹਿਲੀ ਵਾਰ ਬਸਤੀ ਦਾਨਿਸ਼ਮੰਦਾਂ ਵਿੱਚ ਸ਼ਾਹਕੋਟੀ ਸਾਹਿਬ ਨੂੰ 'ਦਮਾਂ ਦਮ ਮਸਤ ਕਲੰਦਰ' ਗਾਉਂਦਿਆਂ ਸੁਣਿਆ, ਤਾਂ ਉਨ੍ਹਾਂ ਨੂੰ ਗਸ਼ ਪੈ ਗਈ ਸੀ ਅਤੇ ਉਦੋਂ ਹੀ ਉਨ੍ਹਾਂ ਨੇ ਜ਼ਿੱਦ ਫੜ ਲਈ ਸੀ ਕਿ ਹੁਣ ਇਸੇ ਜੋਗੀ ਦੇ ਨਾਲ ਜਾਣਾ ਹੈ।
ਇਹ ਵੀ ਪੜ੍ਹੋ: ਜਲਦ ਹੀ OTT 'ਤੇ ਦਸਤਕ ਦੇਵੇਗੀ 'ਧੁਰੰਦਰ' ! ਜਾਣੋ ਕਦੋਂ ਤੇ ਕਿੱਥੇ ਹੋਵੇਗੀ ਰਿਲੀਜ਼
ਲੱਡੂਆਂ ਦੀ ਥਾਂ ਪਤਾਸਿਆਂ ਨਾਲ ਹੋਈ ਸੀ ਸ਼ਾਗਿਰਦੀ ਦੀ ਰਸਮ
ਹੰਸ ਜੀ ਨੇ ਦੱਸਿਆ ਕਿ ਜਦੋਂ ਉਹ ਸ਼ਾਗਿਰਦ ਬਣੇ ਤਾਂ ਉਨ੍ਹਾਂ ਕੋਲ ਲੱਡੂ ਲਿਆਉਣ ਲਈ ਵੀ ਪੈਸੇ ਨਹੀਂ ਸਨ। ਪਿੰਡ ਵਿੱਚ ਇੱਕ ਬੇਰੀ ਦੇ ਹੇਠਾਂ ਪਤਾਸਿਆਂ ਅਤੇ ਇੱਕ ਪੱਗ ਨਾਲ 'ਗੰਢਾ ਬੰਨ੍ਹ' ਦੀ ਰਸਮ ਹੋਈ ਸੀ। ਮੇਰੇ ਪਿਤਾ ਜੀ ਨੇ ਮੈਨੂੰ ਅਤੇ ਮੇਰੇ ਉਸਤਾਦ ਨੂੰ ਇਕ-ਦੂਜੇ ਦੇ ਮੂੰਹ ਵਿੱਚ ਨਮਕ ਪਾਉਣ ਦੀ ਹਦਾਇਤ ਕੀਤੀ ਅਤੇ ਕਿਹਾ ਸੀ ਕਿ ਹੁਣ ਇਹ ਰਿਸ਼ਤਾ ਉਮਰ ਭਰ ਨਿਭਾਉਣਾ ਹੈ। ਉਸਤਾਦ ਜੀ ਦੀ ਸਖ਼ਤੀ ਬਾਰੇ ਗੱਲ ਕਰਦਿਆਂ ਹੰਸ ਰਾਜ ਹੰਸ ਨੇ ਇੱਕ ਕਿੱਸਾ ਸਾਂਝਾ ਕੀਤਾ ਕਿ ਮਹਿਤਪੁਰ ਵਿੱਚ ਇੱਕ ਲਾਈਵ ਕਵਾਲੀ ਦੌਰਾਨ ਜਦੋਂ ਉਨ੍ਹਾਂ ਨੇ ਤਿੰਨ ਵਾਰ ਗਲਤ ਸੁਰ ਲਗਾਇਆ, ਤਾਂ ਉਸਤਾਦ ਜੀ ਨੇ ਸਾਰਿਆਂ ਦੇ ਸਾਹਮਣੇ ਉਨ੍ਹਾਂ ਦੇ ਸਿਰ ਵਿੱਚ ਹਲਕੀ ਹਥੋੜੀ ਮਾਰੀ ਸੀ। ਉਨ੍ਹਾਂ ਕਿਹਾ ਕਿ ਉਹ ਸਾਰੀ ਉਮਰ ਉਸਤਾਦ ਦੇ ਚਰਨਾਂ ਵਿੱਚ ਬੈਠ ਕੇ ਹੀ ਖੁਸ਼ ਰਹੇ ਅਤੇ ਉਨ੍ਹਾਂ ਦੇ ਜੋੜੇ ਸਾਫ਼ ਕਰਨਾ ਹੀ ਆਪਣੀ ਖੁਸ਼ਕਿਸਮਤੀ ਸਮਝਿਆ।
ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਗਾਇਕ ਖਿਲਾਫ ਦਰਜ ਹੋਈ FIR, ਜਾਣੋ ਪੂਰਾ ਮਾਮਲਾ
ਮਾਸਟਰ ਸਲੀਮ ਨਾਲ ਅਨੋਖਾ ਰਿਸ਼ਤਾ
ਇੱਕ ਦਿਲਚਸਪ ਖੁਲਾਸਾ ਕਰਦਿਆਂ ਹੰਸ ਰਾਜ ਨੇ ਦੱਸਿਆ ਕਿ ਉਸਤਾਦ ਪੂਰਨ ਸ਼ਾਹਕੋਟੀ ਦੇ ਬੇਟੇ ਮਾਸਟਰ ਸਲੀਮ ਉਨ੍ਹਾਂ ਦੇ ਸ਼ਾਗਿਰਦ ਹਨ। ਜਦੋਂ ਸਲੀਮ ਦਾ ਜਨਮ ਹੋਇਆ ਸੀ, ਤਾਂ ਹੰਸ ਰਾਜ ਨੇ ਹੀ ਉਨ੍ਹਾਂ ਦਾ ਨਾਮ 'ਸਲੀਮ ਸ਼ਹਿਜ਼ਾਦਾ' ਰੱਖਿਆ ਸੀ। ਬਾਅਦ ਵਿੱਚ ਵੱਡੇ ਉਸਤਾਦਾਂ ਦੇ ਹੁਕਮ 'ਤੇ ਸਲੀਮ ਨੂੰ ਹੰਸ ਰਾਜ ਹੰਸ ਦਾ ਸ਼ਾਗਿਰਦ ਬਣਾਇਆ ਗਿਆ, ਹਾਲਾਂਕਿ ਹੰਸ ਰਾਜ ਉਨ੍ਹਾਂ ਨੂੰ ਅੱਜ ਵੀ ਆਪਣਾ 'ਖਲੀਫਾ' ਹੀ ਮੰਨਦੇ ਹਨ।
ਇਹ ਵੀ ਪੜ੍ਹੋ: Ex-Wife ਦੇ ਪਿਆਰ 'ਚ ਮੁੜ 'ਲੱਟੂ' ਹੋਇਆ ਮਸ਼ਹੂਰ ਅਦਾਕਾਰ ! 47 ਦੀ ਉਮਰ ਮੁੜ ਚੜ੍ਹੇਗਾ ਘੋੜੀ
ਸਿਆਸਤ ਨੂੰ ਕਹਿਣਗੇ ਅਲਵਿਦਾ
ਸਿਆਸਤ ਬਾਰੇ ਗੱਲ ਕਰਦਿਆਂ ਹੰਸ ਰਾਜ ਹੰਸ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਉਸਤਾਦ ਉਨ੍ਹਾਂ ਦੇ ਸਿਆਸਤ ਵਿੱਚ ਜਾਣ ਦੇ ਸਖ਼ਤ ਖ਼ਿਲਾਫ਼ ਸਨ। ਉਨ੍ਹਾਂ ਮੰਨਿਆ ਕਿ ਲੋਕ ਉਨ੍ਹਾਂ ਨੂੰ ਇੱਕ ਸਿਆਸਤਦਾਨ ਵਜੋਂ ਪਸੰਦ ਨਹੀਂ ਕਰਦੇ, ਇਸ ਲਈ ਹੁਣ ਉਹ ਸਿਆਸਤ ਤੋਂ ਸੰਨਿਆਸ ਲੈ ਕੇ ਆਪਣਾ ਬਾਕੀ ਜੀਵਨ ਸਿਰਫ਼ ਸੁਰ, ਸੰਗੀਤ ਅਤੇ ਅਧਿਆਤਮ ਨੂੰ ਸਮਰਪਿਤ ਕਰਨਾ ਚਾਹੁੰਦੇ ਹਨ। ਉਹ ਹੁਣ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੇ ਮਾਰਗਦਰਸ਼ਨ ਹੇਠ ਆਪਣੀ ਜੀਵਨ ਜਾਂਚ ਬਤੀਤ ਕਰ ਰਹੇ ਹਨ।
