''ਮੈਂ ਸਿਰਫ਼ ਸ਼ਹਿਰ ਬਦਲਿਆ ਹੈ, ਫਿਲਮ ਬਣਾਉਣਾ ਨਹੀਂ ਛੱਡਿਆ''; ਅਨੁਰਾਗ ਕਸ਼ਯਪ ਦਾ Trollers ਨੂੰ ਕਰਾਰਾ ਜਵਾਬ

Friday, Apr 18, 2025 - 05:11 PM (IST)

''ਮੈਂ ਸਿਰਫ਼ ਸ਼ਹਿਰ ਬਦਲਿਆ ਹੈ, ਫਿਲਮ ਬਣਾਉਣਾ ਨਹੀਂ ਛੱਡਿਆ''; ਅਨੁਰਾਗ ਕਸ਼ਯਪ ਦਾ Trollers ਨੂੰ ਕਰਾਰਾ ਜਵਾਬ

ਨਵੀਂ ਦਿੱਲੀ (ਏਜੰਸੀ)- ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਉਨ੍ਹਾਂ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ, ਜੋ ਮੰਨਦੇ ਹਨ ਕਿ ਉਹ ਹੁਣ ਫਿਲਮ ਇੰਡਸਟਰੀ ਤੋਂ ਦੂਰ ਹੋ ਗਏ ਹਨ। ਕਸ਼ਯਪ ਨੇ ਕਿਹਾ ਕਿ ਉਹ ਸ਼ਾਹਰੁਖ ਖਾਨ ਨਾਲੋਂ ਜ਼ਿਆਦਾ ਵਿਅਸਤ ਹਨ ਅਤੇ ਇਸ ਸਾਲ ਉਨ੍ਹਾਂ ਦੀਆਂ 5 ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਕਸ਼ਯਪ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਉਹ ਮੁੰਬਈ ਛੱਡ ਕੇ ਦੱਖਣੀ ਭਾਰਤ ਦੇ ਸ਼ਹਿਰ ਵਿੱਚ ਵਸਣ ਜਾ ਰਹੇ ਹਨ। ਉਨ੍ਹਾਂ ਨੇ ਆਪਣੀ ਤਾਜ਼ਾ ਸੋਸ਼ਲ ਮੀਡੀਆ ਪੋਸਟ ਵਿੱਚ ਟ੍ਰੋਲਰਜ਼ ਨੂੰ ਕਰਾਰਾ ਜਵਾਬ ਦਿੱਤਾ।

ਪ੍ਰਸਿੱਧ ਫਿਲਮਕਾਰ ਕਸ਼ਯਪ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ ਵਿੱਚ ਲਿਖਿਆ, "ਮੈਂ ਸਿਰਫ਼ ਸ਼ਹਿਰ ਬਦਲਿਆ ਹੈ, ਫਿਲਮ ਬਣਾਉਣਾ ਨਹੀਂ ਛੱਡਿਆ। ਜੋ ਲੋਕ ਸੋਚਦੇ ਹਨ ਕਿ ਮੈਂ ਨਿਰਾਸ਼ ਹੋ ਚੁੱਕਾ ਹਾਂ ਤਾਂ ਮੈਂ ਦੱਸ ਦਵਾਂ ਕਿ ਮੈਂ ਇੱਥੇ ਹੀ ਹਾਂ ਅਤੇ ਮੈਂ ਸ਼ਾਹਰੁਖ ਖਾਨ ਨਾਲੋਂ ਜ਼ਿਆਦਾ ਵਿਅਸਤ ਹਾਂ (ਅਤੇ ਮੈਨੂੰ ਹੋਣਾ ਵੀ ਚਾਹੀਦਾ ਹੈ, ਕਿਉਂਕਿ ਮੈਂ ਓਨੇ ਪੈਸੇ ਨਹੀਂ ਕਮਾਉਂਦਾ)। ਮੇਰੇ ਕੋਲ 2028 ਤੱਕ ਸਮਾਂ ਨਹੀਂ ਹੈ। ਉਮੀਦ ਹੈ ਕਿ ਇਸ ਸਾਲ ਮੇਰੇ ਦੁਆਰਾ ਨਿਰਦੇਸ਼ਤ 5 ਫਿਲਮਾਂ ਪ੍ਰਦਰਸ਼ਿਤ ਹੋਣਗੀਆਂ ਜਾਂ 3 ਹੁਣ ਅਤੇ 2 ਅਗਲੇ ਸਾਲ ਦੇ ਸ਼ੁਰੂ ਵਿੱਚ ਰਿਲੀਜ਼ ਹੋਣਗੀਆਂ। ਮੈਂ ਇੰਨਾ ਵਿਅਸਤ ਹਾਂ ਕਿ ਇੱਕ ਦਿਨ ਵਿੱਚ 3 ਪ੍ਰੋਜੈਕਟਾਂ ਨੂੰ ਠੁਕਰਾ ਦਿੰਦਾ ਹਾਂ।" ਕਸ਼ਯਪ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ 'ਕੈਨੇਡੀ' (2023) ਦਾ ਪ੍ਰੀਮੀਅਰ ਕਾਨਸ ਫਿਲਮ ਫੈਸਟੀਵਲ ਵਿੱਚ ਹੋਇਆ ਸੀ। ਇਸ ਫਿਲਮ ਵਿੱਚ ਮੇਘਾ ਬਰਮਨ, ਸੰਨੀ ਲਿਓਨ ਅਤੇ ਰਾਹੁਲ ਭੱਟ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ ਅਜੇ ਤੱਕ ਸਿਨੇਮਾਘਰਾਂ ਵਿੱਚ ਰਿਲੀਜ਼ ਨਹੀਂ ਹੋਈ ਹੈ। ਉਹ 2024 ਵਿੱਚ 'ਮਹਾਰਾਜਾ' ਅਤੇ 'ਰਾਈਫਲ ਕਲੱਬ' ਵਰਗੀਆਂ ਫਿਲਮਾਂ ਵਿੱਚ ਇੱਕ ਅਦਾਕਾਰ ਵਜੋਂ ਨਜ਼ਰ ਆਏ ਸਨ।


author

cherry

Content Editor

Related News