ਬਹੁਤ ਜ਼ਰੂਰੀ ਹੈ ''ਹੱਕ'' ਦਾ ਸਹੀ ਮਤਲਬ ਸਮਝਣਾ : ਯਾਮੀ ਗੌਤਮ

Thursday, Nov 13, 2025 - 10:45 AM (IST)

ਬਹੁਤ ਜ਼ਰੂਰੀ ਹੈ ''ਹੱਕ'' ਦਾ ਸਹੀ ਮਤਲਬ ਸਮਝਣਾ : ਯਾਮੀ ਗੌਤਮ

ਮੁੰਬਈ- ਇਮਰਾਨ ਹਾਸ਼ਮੀ ਅਤੇ ਯਾਮੀ ਗੌਤਮ ਦੀ ਜੋੜੀ ਨੇ ਪਰਦੇ ’ਤੇ ਆਉਂਦਿਆਂ ਹੀ ਧਮਾਲ ਮਚਾ ਦਿੱਤੀ ਹੈ। ਇਕ ਵੱਖਰੇ ਵਿਸ਼ੇ ’ਤੇ ਬਣੀ ਉਨ੍ਹਾਂ ਦੀ ਫਿਲਮ ‘ਹੱਕ’ 7 ਨਵੰਬਰ ਨੂੰ ਰਿਲੀਜ਼ ਹੋਈ ਹੈ ਤੇ ਇਸ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਫਿਲਮ ਇਕ ਅਜਿਹੀ ਮੁਸਲਿਮ ਔਰਤ ਬਾਰੇ ਹੈ, ਜੋ ਆਪਣੇ ਪਤੀ ਖ਼ਿਲਾਫ਼ ਆਪਣੇ ਬੱਚਿਆਂ ਦੀ ਖ਼ਾਤਰ ਅਦਾਲਤ ਵਿਚ ਆਪਣੇ ਹੱਕ ਲਈ ਲੜਦੀ ਹੈ। ਫਿਲਮ ਰਾਹੀਂ ਯਾਮੀ ਗੌਤਮ ਨਾ ਸਿਰਫ਼ ਇਕ ਕਹਾਣੀ ਕਹਿੰਦੀ ਹੈ ਸਗੋਂ ਔਰਤਾਂ ਦੀ ਆਵਾਜ਼ ਨੂੰ ਹੋਰ ਬੁਲੰਦ ਕਰਦੀ ਹੈ। ਫਿਲਮ ਦਾ ਨਿਰਦੇਸ਼ਨ ਸੁਪਰਨ ਵਰਮਾ ਨੇ ਕੀਤਾ। ਫਿਲਮ ਬਾਰੇ ਯਾਮੀ ਗੌਤਮ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ ...

ਪ੍ਰ. ਇੰਨਾ ਪਿਆਰ ਅਤੇ ਇੰਨਾ ਹਾਂ-ਪੱਖੀ ਹੁੰਗਾਰਾ ਮਿਲਣ ’ਤੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?

-ਇਹੋ ਸੋਚ ਰਹੀ ਹਾਂ ਕਿ ਕਿਵੇਂ ਐਕਸਪ੍ਰੈੱਸ ਕਰਾਂ। ਇਕ ਕਲਾਕਾਰ ਲਈ ਸਹੀ ਮਾਇਨੇ ’ਚ ਪ੍ਰਮਾਣਿਕਤਾ ਇਹੋ ਹੁੰਦੀ ਹੈ, ਜਦੋਂ ਦਰਸ਼ਕ ਤੁਹਾਡੀ ਪ੍ਰਸ਼ੰਸਾ ਕਰਦੇ ਹਨ, ਤੁਹਾਨੂੰ ਅਪਣਾਉਂਦੇ ਹਨ ਅਤੇ ਤੁਹਾਨੂੰ ਦਿਲੋਂ ਪਿਆਰ ਕਰਦੇ ਹਨ। ਜਦੋਂ ਕੋਈ ਕੰਪਲੀਮੈਂਟ ਦਿਲੋਂ ਦਿੱਤਾ ਜਾਂਦਾ ਹੈ ਤਾਂ ਬਹੁਤ ਵਧੀਆ ਮਹਿਸੂਸ ਹੁੰਦਾ ਹੈ।

ਪ੍ਰ. ਕੋਈ ਅਜਿਹਾ ਕੁਮੈਂਟ ਜਾਂ ਮੈਸੇਜ ਆਇਆ, ਜੋ ਤੁਹਾਡੇ ਦਿਲ ਨੂੰ ਛੂਹ ਗਿਆ ਹੋਵੇ?

-ਬਹੁਤ ਸਾਰੇ ਅਜਿਹੇ ਕੁਮੈਂਟ ਹਨ, ਜਿਨ੍ਹਾਂ ਨੂੰ ਮੈਂ ਕੋਟ ਨਹੀਂ ਕਰ ਸਕਦੀ। ਕਈ ਵਾਰ ਫਿਲਮ ਜਾਂ ਕਿਰਦਾਰ ਦੇਖਣ ਤੋਂ ਬਾਅਦ ਫੀਲਿੰਗ ਆਈ, ਕੋਈ ਪਰਸਨਲੀ ਕੁਝ ਇਹੋ ਜਿਹੀ ਗੱਲ ਕਹਿ ਜਾਂਦਾ ਹੈ ਕਿ ਉਹ ਇਕ ਇਮੋਸ਼ਨ ਬਣ ਜਾਂਦੀ ਹੈ ਅਤੇ ਉਹ ਫਿਲਮ ਇਕ ਦਰਜਾ ਪ੍ਰਾਪਤ ਕਰ ਲੈਂਦੀ ਹੈ। ਮੈਨੂੰ ਲੱਗਦਾ ਹੈ ਕਿ ‘ਹੱਕ’ ਨਾਲ ਵੀ ਲੋਕ ਅਜਿਹਾ ਹੀ ਮਹਿਸੂਸ ਕਰ ਰਹੇ ਹਨ। ਮੈਂ ਹਮੇਸ਼ਾ ਇਸ ਸਮੇਂ ਨੂੰ ਯਾਦ ਰੱਖਾਂਗੀ।

ਪ੍ਰ. ‘ਹੱਕ’ ਇਕ ਬਹੁਤ ਮਜ਼ਬੂਤ ਸ਼ਬਦ ਹੈ। ਇਸ ਨੂੰ ਆਪਣੀ ਜ਼ਿੰਦਗੀ ’ਚ ਕਿਵੇਂ ਸਮਝਦੇ ਹੋ?

-ਬਹੁਤ ਜ਼ਰੂਰੀ ਹੈ ਇਸ ਦਾ ਸਹੀ ਅਰਥ ਸਮਝਣਾ। ‘ਹੱਕ’ ਨਾਲ ਤੁਹਾਡੀ ਇਕ ਜ਼ਿੰਮੇਵਾਰੀ ਵੀ ਆਉਂਦੀ ਹੈ ਤੇ ਫ਼ਰਜ਼ ਵੀ। ਮੇਰਾ ਮੰਨਣਾ ਹੈ ਕਿ ਜੇ ਜ਼ਿੰਦਗੀ ’ਚ ਕੁਝ ਕਰਨ ਦੀ ਮੇਰੀ ਕੋਈ ਇੱਛਾ ਰਹੀ ਹੈ ਤਾਂ ਇਹ ਮੇਰਾ ਹੱਕ ਹੈ। ਜੇ ਮੈਂ ਇਸ ਨੂੰ ਆਪਣੇ ਕੰਮ ਨਾਲ ਜੋੜਾਂ ਤਾਂ ਇਸ ਤਰ੍ਹਾਂ ਦੀ ਭੂਮਿਕਾ ਪ੍ਰਾਪਤ ਕਰਨਾ ਜਾਂ ਅਜਿਹਾ ਕੰਮ ਕਰਨਾ ਜਾਂ ਅਜਿਹੀਆਂ ਫਿਲਮਾਂ ਦਾ ਹਿੱਸਾ ਬਣਨਾ ਮੇਰਾ ਹੱਕ ਹੈ ਤੇ ਇਸ ਨਾਲ ਹੀ ਇਕ ਸੰਘਰਸ਼ ਵੀ ਹੈ ਤੇ ਸਖ਼ਤ ਮਿਹਨਤ ਵੀ ਬਹੁਤ ਜ਼ਰੂਰੀ ਹੈ। ਮੈਨੂੰ ਲੱਗਦਾ ਹੈ ਕਿ ਹੱਕ ਸਿਰਫ਼ ਹੱਕ ਨਹੀਂ , ਉਹ ਆਪਣੇ ਨਾਲ ਬਹੁਤ ਭਾਰ ਵੀ ਲੈ ਕੇ ਚੱਲਦਾ ਹੈ।

ਪ੍ਰ. ਜਦੋਂ ਇਹ ਫਿਲਮ ਤੁਹਾਡੇ ਕੋਲ ਆਈ ਤਾਂ ਕਿਰਦਾਰ ਬਾਰੇ ਜਾਣਨ ਤੋਂ ਬਾਅਦ ਤੁਹਾਡੀ ਪਹਿਲੀ ਪ੍ਰਤੀਕਿਰਿਆ ਕੀ ਸੀ?

-ਜਦੋਂ ਵੀ ਮੈਂ ਕੋਈ ਫਿਲਮ ਕਰਦੀ ਹਾਂ ਤਾਂ ਉਹ ਪਹਿਲੀ ਵਾਰ ’ਚ ਹੀ ਪਸੰਦ ਆ ਜਾਂਦੀ ਹੈ ਅਤੇ ਫਿਲਮ ਨਾਲ ਜੁੜਨ ਦਾ ਵੀ ਇਕ ਪ੍ਰੋਸੈੱਸ ਹੁੰਦਾ ਹੈ ਅਤੇ ਉਸ ’ਚ ਕੁਝ ਅਜਿਹੀਆਂ ਚੀਜ਼ਾਂ ਵੀ ਹੁੰਦੀਆਂ ਹਨ, ਜਿਨ੍ਹਾਂ ਵੱਲ ਤੁਸੀਂ ਆਪਣਾ ਨਜ਼ਰੀਆ ਵੀ ਰੱਖ ਸਕਦੇ ਹੋ ਕਿਉਂਕਿ ਜਿਵੇਂ-ਜਿਵੇਂ ਇਕ ਅਦਾਕਾਰ ਕੋਈ ਕਿਰਦਾਰ ਕਰਨ ਲੱਗਦਾ ਹੈ, ਤਾਂ ਉਹ ਉਸ ਨੂੰ ਸਮਝਣ ਲੱਗਦਾ ਹੈ। ਫਿਰ ਜਦੋਂ ਬਹੁਤ ਸਾਰੀਆਂ ਚੀਜ਼ਾਂ ਮਿਲ ਗਈਆਂ, ਫਿਰ ਤੁਹਾਨੂੰ ਇਮੇਜਿਨ ਕਰਨਾ ਹੈ ਉਸ ਕਿਰਦਾਰ ਬਾਰੇ ਕਿ ਤੁਸੀਂ ਕਿਵੇਂ ਗੱਲ ਕਰੋਗੇ, ਕਿਵੇਂ ਸੋਚੋਗੇ ਅਤੇ ਤੁਹਾਡੀ ਇਮੋਸ਼ਨਲ ਇੰਟੈਲੀਜੈਂਸ ਕੀ ਹੈ? ਤਾਂ ਉਹ ਪ੍ਰੋਸੈੱਸ ਮੇਰੇ ਲਈ ਬਹੁਤ ਜ਼ਰੂਰੀ ਹੈ।

ਕਿਰਦਾਰ ਨਾਲ ਹੁੰਦਾ ਹੈ ਭਾਵਨਾਤਮਕ ਸਫ਼ਰ

ਪ੍ਰ. ਜਦੋਂ ਤੁਸੀਂ ਕੋਈ ਕਿਰਦਾਰ ਨਿਭਾਅ ਰਹੇ ਹੁੰਦੇ ਹੋ ਤਾਂ ਕੀ ਕਦੇ ਅਜਿਹਾ ਹੋਇਆ ਕਿ ਉਸ ਤੋਂ ਨਿਕਲਣਾ ਮੁਸ਼ਕਲ ਹੋਇਆ ਹੋਵੇ?

-ਅਦਾਕਾਰ ਦੀ ਉਸ ਕਿਰਦਾਰ ਨਾਲ ਇਕ ਭਾਵਨਾਤਮਕ ਯਾਤਰਾ ਹੁੰਦੀ ਹੈ ਅਤੇ ਸਾਡਾ ਕੰਮ ਹੈ ਉਸ ਕਿਰਦਾਰ ਨੂੰ ਫੜੀ ਰੱਖਣਾ। ਮੈਨੂੰ ਪ੍ਰੋਸੈੱਸ ਪਤਾ ਨਹੀਂ ਕਿ ਇਸ ਨੂੰ ਕਿਵੇਂ ਡਿਫਾਈਨ ਕਰਨਾ ਹੈ ਪਰ ਮੈਂ ਹੋਮਵਰਕ ਬਹੁਤ ਕਰਦੀ ਹਾਂ। ਮੈਂ ਆਪਣੇ ਕਿਰਦਾਰ ਅਤੇ ਆਪਣੀ ਸਕ੍ਰਿਪਟ ’ਤੇ ਬਹੁਤ ਮਿਹਨਤ ਕਰਦੀ ਹਾਂ। ਕਿਰਦਾਰ ਬਾਰੇ ਮੈਂ ਬਹੁਤ ਸੋਚਦੀ ਹਾਂ ਪਰ ਜਦੋਂ ਮੈਂ ਘਰ ਹੁੰਦੀ ਹਾਂ ਤਾਂ ਮੈਂ ਕੁਝ ਹੋਰ ਨਹੀਂ ਸੋਚਦੀ ਪਰ ਖ਼ਿਆਲ ਕਦੇ ਵੀ ਆ ਜਾਂਦਾ ਹੈ ਅਤੇ ਜਦੋਂ ਖ਼ਿਆਲ ਆਉਂਦਾ ਹੈ ਤਾਂ ਮੈਂ ਤੁਰੰਤ ਰਿਕਾਰਡ ਕਰ ਕੇ ਆਪਣੇ ਲੇਖਕ ਨੂੰ ਭੇਜ ਦਿੰਦੀ ਹਾਂ ਤਾਂ ਜੋ ਮੈਂ ਉਸ ਨੂੰ ਭੁੱਲ ਨਾ ਜਾਵਾਂ।

ਪ੍ਰ. ਜਦੋਂ ਤੁਸੀਂ ਬਹੁਤ ਰੁੱਝੇ ਹੁੰਦੇ ਹੋ ਤਾਂ ਕਿਹੜੀ ਅਜਿਹੀ ਚੀਜ਼ ਹੈ, ਜੋ ਤੁਹਾਨੂੰ ਸਕੂਨ ਦਿੰਦੀ ਹੈ?

- ਮੈਨੂੰ ਕੰਮ ਕਰਦੇ ਸਮੇਂ ਜੇ ਇਕ ਕੱਪ ਚਾਹ ਦਾ ਮਿਲ ਜਾਵੇ ਤੇ ਨਾਲ ਹੀ ਕੋਈ ਗਾਣਾ ਵੀ ਚੱਲ ਜਾਵੇ ਤਾਂ ਬਹੁਤ ਚੰਗਾ ਲੱਗਦਾ ਹੈ। ਬਾਕੀ ਜਦੋਂ ਵੀ ਮੈਂ ਆਪਣੇ ਪਰਿਵਾਰ ਨਾਲ ਹੁੰਦੀ ਹਾਂ ਤਾਂ ਮੈਨੂੰ ਉਹ ਸਮਾਂ ਸਭ ਤੋਂ ਵਧੀਆ ਲੱਗਦਾ ਹੈ।

ਪ੍ਰ. ਤੁਸੀਂ ਆਪਣੇ ਇਸ ਸਫ਼ਰ ਨੂੰ ਕਿਵੇਂ ਦੇਖਦੇ ਹੋ ਤੇ ਜੇ ਅਦਾਕਾਰੀ ਦੇ ਸ਼ੁਰੂਆਤੀ ਦਿਨਾਂ ਵਾਲੀ ਯਾਮੀ ਨੂੰ ਕੁਝ ਸਮਝਾਉਣਾ ਹੋਵੇ ਤਾਂ ਕੀ ਸਮਝਾਓਗੇ?

- ਕੁਝ ਚੀਜ਼ਾਂ ਤੁਹਾਨੂੰ ਉਦੋਂ ਹੀ ਸਮਝ ’ਚ ਆਉਂਦੀਆਂ ਹਨ, ਜਦੋਂ ਤੁਸੀਂ ਉੱਥੇ ਪਹੁੰਚ ਜਾਂਦੇ ਹੋ। ਕੋਈ ਫ਼ਾਇਦਾ ਨਹੀਂ ਕਿਸੇ ਨੂੰ ਕੁਝ ਸਮਝਾਉਣ ਦਾ। ਮੈਂ ਸੱਚ ਦੱਸਾਂ ਤਾਂ ਮੇਰੇ ਦਿਮਾਗ਼ ’ਚ ਅਜਿਹਾ ਕੁਝ ਵੀ ਨਹੀਂ ਹੈ। ਮੈਨੂੰ ਇਹ ਵੀ ਨਹੀਂ ਪਤਾ ਕਿ ਮੈਂ ਪੰਜ ਸਾਲ ਬਾਅਦ ਖ਼ੁਦ ਨੂੰ ਕਿੱਥੇ ਦੇਖਦੀ ਹਾਂ। ਪੰਜ ਸਾਲ ਬਾਅਦ ਸ਼ਾਇਦ ਮੇਰਾ ਟੀਚਾ ਕੁਝ ਹੋਰ ਹੋਵੇਗਾ ਕਿਉਂਕਿ ਜੇ ਮੈਂ ਪੰਜ ਸਾਲ ਪਹਿਲਾਂ ਦੀ ਗੱਲ ਕਰਾਂ ਤਾਂ ਮੈਨੂੰ ਨਹੀਂ ਪਤਾ ਸੀ ਕਿ ਅੱਜ ਮੈਂ ਇੱਥੇ ਹੋਵਾਂਗੀ। ਉਮੀਦ ਹੁੰਦੀ ਹੈ ਪਰ ਕਿਵੇਂ ਕੀ ਕਰਨਾ ਹੈ ਉਹ ਪਤਾ ਨਹੀਂ ਹੁੰਦਾ ਪਰ ਮੈਂ ਸੁਪਰਪਾਵਰ ਨੂੰ ਮੰਨਦੀ ਹਾਂ, ਮੈਨੂੰ ਦੁਆਵਾਂ ’ਚ ਬਹੁਤ ਵਿਸ਼ਵਾਸ ਹੈ।

ਪ੍ਰ. ਤੁਸੀਂ ਇਮਰਾਨ ਹਾਸ਼ਮੀ ਨਾਲ ਪਹਿਲੀ ਵਾਰ ਸਕਰੀਨ ਸਾਂਝੀ ਕੀਤੀ ਤਾਂ ਉਨ੍ਹਾਂ ਨਾਲ ਕੰਮ ਕਰਨ ਦਾ ਅਨੁਭਵ ਕਿਵੇਂ ਰਿਹਾ?

-ਬਹੁਤ ਵਧੀਆ। ਉਹ ਬਹੁਤ ਵਧੀਆ ਅਦਾਕਾਰ ਹੋਣ ਦੇ ਨਾਲ ਹੀ ਬਹੁਤ ਵਧੀਆ ਕਲਾਕਾਰ ਵੀ ਹਨ। ਮੈਨੂੰ ਬਹੁਤ ਪਸੰਦ ਹੈ ਜਦੋਂ ਕੋਈ ਸਮੇਂ ਦੀ ਕਦਰ ਕਰਦਾ ਹੈ। ਉਨ੍ਹਾਂ ਦਾ ਅਤੇ ਮੇਰਾ ਵੇਵਲੈਂਥ ਇੱਕੋ ਜਿਹਾ ਹੈ ਫਿਰ ਭਾਵੇਂ ਉਹ ਕੰਮ ਕਰਨ ਦਾ ਤਰੀਕਾ ਹੋਵੇ ਜਾਂ ਆਪਣੀ ਸਕ੍ਰਿਪਟ ਨੂੰ ਧਿਆਨ ਨਾਲ ਪੜ੍ਹਨਾ, ਆਪਣਾ ਕਿਰਦਾਰ ਜਾਣਨਾ, ਆਪਣੀਆਂ ਲਾਈਨਾਂ ਜਾਣਨਾ ਤੇ ਡਿਸਕਸ ਕਰਨਾ। ਅਜਿਹਾ ਨਹੀਂ ਹੈ ਕਿ ਅਸੀਂ ਪਹਿਲਾਂ ਕਦੇ ਮਿਲੇ ਸੀ ਜਾਂ ਪਹਿਲਾਂ ਕਦੇ ਕੰਮ ਕੀਤਾ ਸੀ ਪਰ ਇਹ ਸਮਝ ’ਚ ਆਉਂਦਾ ਹੈ ਕਿ ਕਿਸ ਦਾ ਕੰਮ ਕਰਨ ਦਾ ਤਰੀਕਾ ਕੀ ਹੈ। ਉਨ੍ਹਾਂ ਦਾ ਵੀ ਕੰਮ ਕਰਨ ਦਾ ਤਰੀਕਾ ਬਹੁਤ ਸਰਲ ਹੈ, ਬਿਲਕੁਲ ਮੇਰੇ ਵਾਂਗ।


author

cherry

Content Editor

Related News