''''47 ਸਾਲਾਂ ਤੋਂ ਕਰ ਰਹੇ ਸੀ ਇਸ ਖ਼ਬਰ ਦਾ ਇੰਤਜ਼ਾਰ..!'''', ਖਾਮਨੇਈ ਦੀ ਮੌਤ ਮਗਰੋਂ ਮਸ਼ਹੂਰ ਅਦਾਕਾਰਾ ਨੇ ਕੀਤਾ ਖੁਸ਼ੀ ਦਾ ਇਜ਼ਹਾਰ
Sunday, Mar 01, 2026 - 11:13 AM (IST)
ਮਨੋਰੰਜਨ ਡੈਸਕ- ਮਿਡਲ ਈਸਟ 'ਚ ਜਾਰੀ ਭਿਆਨਕ ਜੰਗ ਦੌਰਾਨ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਦੀ ਰਾਜਧਾਨੀ ਤੇਹਰਾਨ ਸਣੇ ਕਈ ਸ਼ਹਿਰਾਂ 'ਤੇ ਕੀਤੇ ਗਏ ਜ਼ਬਰਦਸਤ ਹਮਲਿਆਂ 'ਚ ਈਰਾਨ ਦੇ ਸੁਪਰੀਮ ਲੀਡਰ ਖਾਮੇਨੇਈ ਦੀ ਮੌਤ ਹੋ ਗਈ ਹੈ। ਈਰਾਨੀ ਫੌਜ ਨੇ ਇਸ ਖ਼ਬਰ ਦੀ ਪੁਸ਼ਟੀ ਕਰ ਦਿੱਤੀ ਹੈ, ਜਿਸ ਤੋਂ ਬਾਅਦ ਪੂਰੇ ਦੇਸ਼ 'ਚ ਸਰਕਾਰੀ ਸੋਗ ਦਾ ਐਲਾਨ ਕੀਤਾ ਗਿਆ ਹੈ।
ਜਿੱਥੇ ਇਕ ਪਾਸੇ ਈਰਾਨ 'ਚ ਸੋਗ ਦਾ ਮਾਹੌਲ ਹੈ, ਉੱਥੇ ਹੀ ਦੂਜੇ ਪਾਸੇ ਕਈ ਲੋਕਾਂ ਵੱਲੋਂ ਇਸ ਮੌਤ 'ਤੇ ਜਸ਼ਨ ਮਨਾਉਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਬਾਲੀਵੁੱਡ 'ਚ ਕੰਮ ਕਰ ਰਹੀ ਈਰਾਨੀ ਅਦਾਕਾਰਾ ਐਲਨਾਜ਼ ਨੌਰੋਜ਼ੀ ਨੇ ਸੋਸ਼ਲ ਮੀਡੀਆ 'ਤੇ ਇਸ ਖ਼ਬਰ 'ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਐਲਨਾਜ਼ ਨੇ ਇੰਸਟਾਗ੍ਰਾਮ 'ਤੇ ਸਟੋਰੀ ਪੋਸਟ ਕਰਦਿਆਂ ਲਿਖਿਆ, "ਸਾਡੇ ਲਈ ਇਹ ਸਭ ਤੋਂ ਅਦਭੁਤ ਖ਼ਬਰ ਹੈ। ਜਿਸ ਖ਼ਬਰ ਦਾ ਅਸੀਂ 47 ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸੀ, ਉਹ ਆ ਗਈ ਹੈ। ਖਾਮੇਨੇਈ ਮਰ ਗਿਆ ਹੈ। ਪ੍ਰਮਾਤਮਾ ਸਭ ਤੋਂ ਵੱਡਾ ਹੈ"। ਉਸਨੇ ਇਸ ਖ਼ਬਰ ਨੂੰ ਸਾਂਝਾ ਕਰਦੇ ਹੋਏ 'ਥੈਂਕਿਊ' ਲਿਖਿਆ ਅਤੇ ਖੁਸ਼ੀ ਵਾਲੇ ਇਮੋਜੀ ਵੀ ਪਾਏ।

ਐਲਨਾਜ਼ ਨੇ ਇਕ ਵੀਡੀਓ ਰਾਹੀਂ ਆਪਣਾ ਦਰਦ ਸਾਂਝਾ ਕਰਦਿਆਂ ਕਿਹਾ ਕਿ ਜੇਕਰ ਇਸ ਜੰਗ 'ਚ ਕਿਸੇ ਆਮ ਨਾਗਰਿਕ ਦੀ ਜਾਨ ਜਾਂਦੀ ਹੈ, ਤਾਂ ਇਸਦੀ ਪੂਰੀ ਜ਼ਿੰਮੇਵਾਰੀ ਈਰਾਨ ਸਰਕਾਰ ਦੀ ਹੋਵੇਗੀ। ਉਸ ਅਨੁਸਾਰ ਇਹ ਸਰਕਾਰ ਪਿਛਲੇ 47 ਸਾਲਾਂ ਤੋਂ ਈਰਾਨੀ ਲੋਕਾਂ 'ਤੇ ਜ਼ੁਲਮ ਕਰ ਰਹੀ ਸੀ। ਜ਼ਿਕਰਯੋਗ ਹੈ ਕਿ ਖਾਮੇਨੇਈ ਦੇ ਰਾਜ 'ਚ ਔਰਤਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਸਨ, ਜਿਵੇਂ ਕਿ ਹਿਜਾਬ ਪਹਿਨਣਾ ਲਾਜ਼ਮੀ ਹੋਣਾ, ਕੰਮ 'ਤੇ ਜਾਣ ਅਤੇ ਬਾਹਰ ਨਿਕਲਣ 'ਤੇ ਰੋਕ। ਇਨ੍ਹਾਂ ਪਾਬੰਦੀਆਂ ਖ਼ਿਲਾਫ਼ ਈਰਾਨੀ ਔਰਤਾਂ ਲੰਬੇ ਸਮੇਂ ਤੋਂ ਅੰਦੋਲਨ ਕਰ ਰਹੀਆਂ ਸਨ।
ਵਰਤਮਾਨ 'ਚ ਅਮਰੀਕਾ ਅਤੇ ਇਜ਼ਰਾਈਲ ਮਿਲ ਕੇ ਈਰਾਨ 'ਤੇ ਹਮਲੇ ਕਰ ਰਹੇ ਹਨ, ਜਿਸ ਦੇ ਜਵਾਬ 'ਚ ਈਰਾਨ ਵੱਲੋਂ ਵੀ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਦਾਕਾਰਾ ਐਲਨਾਜ਼ ਦਾ ਮੰਨਣਾ ਹੈ ਕਿ ਇਹ ਜੰਗ ਸਰਕਾਰ ਦੀ ਜ਼ਿੱਦ ਦਾ ਨਤੀਜਾ ਹੈ, ਜਿਸ ਕਾਰਨ ਆਮ ਲੋਕਾਂ ਦੀਆਂ ਜਾਨਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਕਈ ਅਜਿਹੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਈਰਾਨੀ ਔਰਤਾਂ ਨੂੰ ਖੁਸ਼ੀ ਵਿੱਚ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ।
