ਸਲਮਾਨ ਖਾਨ ਦੀ ਫਿਲਮ ਸਿਕੰਦਰ ਤੇ ਪ੍ਰਿਥਵੀਰਾਜ ਸੁਕੁਮਾਰਨ ਦੀ ਫਿਲਮ ਐਮਪੂਰਨ ਵਿਚਾਲੇ ਹੋਵੇਗੀ ਟੱਕਰ
Wednesday, Mar 26, 2025 - 02:37 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦੀ ਫਿਲਮ ਸਿਕੰਦਰ ਅਤੇ ਦੱਖਣੀ ਭਾਰਤੀ ਫਿਲਮਾਂ ਦੇ ਸੁਪਰਸਟਾਰ ਪ੍ਰਿਥਵੀਰਾਜ ਸੁਕੁਮਾਰਨ ਦੀ ਫਿਲਮ ਐਮਪੁਰਾਣ ਵਿਚਕਾਰ ਬਾਕਸ ਆਫਿਸ 'ਤੇ ਸਖ਼ਤ ਮੁਕਾਬਲਾ ਵੇਖਣ ਨੂੰ ਮਿਲੇਗਾ। ਫਿਲਮ ਸਿਕੰਦਰ ਅਤੇ ਐਮਪੁਰਾਣ 30 ਮਾਰਚ ਨੂੰ ਈਦ 'ਤੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਸਲਮਾਨ ਖਾਨ ਆਪਣੀ ਜ਼ਬਰਦਸਤ ਐਕਸ਼ਨ ਐਂਟਰਟੇਨਰ ਸਿਕੰਦਰ ਨਾਲ ਵੱਡੇ ਪਰਦੇ 'ਤੇ ਹਲਚਲ ਮਚਾਉਣ ਆ ਰਹੇ ਹਨ। ਫਿਲਮ ਸਿਕੰਦਰ ਨੂੰ ਏ. ਆਰ. ਮੁਰੂਗਦਾਸ ਨੇ ਨਿਰਦੇਸ਼ਤ ਕੀਤਾ ਹੈ ਅਤੇ ਫਿਲਮ ਦਾ ਨਿਰਮਾਣ ਸਾਜਿਦ ਨਾਡੀਆਡਵਾਲਾ ਨੇ ਕੀਤਾ ਹੈ।
ਪਰ ਇਸੇ ਦਿਨ, ਪ੍ਰਿਥਵੀਰਾਜ ਸੁਕੁਮਾਰਨ ਅਤੇ ਮੋਹਨ ਲਾਲ ਦੀ ਫਿਲਮ "ਐਮਪੁਰਾਣ" ਵੀ ਰਿਲੀਜ਼ ਹੋ ਰਹੀ ਹੈ। ਇਸ ਤਰ੍ਹਾਂ ਇਹ ਫਿਲਮ ਸਿਕੰਦਰ ਨਾਲ ਮੁਕਾਬਲਾ ਕਰਨ ਜਾ ਰਹੀ ਹੈ। ਹਾਲ ਹੀ ਵਿੱਚ ਐਮਪੁਰਾਣ ਦੀ ਪ੍ਰੈਸ ਕਾਨਫਰੰਸ ਵਿੱਚ, ਪ੍ਰਿਥਵੀਰਾਜ ਸੁਕੁਮਾਰਨ ਨੇ ਸਲਮਾਨ ਖਾਨ ਅਤੇ ਉਨ੍ਹਾਂ ਦੀ ਫਿਲਮ ਸਿਕੰਦਰ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ, ਸਿਕੰਦਰ ਇੱਕ ਬਹੁਤ ਵੱਡੀ ਫਿਲਮ ਹੈ। ਸਲਮਾਨ ਸਰ ਇਸ ਦੇਸ਼ ਦੇ ਸਭ ਤੋਂ ਵੱਡੇ ਸੁਪਰਸਟਾਰਾਂ ਵਿੱਚੋਂ ਇੱਕ ਹਨ ਅਤੇ ਹਮੇਸ਼ਾ ਵਾਂਗ, ਇਸ ਵਾਰ ਵੀ ਉਹ ਈਦ 'ਤੇ ਇੱਕ ਵਧੀਆ ਫਿਲਮ ਲੈ ਕੇ ਆ ਰਹੇ ਹਨ, ਮੈਂ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਇਹ ਫਿਲਮ ਇੱਕ ਬਲਾਕਬਸਟਰ ਬਣੇ। ਉਨ੍ਹਾਂ ਦਰਸ਼ਕਾਂ ਨੂੰ ਕਿਹਾ, ਮੈਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ ਜੇਕਰ ਤੁਸੀਂ ਪਹਿਲਾਂ 11 ਵਜੇ ਸਿਕੰਦਰ ਦੇਖੋ ਅਤੇ ਫਿਰ 1 ਵਜੇ ਐਮਪੁਰਾਣ।