ਕਿਸਾਨਾਂ ਨੂੰ ਅੱਤਵਾਦੀ ਕਹਿਣ ਵਾਲਿਆਂ ਨੂੰ ਵੀਡੀਓ ਸਾਂਝੀ ਕਰ ਗਿੱਪੀ ਗਰੇਵਾਲ ਨੇ ਕੀਤਾ ਠਿੱਠ (ਵੀਡੀਓ)
Thursday, Dec 10, 2020 - 10:31 AM (IST)

ਜਲੰਧਰ (ਬਿਊਰੋ) : ਪਿਛਲੇ ਕੁੱਝ ਦਿਨਾਂ ਤੋਂ ਖ਼ੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਤੇ ਮੋਦੀ ਸਰਕਾਰ ਵਿਚਾਲੇ ਖਿੱਚੋਤਾਨ ਬਣੀ ਹੋਈ ਹੈ। ਕਿਸਾਨ ਲਗਾਤਾਰ ਸਿੰਘੂ ਬਾਰਡਰ 'ਤੇ ਧਰਨਾ ਦੇ ਰਹੇ ਹਨ। ਪੰਜਾਬ ਦਾ ਹਰ ਆਮ ਅਤੇ ਖ਼ਾਸ ਬੰਦਾ ਦੇਸ਼ ਦੇ ਕਿਸਾਨ ਨੂੰ ਆਪਣਾ ਸਮਰਥਨ ਦੇ ਰਿਹਾ ਹੈ। ਗਿੱਪੀ ਗਰੇਵਾਲ ਕੁਝ ਕਾਰਨਾਂ ਕਰਕੇ ਭਾਵੇਂ ਇਸ ਧਰਨੇ 'ਚ ਪਹੁੰਚ ਨਹੀਂ ਸਕੇ ਪਰ ਉਹ ਲਗਾਤਾਰ ਸੋਸ਼ਲ ਮੀਡੀਆ 'ਤੇ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਗਿੱਪੀ ਗਰੇਵਾਲ ਰੋਜ਼ਾਨਾ ਕੋਈ ਨਾ ਕੋਈ ਵੀਡੀਓ ਸਾਂਝੀ ਕਰਕੇ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਸੁੱਤੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ ਕਰ ਰਹੇ ਹਨ। ਇਸ ਸਭ ਦੇ ਚੱਲਦਿਆਂ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਨਵੀਂ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਇਕ ਬਜ਼ੁਰਗ ਕਿਸਾਨ ਉਸ ਗੋਦੀ ਮੀਡੀਆ ਦੀ ਲੱਸੀ ਕਰਦਾ ਨਜ਼ਰ ਆ ਰਿਹਾ ਹੈ, ਜਿਹੜਾ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਅੱਤਵਾਦੀ ਦੱਸ ਰਿਹਾ ਹੈ।
ਇਸ ਵੀਡੀਓ 'ਚ ਬਜ਼ੁਰਗ ਕਿਸਾਨ ਕਹਿੰਦਾ ਹੈ ਕਿ 'ਜੇਕਰ ਸ਼ਾਂਤਮਈ ਤਰੀਕੇ ਨਾਲ ਆਪਣੀ ਗੱਲ ਰੱਖਣ ਵਾਲੇ ਲੋਕ ਅੱਤਵਾਦੀ ਹਨ ਤਾਂ ਹਾਂ ਅਸੀਂ ਅੱਤਵਾਦੀ ਹੀ ਹਾਂ। ਬਜ਼ੁਰਗ ਨੂੰ ਰਿਪੋਟਰ ਇਹ ਵੀ ਕਹਿੰਦਾ ਹੈ ਕਿ ਤੁਸੀ ਕਿਸਾਨ ਨਹੀਂ ਹੋ। ਤਾਂ ਇਸ ਗੱਲ ਦਾ ਜਵਾਬ ਦਿੰਦੇ ਹੋਏ ਬਜ਼ੁਰਗ ਕਹਿੰਦਾ ਹੈ ਕਿ ਮੈਂ ਕਹਿੰਦਾ ਹਾਂ ਕਿ ਸਰਕਾਰ 'ਚ ਕੋਈ ਮੰਤਰੀ ਜਾਂ ਪ੍ਰਧਾਨ ਮੰਤਰੀ ਨਹੀਂ ਹੈ ਜਾਓ।' ਗਿੱਪੀ ਵੱਲੋਂ ਸਾਂਝੀ ਕੀਤੀ ਇਸ ਵੀਡੀਓ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਮੀਕਾ ਸਿੰਘ ਨੇ ਕਿਸਾਨ ਭਰਾਵਾਂ ਲਈ ਕੀਤਾ ਖ਼ਾਸ ਟਵੀਟ
ਸੋਸ਼ਲ ਮੀਡੀਆ 'ਤੇ ਲਗਾਤਾਰ ਟਵੀਟ ਕਰਕੇ ਮੀਕਾ ਸਿੰਘ ਨਾ ਸਿਰਫ਼ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਸਗੋਂ ਹਰ ਉਸ ਸ਼ਖ਼ਸ ਨੂੰ ਆੜੇ ਹੱਥੀਂ ਲੈ ਰਹੇ ਹਨ, ਜਿਹੜਾ ਇਸ ਦੇ ਵਿਰੋਧ 'ਚ ਹੈ। ਹੁਣ ਮੀਕਾ ਸਿੰਘ ਦਾ ਇਕ ਹੋਰ ਟਵੀਟ ਵਾਇਰਲ ਹੋ ਰਿਹਾ ਹੈ। ਮੀਕਾ ਸਿੰਘ ਨੇ ਸਾਰੇ ਕਿਸਾਨਾਂ ਨੂੰ ਸਾਂਤੀ ਬਣਾਈ ਰੱਖਣ ਅਤੇ ਗਲਤ ਭਾਸ਼ਾ ਨਾ ਬੋਲਣ ਦੀ ਅਪੀਲ ਕੀਤੀ ਹੈ। ਗਾਇਕ ਮੁਤਾਬਕ, ਕੁਝ ਲੋਕ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਟਵੀਟ 'ਚ ਮੀਕਾ ਸਿੰਘ ਲਿਖਦੇ ਹਨ, 'ਮੇਰੀ ਸਾਰੇ ਕਿਸਾਨਾਂ ਨੂੰ ਅਪੀਲ ਹੈ ਕਿ ਸਾਂਤੀ ਬਣਾਈ ਰੱਖਣ। ਮੈਂ ਨਹੀਂ ਚਾਹੁੰਦਾ ਕਿ ਕੋਈ ਹੋਰ ਗਲ਼ਤੀ ਕਰੇ ਅਤੇ ਸਾਡੇ ਕਿਸਾਨਾਂ ਨੂੰ ਬੁਰਾ ਬਣਨਾ ਪਵੇ। ਮੈਨੂੰ ਵਿਸ਼ਵਾਸ ਹੈ ਕਿ ਸਰਕਾਰ ਹੱਲ ਕੱਢੇਗੀ। ਪਲੀਜ਼ ਸ਼ਾਂਤੀ ਬਣਾ ਕੇ ਰੱਖੋ।' ਇਕ ਹੋਰ ਟਵੀਟ ਮੀਕਾ ਸਿੰਘ ਨੇ ਸਾਂਝਾ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਕਿਹਾ 'ਵਾਹਿਗੁਰੂ ਮਿਹਰ ਕਰੇ ਰਿਜੈਲਟ ਚੰਗਾ ਹੀ ਹੋਵੇਗਾ।'