ਕਰੋੜਾਂ-ਅਰਬਾਂ ਦੇ ਮਾਲਕ ਦਿਲਜੀਤ ਦੋਸਾਂਝ, ਔਖੇ ਵੇਲੇ ਜਿਗਰੀ ਦੋਸਤ ਦੇ 150 ਰੁਪਏ ਨੇ ਬਦਲ ''ਤੀ ਤਕਦੀਰ
Friday, Dec 27, 2024 - 12:01 PM (IST)
![ਕਰੋੜਾਂ-ਅਰਬਾਂ ਦੇ ਮਾਲਕ ਦਿਲਜੀਤ ਦੋਸਾਂਝ, ਔਖੇ ਵੇਲੇ ਜਿਗਰੀ ਦੋਸਤ ਦੇ 150 ਰੁਪਏ ਨੇ ਬਦਲ ''ਤੀ ਤਕਦੀਰ](https://static.jagbani.com/multimedia/2024_12image_12_01_20184399336.jpg)
ਐਂਟਰਟੇਨਮੈਂਟ ਡੈਸਕ : ਗਲੋਬਲ ਸਟਾਰ ਦਿਲਜੀਤ ਦੋਸਾਂਝ ਨੂੰ ਅੱਜ ਸ਼ੌਹਰਤ ਦੀ ਕੋਈ ਘਾਟ ਨਹੀਂ ਹੈ ਪਰ ਇਸ ਮੁਕਾਮ 'ਤੇ ਪਹੁੰਚਣ ਲਈ ਦਿਲਜੀਤ ਨੂੰ ਬਹੁਤ ਹੀ ਜ਼ਿਆਦਾ ਮਿਹਨਤ ਕਰਨੀ ਪਈ। ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕਈ ਉਤਰਾਅ-ਚੜ੍ਹਾਅ ਵੇਖੇ, ਇਨ੍ਹਾਂ ਦੇ ਬਾਵਜੂਦ ਉਨ੍ਹਾਂ ਨੇ ਆਪਣਾ ਹੌਂਸਲਾ ਨਹੀਂ ਛੱਡਿਆ ਅਤੇ ਅੱਜ ਬੁਲੰਦੀਆਂ ਦੀਆਂ ਸ਼ਿਖਰਾਂ ਨੂੰ ਛੋਹ ਰਿਹਾ ਹੈ। ਲੁਧਿਆਣੇ ਸ਼ਹਿਰ ਨਾਲ ਦਿਲਜੀਤ ਦੀ ਦਿਲੀ ਸਾਂਝ ਹੈ, ਜਿੱਥੇ ਹੀ ਉਹ ਪੜ੍ਹਿਆ-ਲਿਖਿਆ ਤੇ ਵੱਡਾ ਹੋ ਕੇ ਗਾਇਕੀ ਦੀ ਦੁਨੀਆ 'ਚ ਕਦਮ ਰੱਖਿਆ। ਦਿਲਜੀਤ ਦੀਆਂ ਇਸ ਸ਼ਹਿਰ ਨਾਲ ਕਈ ਯਾਦਾਂ ਜੁੜੀਆਂ ਹੋਈਆਂ ਹਨ। ਦਿਲਜੀਤ ਦੇ ਕਈ ਅਜਿਹੇ ਦੋਸਤ ਬਣੇ, ਜੋ ਉਸ ਦੇ ਦਿਲ 'ਚ ਵਸ ਗਏ। ਕਰੋੜਾਂ-ਅਰਬਾਂ ਦਾ ਮਾਲਕ ਦਿਲਜੀਤ ਇਕ ਸਮਾਂ ਇਸੇ ਸ਼ਹਿਰ 'ਚ ਕੁਝ ਰੁਪਿਆਂ ਲਈ ਵੀ ਮੁਹਤਾਜ ਰਿਹਾ। ਹਾਲਾਂਕਿ, ਉਨ੍ਹਾਂ ਦਿਨਾਂ 'ਚ ਜਿਹੜੇ ਦੋਸਤਾਂ ਨੇ ਮਦਦ ਕੀਤੀ, ਉਹ ਉਨ੍ਹਾਂ ਨੂੰ ਕਦੇ ਨਹੀਂ ਭੁੱਲੇ। ਇਨ੍ਹਾਂ 'ਚੋਂ ਇਕ ਅਜਿਹਾ ਦੋਸਤ ਹੈ, ਜੋ ਅੱਜ ਵੀ ਦਿਲਜੀਤ ਦੀਆਂ ਵਾਇਰਲ ਹੋਣ ਵਾਲੀਆਂ ਰੀਲਜ਼ 'ਚ ਉਨ੍ਹਾਂ ਦੇ ਨਾਲ ਚੱਲਦਾ ਨਜ਼ਰ ਆਉਂਦਾ ਹੈ। ਇਹ ਹੈ ਦੁੱਗਰੀ ਦਾ ਰਹਿਣ ਵਾਲਾ ਬਚਪਨ ਦਾ ਦੋਸਤ ਤਜਿੰਦਰ ਸਿੰਘ ਕੋਹਲੀ।
ਦਿਲਜੀਤ ਦਾ ਛਾਇਆ ਬਣਕੇ ਰਹਿੰਦਾ ਇਹ ਦੋਸਤ
ਤਜਿੰਦਰ ਸਿੰਘ ਕੋਹਲੀ ਨੇ ਦਿਲਜੀਤ ਦੇ ਔਖੇ ਦਿਨਾਂ 'ਚ ਉਨ੍ਹਾਂ ਦਾ ਬਹੁਤ ਸਾਥ ਦਿੱਤਾ। ਹੁਣ ਭਾਰਤ ਅਤੇ ਵਿਦੇਸ਼ 'ਚ ਪਰਛਾਵੇਂ ਵਾਂਗ ਉਨ੍ਹਾਂ ਨਾਲ ਰਹਿੰਦਾ ਹੈ। ਹਾਲ ਹੀ 'ਚ ਜਦੋਂ ਦਿਲਜੀਤ ਕਸ਼ਮੀਰ ਦੀਆਂ ਵਾਦੀਆਂ 'ਚ ਕੁਝ ਦਿਨ ਛੁੱਟੀਆਂ ਬਿਤਾਉਣ ਗਏ ਸਨ ਤਾਂ ਕੋਹਲੀ ਵੀ ਉਨ੍ਹਾਂ ਨਾਲ ਸੀ। ਸ਼ਹਿਰ ਦੇ ਮਾਹਿਰ ਦੱਸਦੇ ਹਨ ਕਿ ਇਕ ਸਮਾਂ ਸੀ ਜਦੋਂ ਦਿਲਜੀਤ ਛੋਟੇ-ਮੋਟੇ ਪ੍ਰੋਗਰਾਮ ਹੀ ਕਰਦਾ ਸੀ। ਕਈ ਵਾਰ ਉਨ੍ਹਾਂ ਕੋਲ ਪ੍ਰੋਗਰਾਮ ਵਾਲੀ ਥਾਂ ਤਕ ਪਹੁੰਚਣ ਲਈ ਪੈਸੇ ਨਹੀਂ ਹੁੰਦੇ ਸਨ। ਜਦੋਂ ਦਿਲਜੀਤ ਨੇ ਚੰਡੀਗੜ੍ਹ 'ਚ ਇਕ ਪ੍ਰੋਗਰਾਮ 'ਚ ਜਾਣਾ ਸੀ ਤਾਂ ਉਨ੍ਹਾਂ ਕੋਲ ਉੱਥੇ ਪਹੁੰਚਣ ਲਈ ਪੈਸੇ ਨਹੀਂ ਸਨ। ਕੋਹਲੀ ਨੇ ਉਨ੍ਹਾਂ ਨੂੰ ਬੱਸ 'ਚ ਆਉਣ-ਜਾਣ ਲਈ 150 ਰੁਪਏ ਦਿੱਤੇ ਸਨ। ਦਿਲਜੀਤ ਜਦੋਂ ਬੁਲੰਦੀਆਂ 'ਤੇ ਪਹੁੰਚਿਆ ਤਾਂ ਉਹ ਕੋਹਲੀ ਦੀ ਦੋਸਤੀ ਨੂੰ ਨਾ ਭੁੱਲਿਆ। ਉਨ੍ਹਾਂ ਨੇ ਕੋਹਲੀ ਨੂੰ ਹਮੇਸ਼ਾ ਆਪਣੇ ਨਾਲ ਰੱਖਿਆ। ਹੁਣ ਦਿਲਜੀਤ ਕਿਤੇ ਵੀ ਕੰਸਰਟ ਲਈ ਜਾਂਦਾ ਹੈ। ਦੇਸ਼ ਹੋਵੇ ਜਾਂ ਵਿਦੇਸ਼, ਕੋਹਲੀ ਹਮੇਸ਼ਾ ਨਾਲ ਰਹਿੰਦਾ ਹੈ। ਇੰਨਾ ਹੀ ਨਹੀਂ ਦਿਲਜੀਤ ਜਦੋਂ ਵੀ ਲੁਧਿਆਣਾ ਆਉਂਦਾ ਹੈ ਤਾਂ ਕੋਹਲੀ ਦੇ ਘਰ ਜ਼ਰੂਰ ਪਹੁੰਚਦਾ ਹੈ। ਉਹ ਵੀ ਰਾਤ ਦੇ ਹਨ੍ਹੇਰੇ 'ਚ ਤਾਂ ਕਿ ਦਿਲਜੀਤ ਦੇ ਸ਼ਹਿਰ 'ਚ ਹੋਣ ਦੀ ਖ਼ਬਰ ਕਿਸੇ ਨੂੰ ਨਾ ਮਿਲੇ।
ਲੁਧਿਆਣਾ ਸ਼ਹਿਰ ਨਾਲ ਕਿਉਂ ਹੈ ਦਿਲਜੀਤ ਨੂੰ ਪਿਆਰ?
ਜਲੰਧਰ ਦੇ ਦੋਸਾਂਝਕਲਾਂ 'ਚ ਜੰਮਿਆ ਦਿਲਜੀਤ ਦੋਸਾਂਝ 11 ਸਾਲ ਦੀ ਉਮਰ 'ਚ ਲੁਧਿਆਣੇ ਆਪਣੇ ਮਾਮੇ ਦੇ ਘਰ ਪੜ੍ਹਨ ਲਈ ਆ ਗਿਆ ਸੀ। ਉਨ੍ਹਾਂ ਨੇ ਸਕੂਲ 'ਚ ਪੜ੍ਹਦਿਆਂ ਹੀ ਧਾਰਮਿਕ ਸ਼ਬਦ ਗਾਉਣੇ ਸ਼ੁਰੂ ਕਰ ਦਿੱਤੇ ਸਨ। ਦਿਲਜੀਤ ਦੀ ਪਹਿਲੀ ਐਲਬਮ 'ਇਸ਼ਕ ਦਾ ਊੜਾ ਐੜਾ' ਲੁਧਿਆਣਾ 'ਚ ਹੀ ਲਾਂਚ ਹੋਈ ਸੀ। ਦਿਲਜੀਤ ਦੇ ਲੁਧਿਆਣੇ ਨਾਲ ਪਿਆਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਾਲ ਹੀ 'ਚ ਉਹ ਇਕ ਫ਼ਿਲਮ ਦੀ ਪ੍ਰਮੋਸ਼ਨ ਲਈ ਆਇਆ ਸੀ ਤੇ ਘੰਟਾਘਰ ਤੇ ਚੌੜਾ ਬਾਜ਼ਾਰ 'ਚ ਘੁੰਮਦਾ ਨਜ਼ਰ ਆਇਆ। ਦਿਲਜੀਤ ਸੜਕ ਕਿਨਾਰੇ ਛੋਲੇ-ਕੁਲਚੇ ਖਾਂਦਾ ਇੰਨਾ ਉਤਸ਼ਾਹਤ ਦਿਸਿਆ ਕਿ ਉਨ੍ਹਾਂ ਨੇ ਕਿਹਾ, 'ਇਹ ਮੇਰਾ ਰੀਅਲ ਲੁਧਿਆਣਾ ਹੈ...ਮੇਰਾ ਸ਼ਹਿਰ ਲੁਧਿਆਣਾ।'
31 ਦਸਬੰਰ ਵਾਲੇ ਸ਼ੋਅ ਦੀਆਂ ਟਿਕਟਾਂ ਖਰੀਦਣ ਦਾ ਸੁਨਿਹਰੀ ਮੌਕਾ
ਦਿਲਜੀਤ ਦੇ 31 ਦਸੰਬਰ ਨੂੰ ਹੋਣ ਵਾਲੇ ਪ੍ਰੋਗਰਾਮ ਲਈ ਟਿਕਟਾਂ ਤੋਂ ਵਾਂਝੇ ਰਹਿ ਗਏ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਪ੍ਰਬੰਧਕਾਂ ਵੱਲੋਂ 27 ਦਸੰਬਰ ਨੂੰ ਦੁਪਹਿਰ 2 ਵਜੇ ਬ੍ਰਾਊਨ ਟਿਕਟਾਂ ਜਾਰੀ ਕੀਤੀਆਂ ਜਾਣਗੀਆਂ। ਹਾਲਾਂਕਿ, ਇਹ ਬਾਕਸ ਮੰਚ ਤੋਂ ਕਾਫੀ ਦੂਰ ਹੋਵੇਗਾ ਤੇ ਪ੍ਰਸ਼ੰਸਕ ਸਮਾਰੋਹ 'ਚ ਹੁੰਦੇ ਹੋਏ ਸਕ੍ਰੀਨ 'ਤੇ ਸ਼ੋਅ ਦਾ ਆਨੰਦ ਲੈ ਸਕਣਗੇ। ਇਸ ਦੀ ਕੀਮਤ 3000 ਰੁਪਏ ਹੋਵੇਗੀ। ਖਾਸ ਗੱਲ ਇਹ ਹੈ ਕਿ ਆਨਲਾਈਨ Zomato ਤੋਂ ਇਲਾਵਾ ਟਿਕਟਾਂ ਤਿੰਨ ਕਾਊਂਟਰਾਂ 'ਤੇ ਵੀ ਉਪਲਬਧ ਹੋਣਗੀਆਂ। ਇਹ ਕਾਊਂਟਰ ਰੱਖਬਾਗ, ਰੋਜ਼ ਗਾਰਡਨ ਤੇ ਲਈਅਰ ਵੈਲੀ 'ਚ ਖੋਲ੍ਹੇ ਜਾਣਗੇ।
ਟਿਕਟਾਂ ਬਲੈਕ ਕਰਨ ਵਾਲਿਆਂ ਨੂੰ ਚਿਤਾਵਾਨੀ
ਦਿਲਜੀਤ ਦੇ ਪੀ. ਏ. ਯੂ. 'ਚ ਹੋਣ ਵਾਲੇ ਕੰਸਰਟ ਨੂੰ ਲੈ ਕੇ ਦਰਸ਼ਕਾਂ 'ਚ ਉਤਸੁਕਤਾ ਹੈ। ਸਥਿਤੀ ਅਜਿਹੀ ਹੈ ਕਿ ਟਿਕਟ ਲਈ ਉਹ ਕੋਈ ਵੀ ਕੀਮਤ ਚੁਕਾਉਣ ਨੂੰ ਤਿਆਰ ਹਨ। ਟਿਕਟ ਬਲੈਕ ਕਰਨ ਵਾਲੇ ਇਸ ਦਾ ਫਾਇਦਾ ਉਠਾ ਰਹੇ ਹਨ। ਉਹ 5 ਹਜ਼ਾਰ ਰੁਪਏ ਦੀ ਟਿਕਟ ਦੇ 15 ਹਜ਼ਾਰ ਰੁਪਏ, 10 ਹਜ਼ਾਰ ਰੁਪਏ ਦੀ ਟਿਕਟ ਦੇ 20 ਹਜ਼ਾਰ ਰੁਪਏ ਤੇ 15 ਹਜ਼ਾਰ ਰੁਪਏ ਦੀ ਟਿਕਟ ਦੇ 30 ਤੋਂ 50 ਹਜ਼ਾਰ ਰੁਪਏ ਵਸੂਲ ਰਹੇ ਹਨ। 50 ਹਜ਼ਾਰ ਰੁਪਏ ਦੀ ਟਿਕਟ ਦੇ ਬਦਲੇ 65 ਤੋਂ 70 ਹਜ਼ਾਰ ਰੁਪਏ ਵਸੂਲੇ ਜਾ ਰਹੇ ਹਨ। ਇੰਟਰਨੈੱਟ ਮੀਡੀਆ 'ਤੇ ਲੋਕ ਲਿਖ ਰਹੇ ਹਨ ਕਿ ਜੇਕਰ ਕਿਸੇ ਨੂੰ ਟਿਕਟ ਚਾਹੀਦੀ ਹੈ ਤਾਂ ਉਹ ਨਿੱਜੀ ਸੰਦੇਸ਼ ਭੇਜੇ ਤੇ ਲੋਕ ਇਸ ਨੂੰ ਖਰੀਦ ਵੀ ਰਹੇ ਹਨ।