ਸ਼੍ਰੇਅਸ ਤਲਪੜੇ ਦੀ ਸਿਹਤ ’ਚ ਲਗਾਤਾਰ ਸੁਧਾਰ, ਅੱਜ ਰਾਤ ਜਾਂ ਕੱਲ ਸਵੇਰੇ ਮਿਲ ਸਕਦੀ ਹੈ ਛੁੱਟੀ

Sunday, Dec 17, 2023 - 05:36 PM (IST)

ਸ਼੍ਰੇਅਸ ਤਲਪੜੇ ਦੀ ਸਿਹਤ ’ਚ ਲਗਾਤਾਰ ਸੁਧਾਰ, ਅੱਜ ਰਾਤ ਜਾਂ ਕੱਲ ਸਵੇਰੇ ਮਿਲ ਸਕਦੀ ਹੈ ਛੁੱਟੀ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸ਼੍ਰੇਅਸ ਤਲਪੜੇ ਨੂੰ 14 ਦਸੰਬਰ ਦੀ ਸ਼ਾਮ ਨੂੰ ਦਿਲ ਦਾ ਦੌਰਾ ਪਿਆ। ਉਹ ਆਪਣੀ ਫ਼ਿਲਮ ‘ਵੈਲਕਮ ਟੂ ਦਿ ਜੰਗਲ’ ਦੀ ਸ਼ੂਟਿੰਗ ਕਰਕੇ ਘਰ ਪਰਤੇ ਸਨ। ਇਸ ਤੋਂ ਬਾਅਦ ਉਸ ਨੂੰ ਅਟੈਕ ਆ ਗਿਆ ਤੇ ਉਹ ਬੇਹੋਸ਼ ਹੋ ਗਿਆ, ਜਿਸ ਕਾਰਨ ਉਸ ਨੂੰ ਐਂਜੀਓਪਲਾਸਟੀ ਕਰਵਾਉਣੀ ਪਈ। ਇਸ ਬਾਰੇ ਗੱਲ ਕਰਦਿਆਂ ਸ਼੍ਰੇਅਸ ਦੇ ਕਰੀਬੀ ਦੋਸਤ ਤੇ ਫ਼ਿਲਮ ਨਿਰਮਾਤਾ ਸੋਹਮ ਸ਼ਾਹ ਨੇ ਦੱਸਿਆ ਕਿ ਅਦਾਕਾਰ ਦੀ ਸਿਹਤ ’ਚ ਕਾਫੀ ਸੁਧਾਰ ਹੋਇਆ ਹੈ। ਸ਼੍ਰੇਅਸ ਦੇ ਡਿਸਚਾਰਜ ਬਾਰੇ ਉਨ੍ਹਾਂ ਦੱਸਿਆ ਕਿ ਉਸ ਨੂੰ ਅੱਜ ਰਾਤ ਜਾਂ ਕੱਲ ਡਿਸਚਾਰਜ ਕੀਤਾ ਜਾ ਸਕਦਾ ਹੈ।

ਸ਼੍ਰੇਅਸ ਨੂੰ ਮੁਸਕਰਾਉਂਦੇ ਦੇਖ ਕੇ ਬਹੁਤ ਖ਼ੁਸ਼ੀ ਹੋਈ
ਸੋਹਨ ਨੇ ਕਿਹਾ, ‘‘ਪੂਰੀ ਉਮੀਦ ਹੈ ਕਿ ਸ਼੍ਰੇਅਸ ਨੂੰ ਐਤਵਾਰ ਰਾਤ ਜਾਂ ਸੋਮਵਾਰ ਸਵੇਰੇ ਛੁੱਟੀ ਮਿਲ ਜਾਵੇਗੀ। ਮੈਂ ਉਸ ਨੂੰ ਮਿਲਿਆ। ਜਿਸ ਰਾਤ ਉਸ ਨੂੰ ਹਸਪਤਾਲ ਲਿਜਾਇਆ ਗਿਆ, ਮੈਂ ਉਸ ਨੂੰ ਮਿਲਣ ਗਿਆ ਸੀ ਤੇ ਅੱਜ ਵੀ ਉਥੇ ਹੀ ਹਾਂ। ਅੱਜ ਸ਼੍ਰੇਅਸ ਨੂੰ ਗੱਲ ਕਰਦਿਆਂ ਦੇਖ ਕੇ ਬਹੁਤ ਰਾਹਤ ਮਿਲੀ। ਉਸ ਨੇ ਆਪਣੇ ਪੁਰਾਣੇ ਅੰਦਾਜ਼ ’ਚ ਮੇਰੇ ਨਾਲ ਗੱਲ ਕੀਤੀ।’’

ਸ਼੍ਰੇਅਸ ਦੀ ਪਤਨੀ ਦੀਪਤੀ ਦਾ ਧੰਨਵਾਦ : ਸੋਹਮ ਸ਼ਾਹ
ਸ਼੍ਰੇਅਸ ਦੀ ਪਤਨੀ ਦੀਪਤੀ ਬਾਰੇ ਗੱਲ ਕਰਦਿਆਂ ਨਿਰਮਾਤਾ ਨੇ ਕਿਹਾ ਕਿ ਉਸ ਨੇ ਸਮੇਂ ’ਤੇ ਬਹੁਤ ਸਮਝਦਾਰੀ ਨਾਲ ਫ਼ੈਸਲਾ ਲਿਆ ਹੈ। ਸੋਹਮ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਦੀਪਤੀ ਉਸ ਨੂੰ ਟ੍ਰੈਫਿਕ ਤੇ ਹੋਰ ਸਮੱਸਿਆਵਾਂ ਨਾਲ ਜੂਝਦਿਆਂ ਹਸਪਤਾਲ ਲੈ ਕੇ ਗਈ। ਇਹ ਇੰਨਾ ਆਸਾਨ ਨਹੀਂ ਸੀ। ਸ਼੍ਰੇਅਸ ਦਾ ਪੁਨਰ ਜਨਮ ਹੋਇਆ ਹੈ। ਸੋਹਮ ਨੇ ਕਿਹਾ ਕਿ ਰੱਬ ਦਾ ਸ਼ੁਕਰ ਹੈ ਕਿ ਉਹ ਹੁਣ ਠੀਕ ਹੋ ਰਿਹਾ ਹੈ। ਸਾਡੀਆਂ ਸਾਰੀਆਂ ਸ਼ੁਭਕਾਮਨਾਵਾਂ ਉਸ ਦੇ ਨਾਲ ਹਨ।’’

ਇਹ ਖ਼ਬਰ ਵੀ ਪੜ੍ਹੋ : VIDEO : ਐਸ਼ਵਰਿਆ-ਅਭਿਸ਼ੇਕ ਵਿਚਾਲੇ ਤਲਾਕ ਦੀ ਪੁਸ਼ਟੀ! ਅਦਾਕਾਰਾ ਨੇ ਪਤੀ ਨੂੰ ਦੇਖ ਦਿੱਤੀ ਇਹ ਪ੍ਰਤੀਕਿਰਿਆ

ਪਤਨੀ ਦੀਪਤੀ ਨੇ ਦਿੱਤੀ ਸ਼੍ਰੇਅਸ ਦੀ ਹੈਲਥ ਅਪਡੇਟ
ਪਤਨੀ ਦੀਪਤੀ ਨੇ 14 ਦਸੰਬਰ ਨੂੰ ਇਕ ਪੋਸਟ ਸ਼ੇਅਰ ਕਰਕੇ ਸ਼੍ਰੇਅਸ ਦੀ ਹੈਲਥ ਅਪਡੇਟ ਦਿੱਤੀ ਸੀ। ਉਸ ਨੇ ਲਿਖਿਆ ਸੀ, ‘‘ਮੈਂ ਆਪਣੇ ਪਤੀ ਦੀ ਸਿਹਤ ਨੂੰ ਲੈ ਕੇ ਇੰਨੀ ਚਿੰਤਾ ਜ਼ਾਹਿਰ ਕਰਨ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੀ ਹਾਂ। ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਨੂੰ ਕੁਝ ਦਿਨਾਂ ’ਚ ਛੁੱਟੀ ਮਿਲ ਜਾਵੇਗੀ। ਇਸ ਦੌਰਾਨ ਡਾਕਟਰੀ ਟੀਮ ਨੇ ਵੀ ਉਨ੍ਹਾਂ ਦੀ ਬਹੁਤ ਦੇਖਭਾਲ ਕੀਤੀ, ਜਿਸ ਲਈ ਮੈਂ ਉਨ੍ਹਾਂ ਦੀ ਵੀ ਧੰਨਵਾਦੀ ਹਾਂ। ਹਰ ਕਿਸੇ ਨੂੰ ਇਸ ਸਮੇਂ ਸਾਡੀ ਨਿੱਜਤਾ ਦਾ ਸਤਿਕਾਰ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ ਕਿਉਂਕਿ ਉਸ ਦੀ ਰਿਕਵਰੀ ਜਾਰੀ ਹੈ। ਇਸ ਮਾੜੇ ਸਮੇਂ ’ਚ ਤੁਹਾਡਾ ਸਮਰਥਨ ਸਾਡੇ ਦੋਵਾਂ ਲਈ ਤਾਕਤ ਹੈ।’’

ਸ਼੍ਰੇਅਸ ਤਲਪੜੇ ਦੀ ਐਂਜੀਓਪਲਾਸਟੀ ਕਰਵਾਈ ਗਈ
ਮੀਡੀਆ ਰਿਪੋਰਟਾਂ ਮੁਤਾਬਕ ਸ਼੍ਰੇਅਸ 14 ਦਸੰਬਰ ਨੂੰ ਦਿਨ ਭਰ ਬਿਲਕੁਲ ਠੀਕ-ਠਾਕ ਸੀ। ਸ਼ੂਟਿੰਗ ਤੋਂ ਬਾਅਦ ਉਹ ਸੈੱਟ ’ਤੇ ਸਾਰਿਆਂ ਨਾਲ ਮਜ਼ਾਕ ਕਰ ਰਿਹਾ ਸੀ। ਕੁਝ ਸੀਨ ਵੀ ਸ਼ੂਟ ਕੀਤੇ ਗਏ ਸਨ, ਜਿਨ੍ਹਾਂ ’ਚ ਥੋੜ੍ਹਾ ਐਕਸ਼ਨ ਸੀ। ਸ਼ੂਟਿੰਗ ਖ਼ਤਮ ਕਰਨ ਤੋਂ ਬਾਅਦ, ਉਹ ਸ਼ਾਮ ਨੂੰ ਘਰ ਗਿਆ ਤੇ ਆਪਣੀ ਪਤਨੀ ਨੂੰ ਦੱਸਿਆ ਕਿ ਉਹ ਅਸਹਿਜ ਮਹਿਸੂਸ ਕਰ ਰਿਹਾ ਸੀ। ਉਹ ਉਸ ਨੂੰ ਹਸਪਤਾਲ ਲੈ ਗਈ ਪਰ ਉਹ ਰਸਤੇ ’ਚ ਬੇਹੋਸ਼ ਹੋ ਗਿਆ। ਉਸ ਨੂੰ ਰਾਤ ਕਰੀਬ 10 ਵਜੇ ਦਾਖ਼ਲ ਕਰਵਾਇਆ ਗਿਆ। ਦੇਰ ਰਾਤ ਡਾਕਟਰਾਂ ਨੇ ਉਸ ਦੀ ਸਰਜਰੀ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News