ਫੇਸਬੁੱਕ ''ਤੇ ਅਦਾਕਾਰਾ ਨੂੰ ਇਸ਼ਤਿਹਾਰ ਦੇਣਾ ਪਿਆ ਮਹਿੰਗਾ, ਆਨਲਾਈਨ ਠੱਗੀ ਦਾ ਹੋ ਗਈ ਸ਼ਿਕਾਰ
Tuesday, Jun 24, 2025 - 03:06 PM (IST)

ਮੁੰਬਈ (ਏਜੰਸੀ)- ਟੈਲੀਵਿਜ਼ਨ ਅਤੇ ਫਿਲਮ ਅਦਾਕਾਰਾ ਗਾਰਗੀ ਮੌਸ਼ਿਕ ਪਟੇਲ ਨਾਲ ਇੱਕ ਵਿਅਕਤੀ ਨੇ ਵਰਤੇ ਹੋਏ ਘਰੇਲੂ ਉਪਕਰਣਾਂ ਦੀ ਵਿਕਰੀ ਨਾਲ ਸਬੰਧਤ ਇੱਕ ਮਾਮਲੇ ਵਿੱਚ 45,000 ਰੁਪਏ ਦੀ ਠੱਗੀ ਮਾਰੀ ਹੈ। ਅਦਾਕਾਰਾ ਨੇ ਇਸ ਸਬੰਧ ਵਿੱਚ ਪੁਲਸ ਸ਼ਿਕਾਇਤ ਦਰਜ ਕਰਵਾਈ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਇਹ ਘਟਨਾ ਮੁੰਬਈ ਦੇ ਵਰਲੀ ਇਲਾਕੇ ਵਿੱਚ ਵਾਪਰੀ। ਅਦਾਕਾਰਾ ਦੀ ਸ਼ਿਕਾਇਤ 'ਤੇ ਵਰਲੀ ਪੁਲਸ ਸਟੇਸ਼ਨ ਵਿੱਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪੁਲਸ ਅਨੁਸਾਰ, ਅਦਾਕਾਰਾ ਨੇ ਹਾਲ ਹੀ ਵਿੱਚ ਫੇਸਬੁੱਕ 'ਤੇ ਇੱਕ ਵਾਸ਼ਿੰਗ ਮਸ਼ੀਨ ਅਤੇ ਵਰਤੇ ਹੋਏ ਘਰੇਲੂ ਉਪਕਰਣ ਵੇਚਣ ਲਈ ਇੱਕ ਇਸ਼ਤਿਹਾਰ ਦਿੱਤਾ ਸੀ ਅਤੇ ਇਸ ਦੇ ਆਧਾਰ 'ਤੇ ਤਰੁਣ ਨਾਮ ਦੇ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਮਿਲ ਕੇ 40,000 ਰੁਪਏ ਵਿੱਚ ਉਪਕਰਣਾਂ ਨੂੰ ਖਰੀਦਣ ਦੀ ਗੱਲ ਆਖੀ। ਵਿਅਕਤੀ ਨੇ ਅਦਾਕਾਰਾ ਤੋਂ ਉਨ੍ਹਾਂ ਦਾ ਬੈਂਕ ਵੇਰਵਾ ਮੰਗਿਆ ਅਤੇ ਪਹਿਲਾਂ 35,000 ਰੁਪਏ ਟ੍ਰਾਂਸਫਰ ਕੀਤੇ ਅਤੇ ਬਾਕੀ 5,000 ਰੁਪਏ ਬਾਅਦ ਵਿੱਚ ਦੇਣ ਦਾ ਭਰੋਸਾ ਦਿੱਤਾ।
ਇਸ ਤੋਂ ਥੋੜ੍ਹੀ ਦੇਰ ਬਾਅਦ, ਗਾਰਗੀ ਨੂੰ ਉਸਦੇ ਮੋਬਾਈਲ ਫੋਨ 'ਤੇ ਇੱਕ ਸੁਨੇਹਾ ਆਇਆ ਅਤੇ ਇਸ ਤੋਂ ਪਹਿਲਾਂ ਕਿ ਉਹ ਇਸਨੂੰ ਪੜ੍ਹਦੀ, ਉਸੇ ਵਿਅਕਤੀ ਨੇ ਫ਼ੋਨ ਕਰਕੇ ਕਿਹਾ ਕਿ ਉਸ ਨੇ ਗਲਤੀ ਨਾਲ 5,000 ਰੁਪਏ ਦੀ ਬਜਾਏ 50,000 ਰੁਪਏ ਟ੍ਰਾਂਸਫਰ ਕਰ ਦਿੱਤੇ ਹਨ ਅਤੇ ਉਸ ਨੂੰ 45,000 ਰੁਪਏ ਵਾਪਸ ਕਰਨ ਲਈ ਕਿਹਾ। ਵਿਅਕਤੀ 'ਤੇ ਭਰੋਸਾ ਕਰਦੇ ਹੋਏ, ਗਾਰਗੀ ਨੇ ਆਪਣੇ ਖਾਤੇ ਅਤੇ ਪਤੀ ਦੇ ਬੈਂਕ ਖਾਤਿਆਂ ਵਿੱਚੋਂ 45,000 ਰੁਪਏ ਵਾਪਸ ਭੇਜ ਦਿੱਤੇ। ਇਸ ਤੋਂ ਬਾਅਦ, ਜਦੋਂ ਗਾਰਗੀ ਨੇ ਉਸਨੂੰ ਬਾਕੀ ਬਚੇ 5,000 ਰੁਪਏ ਵਾਪਸ ਕਰਨ ਲਈ ਕਿਹਾ, ਤਾਂ ਉਹ ਵਿਅਕਤੀ ਪੈਸੇ ਵਾਪਸ ਕਰਨ ਦੇ ਨਾਮ 'ਤੇ ਬਹਾਨੇ ਬਣਾਉਣ ਲੱਗ ਪਿਆ ਅਤੇ ਫਿਰ ਉਸਨੇ ਗਾਰਗੀ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਜਦੋਂ ਗਾਰਗੀ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਹੋਇਆ ਹੈ, ਤਾਂ ਉਨ੍ਹਾਂ ਨੇ ਵਰਲੀ ਪੁਲਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।