ਗਾਇਕ ਜ਼ੂਬੀਨ ਗਰਗ ਮੌਤ ਮਾਮਲਾ ; 14 ਦਿਨਾਂ ਲਈ ਹੋਰ ਵਧਾਈ ਗਈ 5 ਦੋਸ਼ੀਆਂ ਦੀ ਨਿਆਂਇਕ ਹਿਰਾਸਤ
Tuesday, Oct 28, 2025 - 03:00 PM (IST)
ਗੁਹਾਟੀ (ਏਜੰਸੀ) — ਪ੍ਰਸਿੱਧ ਗਾਇਕ ਜ਼ੂਬੀਨ ਗਰਗ ਦੀ ਮੌਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ 5 ਦੋਸ਼ੀਆਂ ਦੀ ਨਿਆਂਇਕ ਹਿਰਾਸਤ ਨੂੰ ਸਥਾਨਕ ਅਦਾਲਤ ਨੇ ਹੋਰ 14 ਦਿਨਾਂ ਲਈ ਵਧਾ ਦਿੱਤਾ ਹੈ। ਇਹ 5 ਦੋਸ਼ੀ ਹਨ — ਨਾਰਥ ਈਸਟ ਇੰਡੀਆ ਫੈਸਟੀਵਲ (NEIF) ਦੇ ਮੁੱਖ ਆਯੋਜਕ ਸ਼ਯਾਮਕਾਨੂ ਮਹੰਤਾ, ਗਾਇਕ ਦਾ ਮੈਨੇਜਰ ਸਿੱਧਾਰਥ ਸ਼ਰਮਾ, ਉਨ੍ਹਾਂ ਦਾ ਕਜ਼ਨ ਅਤੇ ਪੁਲਸ ਅਧਿਕਾਰੀ ਸੰਦੀਪਨ ਗਰਗ ਤੇ ਉਨ੍ਹਾਂ ਦੇ ਸੁਰੱਖਿਆ ਕਰਮੀ ਨੰਦੇਸ਼ਵਰ ਬੋਰਾ ਅਤੇ ਪ੍ਰਭੀਨ ਵੈਸ਼ਿਆ।
ਇਹ ਸਾਰੇ ਦੋਸ਼ੀ ਬਕਸਾ ਜੇਲ੍ਹ ਵਿੱਚ ਬੰਦ ਹਨ ਅਤੇ ਉਨ੍ਹਾਂ ਨੂੰ ਮੰਗਲਵਾਰ ਨੂੰ ਚੀਫ਼ ਜੂਡੀਸ਼ਲ ਮੈਜਿਸਟਰੇਟ, ਕਾਮਰੂਪ ਮੈਟਰੋਪੋਲੀਟਨ ਅਦਾਲਤ ਵਿੱਚ ਵਰਚੁਅਲ ਤੌਰ 'ਤੇ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਦੀ ਮੌਜੂਦਾ ਹਿਰਾਸਤ ਮਿਆਦ ਖਤਮ ਹੋਣ ਤੋਂ ਇੱਕ ਦਿਨ ਪਹਿਲਾਂ ਹੀ 14 ਦਿਨਾਂ ਲਈ ਵਧਾਉਣ ਦਾ ਹੁਕਮ ਦਿੱਤਾ।
ਗਾਇਕ ਜ਼ੂਬੀਨ ਗਰਗ ਦੀ ਮੌਤ 19 ਸਤੰਬਰ ਨੂੰ ਸਿੰਗਾਪੁਰ ਵਿੱਚ ਸਮੁੰਦਰ ਵਿੱਚ ਤੈਰਦੇ ਸਮੇਂ ਹੋ ਗਈ ਸੀ, ਜਦੋਂ ਉਹ ਚੌਥੇ ਨਾਰਥ ਈਸਟ ਇੰਡੀਆ ਫੈਸਟੀਵਲ ਵਿੱਚ ਸ਼ਿਰਕਤ ਕਰਨ ਲਈ ਉਥੇ ਗਏ ਹੋਏ ਸਨ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਬਾਕੀ 2 ਦੋਸ਼ੀ — ਗਰਗ ਦੇ ਬੈਂਡ ਮੈਂਬਰ ਅਮ੍ਰਿਤਪ੍ਰਵਾ ਮਹੰਤਾ ਅਤੇ ਸ਼ੇਖਰਜਯੋਤੀ ਗੋਸਵਾਮੀ — ਹਾਫਲੌਂਗ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਹਨ।
ਇਸ ਮਾਮਲੇ ਦੀ ਜਾਂਚ ਰਾਜ ਪੁਲਸ ਦੀ ਸੀਆਈਡੀ ਦੀ 10 ਮੈਂਬਰੀ ਖਾਸ ਜਾਂਚ ਟੀਮ (SIT) ਕਰ ਰਹੀ ਹੈ, ਜਿਸ ਦੀ ਅਗਵਾਈ ਸਪੈਸ਼ਲ ਡੀਜੀਪੀ ਮੁੰਨਾ ਪ੍ਰਸਾਦ ਗੁਪਤਾ ਕਰ ਰਹੇ ਹਨ। ਗੁਪਤਾ ਨੇ ਪਿਛਲੇ ਹਫ਼ਤੇ ਜਾਂਚ ਦੇ ਹਿੱਸੇ ਵਜੋਂ ਇੱਕ ਹੋਰ ਅਧਿਕਾਰੀ ਦੇ ਨਾਲ ਸਿੰਗਾਪੁਰ ਦਾ ਦੌਰਾ ਕੀਤਾ ਸੀ।
