"ਦਿ ਤਾਜ ਸਟੋਰੀ" ਦਾ ਜ਼ਬਰਦਸਤ ਡਾਇਲਾਗ ਪ੍ਰੋਮੋ ਰਿਲੀਜ਼
Monday, Oct 27, 2025 - 05:24 PM (IST)
ਮੁੰਬਈ (ਏਜੰਸੀ) - ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਪਰੇਸ਼ ਰਾਵਲ ਦੀ ਆਉਣ ਵਾਲੀ ਫਿਲਮ "ਦਿ ਤਾਜ ਸਟੋਰੀ" ਦਾ ਜ਼ਬਰਦਸਤ ਡਾਇਲਾਗ ਪ੍ਰੋਮੋ ਰਿਲੀਜ਼ ਹੋ ਗਿਆ ਹੈ। ਤੁਸ਼ਾਰ ਅਮਰੀਸ਼ ਗੋਇਲ ਦੁਆਰਾ ਲਿਖਿਆ ਅਤੇ ਨਿਰਦੇਸ਼ਤ ਅਤੇ ਸਵਰਣਿਮ ਗਲੋਬਲ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਅਤੇ ਸੀਏ ਸੁਰੇਸ਼ ਝਾਅ ਦੁਆਰਾ ਪੇਸ਼ , "ਦਿ ਤਾਜ ਸਟੋਰੀ" ਹਰ ਨਵੇਂ ਅਪਡੇਟ ਨਾਲ ਦਰਸ਼ਕਾਂ ਵਿੱਚ ਚਰਚਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਦਮਦਾਰ, ਵਿਸਫੋਟਕ ਅਤੇ ਸੋਚਣ ਲਈ ਮਜ਼ਬੂਰ ਕਰ ਦੇਣ ਵਾਲੇ ਟ੍ਰੇਲਰ ਤੋਂ ਬਾਅਦ, ਨਿਰਮਾਤਾਵਾਂ ਨੇ ਹੁਣ ਇੱਕ ਜ਼ਬਰਦਸਤ ਡਾਇਲਾਗ ਪ੍ਰੋਮੋ ਜਾਰੀ ਕੀਤਾ ਹੈ, ਜਿਸ ਨਾਲ ਇੱਕ ਨਵੀਂ ਚਰਚਾ ਛਿੜ ਗਈ ਹੈ।
ਪ੍ਰੋਮੋ ਵਿੱਚ ਪਰੇਸ਼ ਰਾਵਲ ਅਤੇ ਜ਼ਾਕਿਰ ਹੁਸੈਨ ਵਿਚਕਾਰ ਇੱਕ ਤਿੱਖੀ ਅਦਾਲਤੀ ਬਹਿਸ ਨੂੰ ਦਰਸਾਇਆ ਗਿਆ ਹੈ, ਜਿੱਥੇ ਪਰੇਸ਼ ਰਾਵਲ ਦਾ ਕਿਰਦਾਰ ਤਾਜ ਮਹਿਲ ਦੇ ਪਿੱਛੇ ਦੀ ਸੱਚਾਈ ਅਤੇ ਕਹਾਣੀ 'ਤੇ ਸਵਾਲ ਉਠਾਉਂਦਾ ਹੈ। ਪ੍ਰੋਮੋ ਸਾਂਝਾ ਕਰਦੇ ਹੋਏ, ਨਿਰਮਾਤਾਵਾਂ ਨੇ ਲਿਖਿਆ, "ਪਿਆਰ ਦਾ ਪ੍ਰਤੀਕ ਜਾਂ ਨਸਲਕੁਸ਼ੀ ਦਾ ਪ੍ਰਤੀਕ? ਸਮਾਂ ਆ ਗਿਆ ਹੈ ਤਾਜ ਮਹਿਲ ਦੀ ਝੂਠੀ ਕਹਾਣੀ ਨੂੰ ਚੁਣੌਤੀ ਦੇਣ ਦਾ।" ਟੈਗਲਾਈਨ ਵਿੱਚ ਲਿਖਿਆ ਹੈ, “ਇਹ ਫਿਲਮ ਆਜ਼ਾਦੀ ਦੇ 79 ਸਾਲਾਂ ਬਾਅਦ ਵੀ ਇਹ ਸਵਾਲ ਉਠਾਉਂਦੀ ਹੈ, ‘ਕੀ ਅਸੀਂ ਅਜੇ ਵੀ ਬੌਧਿਕ ਅੱਤਵਾਦ ਦੇ ਗੁਲਾਮ ਹਾਂ?’ ਪਰੇਸ਼ ਰਾਵਲ ਦੇ ਨਾਲ ਜ਼ਾਕਿਰ ਹੁਸੈਨ, ਅੰਮ੍ਰਿਤਾ ਖਾਨਵਿਲਕਰ, ਸਨੇਹਾ ਵਾਘ ਅਤੇ ਨਮਿਤ ਦਾਸ ਸਮੇਤ ਇੱਕ ਸ਼ਾਨਦਾਰ ਕਲਾਕਾਰ ਨਾਲ ਸਜੀ ਫਿਲਮ ‘ਦਿ ਤਾਜ ਸਟੋਰੀ’ 31 ਅਕਤੂਬਰ, 2025 ਨੂੰ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
