ਜਲੰਧਰ ''ਚ ਬਾਡੀ ਬਿਲਡਰ ਵਰਿੰਦਰ ਘੁੰਮਣ ਦੇ ਨਾਂ ਦਾ ਬਣਿਆ ਪਾਰਕ, ਧੀ ਨੇ ਕੀਤਾ ਉਦਘਾਟਨ ਤੇ ਦਿੱਤਾ ਇਹ ਸੰਦੇਸ਼
Sunday, Oct 26, 2025 - 01:43 PM (IST)
ਜਲੰਧਰ (ਮਨੋਜ, ਮਹੇਸ਼)-ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਤੇ ‘ਫਿਟ ਸੈਂਟਰਲ’ ਮੁਹਿੰਮ ਦੇ ਤਹਿਤ ਡੀ. ਸੀ. ਅਤੇ ਪੁਲਸ ਕਮਿਸ਼ਨਰ ਰੈਜ਼ੀਡੈਂਸ ਪਾਰਕ ਵਿਚ ਨਵੇਂ ਤਿਆਰ ਕੀਤੇ ਗਏ ਵਾਲੀਬਾਲ ਅਤੇ ਬੈਡਮਿੰਟਨ ਕੋਰਟ ਦਾ ਸ਼ੁਭ ਆਰੰਭ ਕੀਤਾ। ਇਸ ਪਾਰਕ ਦਾ ਨਾਮ ਵਿਸ਼ਵ ਪ੍ਰਸਿੱਧ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੇ ਨਾਂ 'ਤੇ ਰੱਖਿਆ ਗਿਆ ਹੈ। ਇਸ ਸਮਾਗਮ ਵਿਚ ਮੇਅਰ ਵਿਨੀਤ ਧੀਰ, ਵਰਿੰਦਰ ਸਿੰਘ ਘੁੰਮਣ ਦੇ ਤਿੰਨੋ ਬੱਚਿਆਂ ਰਾਜਾ ਗੁਰਤੇਜ ਵੀਰ ਸਿੰਘ, ਭਗਵੰਤ ਸਿੰਘ ਘੁੰਮਣ, ਸੁਖਮਨ ਘੁੰਮਣ ਵੱਲੋਂ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ ਗਈ। ਵਰਿੰਦਰ ਸਿੰਘ ਘੁੰਮਣ ਦੀ ਧੀ ਨੇ ਆਪਣੇ ਹੱਥੀਂ ਪਾਰਕ ਦਾ ਉਦਘਾਟਨ ਕੀਤਾ ਅਤੇ ਨਿਤਿਨ ਕੋਹਲੀ ਦੀ ਇਸ ਪਹਿਲ ਨੂੰ ਵਰਿੰਦਰ ਸਿੰਘ ਘੁੰਮਣ ਜਿਹੇ ਮਹਾਨ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੇ ਵਿਅਕਤੀ ਪ੍ਰਤੀ ਸੱਚੀ ਸ਼ਰਧਾਂਜਲੀ ਕਰਾਰ ਦਿੱਤਾ। ਇਸ ਮੌਕੇ 'ਤੇ ਧੀ ਨੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਦਿਨ ਉਨ੍ਹਾਂ ਲਈ ਬਹੁਤ ਖ਼ਾਸ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੁਅੱਤਲ DIG ਭੁੱਲਰ ਦਾ ਵਿਦੇਸ਼ੀ ਕੁਨੈਕਸ਼ਨ ਆਇਆ ਸਾਹਮਣੇ! ਜਾਇਦਾਦਾਂ ਬਾਰੇ CBI ਦੇ ਵੱਡੇ ਖ਼ੁਲਾਸੇ

ਫਿੱਟਨੈੱਸ ਦਾ ਦਿੱਤਾ ਸੰਦੇਸ਼
ਵਰਿੰਦਰ ਘੁੰਮਣ ਦੀ ਧੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਭ ਤੋਂ ਵੱਖਰੇ ਬਾਡੀ ਬਿਲਡਰ ਸਨ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੇ ਸਪਲੀਮੈਂਟ ਜਾਂ ਸ਼ਾਰਟਕੱਟ ਦੀ ਵਰਤੋਂ ਕੀਤੇ ਬਿਨਾਂ 25 ਸਾਲ ਤੱਕ ਇਸ ਖੇਤਰ ਨੂੰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਪਿਤਾ ਨੇ ਸਭ ਨੂੰ ਫਿਟਨੈੱਸ ਦਾ ਸੰਦੇਸ਼ ਦਿੱਤਾ ਅਤੇ ਉਨ੍ਹਾਂ ਦਾ ਨਾਮ ਸਾਡੇ ਵਿਚਕਾਰ ਹਮੇਸ਼ਾ ਰਹੇਗਾ। ਧੀ ਨੇ ਅੱਗੇ ਦੱਸਿਆ ਕਿ ਵਰਿੰਦਰ ਘੁੰਮਣ ਉਨ੍ਹਾਂ ਦੇ ਹੀਰੋ ਅਤੇ ਅਧਿਆਪਕ ਰਹੇ। ਉਨ੍ਹਾਂ ਨੇ ਹੀ ਧੀ ਨੂੰ ਫਿੱਟ ਰਹਿਣ ਲਈ ਪ੍ਰੇਰਿਤ ਕੀਤਾ, ਜਿਸ ਤੋਂ ਬਾਅਦ ਉਹ ਵੀ ਜਿਮ ਵਿੱਚ ਵਰਕਆਊਟ ਕਰਨ ਲੱਗੀ। ਧੀ ਨੇ ਦੱਸਿਆ ਕਿ ਵਰਿੰਦਰ ਘੁੰਮਣ ਨੇ ਆਪਣੇ ਛੋਟੇ ਭਰਾ ਅਤੇ ਮਾਂ ਦੀ ਮੌਤ ਦਾ ਦੁੱਖ਼ ਵੀ ਇਕੱਲੇ ਹੀ ਸਹਿਣ ਕੀਤਾ। ਉਨ੍ਹਾਂ ਨੇ ਕਦੇ ਵੀ ਆਪਣੇ ਪਰਿਵਾਰ ਨੂੰ ਆਪਣੇ ਅੰਦਰ ਦੇ ਦਰਦ ਦਾ ਅਹਿਸਾਸ ਨਹੀਂ ਹੋਣ ਦਿੱਤਾ। ਧੀ ਨੇ ਕਿਹਾ ਕਿ ਪਾਰਕ ਦਾ ਨਾਮ ਪਿਤਾ ਦੇ ਨਾਮ 'ਤੇ ਰੱਖੇ ਜਾਣ ਨਾਲ ਅਜਿਹਾ ਮਹਿਸੂਸ ਹੁੰਦਾ ਹੈ ਕਿ ਉਹ ਅੱਜ ਵੀ ਸਾਡੇ ਵਿਚਕਾਰ ਹਨ ਅਤੇ ਬੱਚਿਆਂ ਨੂੰ ਫਿੱਟ ਰਹਿਣ ਲਈ ਪ੍ਰੇਰਿਤ ਕਰ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਸਸਪੈਂਡ SHO ਭੂਸ਼ਣ ਦਾ ਪਰਿਵਾਰ ਆਇਆ ਸਾਹਮਣੇ, ਕਰ ਦਿੱਤੇ ਵੱਡੇ ਖ਼ੁਲਾਸੇ
ਮੌਤ ਦਾ ਸੱਚ ਸਾਹਮਣੇ ਲਿਆਉਣ ਦੀ ਅਪੀਲ
ਇਸ ਮੌਕੇ 'ਤੇ ਧੀ ਨੇ ਇਕ ਭਾਵੁਕ ਅਪੀਲ ਵੀ ਕੀਤੀ। ਉਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਪਿੱਛੇ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਰਿੰਦਰ ਘੁੰਮਣ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਸੀ ਅਤੇ ਉਹ ਅਜਿਹੀ ਮੌਤ ਦੇ ਹੱਕਦਾਰ ਨਹੀਂ ਸਨ। ਉਥੇ ਹੀ ਇਸ ਮੌਕੇ ਨਿਤਿਨ ਕੋਹਲੀ ਨੇ ਕਿਹਾ ਕਿ ਹੁਣ ਇਹ ਪਾਰਕ “ਵਰਿੰਦਰ ਸਿੰਘ ਘੁੰਮਣ ਪਾਰਕ” ਦੇ ਨਾਮ ਨਾਲ ਜਾਣਿਆ ਜਾਵੇਗਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੀ ਲਗਨ, ਮਿਹਨਤ ਅਤੇ ਅਨੁਸ਼ਾਸਨ ਤੋਂ ਪ੍ਰੇਰਿਤ ਹੋ ਸਕਣ। ਉਨ੍ਹਾਂ ਕਿਹਾ ਕਿ ਇਹ ਸਾਰੇ ਕੰਮ ਜਨਤਾ ਦੇ ਪੂਰੇ ਸਹਿਯੋਗ ਨਾਲ ਸੰਭਵ ਹੋਏ ਹਨ ਅਤੇ ਅੱਗੇ ਵੀ ਜਲੰਧਰ ਸੈਂਟਰਲ ਦੇ ਹਰੇਕ ਵਾਰਡ ਵਿੱਚ ਵਿਕਾਸ ਦੀ ਰਫ਼ਤਾਰ ਜਾਰੀ ਰਹੇਗੀ। ਮੇਅਰ ਵਨੀਤ ਧੀਰ ਨੇ ਕਿਹਾ ਕਿ ਸ਼ਹਿਰ ਵਿੱਚ ਵਿਕਾਸ ਕਾਰਜਾਂ ਨਾਲ ਨਾਲ ਫਿਟਨੈਸ ਤੇ ਖੇਡ ਦੇ ਢਾਂਚੇ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਕ ਤੰਦਰੁਸਤ ਕੌਮ ਹੀ ਖ਼ੁਸ਼ਹਾਲ ਕੌਮ ਹੁੰਦੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! 31 ਮੁਲਾਜ਼ਮਾਂ ਦੇ ਕੀਤੇ ਗਏ ਤਬਾਦਲੇ, List 'ਚ ਵੇਖੋ ਵੇਰਵੇ
ਲੋਕਾਂ ਨੇ ਕਿਹਾ ਕਿ ਵਰਿੰਦਰ ਸਿੰਘ ਘੁੰਮਣ ਵਰਗੇ ਮਹਾਨ ਖਿਡਾਰੀ ਨੂੰ ਸਮਰਪਿਤ ਇਹ ਪਾਰਕ ਆਉਣ ਵਾਲੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਦਾ ਪ੍ਰਤੀਕ ਬਣੇਗਾ। ਸਮਾਪਤੀ ‘ਤੇ ਸਭ ਨੇ ਦੋ ਮਿੰਟ ਦਾ ਮੌਨ ਰੱਖ ਕੇ ਵਰਿੰਦਰ ਸਿੰਘ ਘੁੰਮਣ ਨੂੰ ਭਾਵੁਕ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਲਗਨਦੀਪ, ਵਿਕੀ ਤੁਲਸੀ, ਅਮਰਦੀਪ ਕਿੰਨੂ, ਤਰਲੋਕ ਸਰਣ, ਜਤਿਨ ਗੁਲਾਟੀ, ਨਿਖਿਲ ਅਰੋੜਾ, ਪਰਵੀਨ ਪਹਲਵਾਨ, ਲਵ ਰਾਬਿਨ, ਗੰਗਾ ਦੇਵੀ, ਬਲਬੀਰ ਬਿੱਟੂ, ਵਨੀਤ ਧੀਰ, ਸੋਨੂ ਚੱਢਾ, ਨਰੇਸ਼ ਸ਼ਰਮਾ, ਪਰਵੀਨ ਵਾਸਨ, ਵਿਜੇ ਵਾਸਨ, ਕਰਣ ਸ਼ਰਮਾ, ਦੀਪਕ ਕੁਮਾਰ, ਅਜੈ ਚੋਪੜਾ, ਵਿਕਾਸ ਗਰੋਵਰ, ਤਰੁਣ ਸਿੱਕਾ, ਗੋਲਡੀ ਮਰਵਾਹਾ, ਐੱਮ. ਬੀ. ਬਾਲੀ, ਧੀਰਜ ਸੇਠ, ਸੁਭਾਸ਼ ਸ਼ਰਮਾ, ਪਰਵੀਨ ਪੱਬੀ ਹੈਪੀ ਬ੍ਰਿੰਗ, ਅਮਿਤ ਸ਼ਰਮਾ, ਸੰਨੀ ਆਹਲੂਵਾਲੀਆ ਅਤੇ ਸੰਜੀਵ ਤ੍ਰੇਹਨ ਸ਼ਾਮਲ ਸਨ।
ਇਹ ਵੀ ਪੜ੍ਹੋ: ਮੁਅੱਤਲ SHO ਭੂਸ਼ਣ ਦੇ ਮਾਮਲੇ 'ਚ ਨਵਾਂ ਮੋੜ! ਇਕ ਹੋਰ ਕੁੜੀ ਆਈ ਸਾਹਮਣੇ, ਖੁੱਲ੍ਹ ਗਏ ਵੱਡੇ ਰਾਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
