ਰੋਪੜ 'ਚ ਸ਼ੂਟਿੰਗ ਲਈ ਪਹੁੰਚੇ ਬੀਜੇਪੀ ਐੱਮ. ਪੀ. ਰਵੀ ਕਿਸ਼ਨ, ਕਿਸਾਨਾਂ ਨੇ ਕੀਤਾ ਜ਼ਬਰਦਸਤ ਵਿਰੋਧ
Tuesday, Jun 22, 2021 - 06:31 PM (IST)
ਰੋਪੜ (ਸੰਨੀ) - ਜ਼ਿਲ੍ਹਾ ਮੋਰਿੰਡਾ ਦੇ ਨਜ਼ਦੀਕੀ ਪਿੰਡ ਢੰਗਰਾਲੀ ਵਿਖੇ ਭਾਜਪਾ ਦੇ ਐੱਮ. ਪੀ. ਤੇ ਬਾਲੀਵੁੱਡ ਅਦਾਕਾਰ ਰਵੀ ਕਿਸ਼ਨ ਸ਼ੂਟਿੰਗ ਲਈ ਪਹੁੰਚੇ, ਜਿੱਥੇ ਉਨ੍ਹਾਂ ਦਾ ਪਿੰਡ ਵਾਸੀਆਂ ਵਲੋਂ ਕਾਫ਼ੀ ਜ਼ਿਆਦਾ ਵਿਰੋਧ ਕੀਤਾ ਗਿਆ। ਪਿੰਡ ਵਿਚ ਵਿਰੋਧ ਹੁੰਦਾ ਵੇਖ ਰਵੀ ਕਿਸ਼ਨ ਬਿਨਾਂ ਸ਼ੂਟਿੰਗ ਕੀਤੇ ਵਾਪਸ ਪਰਤ ਆਏ।
ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ 'ਤੇ ਪੱਕੇ ਧਰਨੇ ਲਾਏ ਹੋਏ ਹਨ। ਇਸ ਦਾ ਖਾਮਿਆਜ਼ਾ ਬੀਜੇਪੀ ਦੇ ਲੀਡਰਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ।
ਹਾਲ ਹੀ 'ਚ ਰਵੀ ਕਿਸ਼ਨ ਜ਼ਿਲ੍ਹਾ ਮੋਰਿੰਡਾ ਦੇ ਨਜ਼ਦੀਕੀ ਪਿੰਡ ਢੰਗਰਾਲੀ ਪਹੁੰਚੇ ਸਨ, ਪਿੰਡ ਦੇ ਨੌਜਵਾਨਾਂ ਅਤੇ ਕਿਸਾਨਾਂ ਵੱਲੋਂ ਖ਼ੂਬ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਦੇ ਇਸ ਵਿਰੋਧ ਦੇ ਅੱਗੇ ਭਾਜਪਾ ਐੱਮ. ਪੀ. ਰਵੀ ਕਿਸ਼ਨ ਦੀ ਇਕ ਨਾ ਚੱਲੀ ਅਤੇ ਬਿਨਾਂ ਸ਼ੂਟਿੰਗ ਕੀਤੇ ਵਾਪਸ ਪਰਤਣਾ ਪਿਆ।
ਦਰਅਸਲ ਮਾਮਲਾ ਉਸ ਸਮੇਂ ਗਰਮਾਇਆ ਜਦੋਂ ਪਿੰਡ ਢੰਗਰਾਲੀ ਦੇ ਕਿਸਾਨਾਂ ਅਤੇ ਪਿੰਡ ਵਾਸੀਆਂ ਨੂੰ ਪਿੰਡ 'ਚ ਬੀਜੇਪੀ ਐੱਮ. ਪੀ. ਵੱਲੋਂ ਸ਼ੂਟਿੰਗ ਕਰਨ ਸਬੰਧੀ ਸੂਹ ਮਿਲੀ। ਦੱਸਿਆ ਜਾ ਰਿਹਾ ਹੈ ਕਿ ਪਿੰਡ ਦੀ ਧਰਮਸ਼ਾਲਾ 'ਚ ਇਹ ਸ਼ੂਟਿੰਗ ਹੋਣੀ ਸੀ, ਜਿੱਥੇ ਬਕਾਇਦਾ ਸ਼ੂਟਿੰਗ ਟੀਮ ਵੱਲੋਂ ਆਪਣਾ ਪੂਰਾ ਸੈੱਟਅੱਪ ਤਿਆਰ ਕਰਕੇ ਰੱਖਿਆ ਸੀ।
ਚੰਡੀਗਡ਼੍ਹ ਤੋਂ ਵਿਸ਼ੇਸ਼ ਤੌਰ 'ਤੇ ਖਾਣ ਪੀਣ ਲਈ ਰਸੋਈਏ ਵੀ ਮੰਗਵਾਏ ਸਨ ਪਰ ਜਦੋਂ ਕਿਸਾਨਾਂ ਵੱਲੋਂ ਮੌਕੇ 'ਤੇ ਆ ਕੇ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਸ਼ੂਟਿੰਗ ਟੀਮ ਵੱਲੋਂ ਆਪਣਾ ਤਾਮਝਾਮ (ਸਮਾਨ) ਸਮੇਟਣਾ ਸ਼ੁਰੂ ਕਰ ਦਿੱਤਾ।
ਇਸ ਮੌਕੇ ਪਿੰਡ ਦੇ ਨੌਜਵਾਨ ਰਣਦੀਪ ਸਿੰਘ ਅਤੇ ਹੋਰਨਾਂ ਨੌਜਵਾਨਾਂ ਤੇ ਕਿਸਾਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਧਰਨਿਆਂ 'ਤੇ ਬੈਠੇ ਹਨ ਅਤੇ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰੀ ਹੈ।
ਜਦੋਂਕਿ ਦੂਸਰੇ ਪਾਸੇ ਭਾਜਪਾ ਦੇ ਐੱਮ. ਪੀ. ਰਵੀ ਕਿਸ਼ਨ ਸ਼ੂਟਿੰਗ ਕਰਨ ਲਈ ਇੱਥੇ ਪਹੁੰਚੇ ਤਾਂ ਲੋਕਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਹ ਸਭ ਵੇਖਦਿਆਂ ਰਵੀ ਕਿਸ਼ਨ ਨੂੰ ਬਿਨਾਂ ਸ਼ੂਟਿੰਗ ਕੀਤੇ ਵਾਪਸ ਪਰਤਣਾ ਪਿਆ।