ਸਿਵਲ ਸਰਜਨ ਵੱਲੋਂ ਸਥਾਪਤ ਐਮਰਜੈਂਸੀ ਕੰਟਰੋਲ ਰੂਮ ਦੇ ਸਟਾਫ਼ ਨੇ ਬਚਾਈ ਬਜ਼ੁਰਗ ਔਰਤ ਦੀ ਜਾਨ

03/27/2023 1:08:51 PM

ਜਲੰਧਰ (ਜ. ਬ.)- ਸਿਵਲ ਹਸਪਤਾਲ ਕੰਪਲੈਕਸ ’ਚ ਟੀ. ਬੀ. ਵਾਰਡ ਨੇੜੇ ਸਥਾਪਿਤ ਸਿਵਲ ਸਰਜਨ ਵੱਲੋਂ ਐਮਰਜੈਂਸੀ ਕੰਟਰੋਲ ਰੂਮ ਵਿਚ ਤਾਇਨਾਤ ਸਟਾਫ਼ ਨੇ ਇਕ ਬਜ਼ੁਰਗ ਔਰਤ ਦੀ ਜਾਨ ਬਚਾਈ। ਜੇਕਰ ਉਕਤ ਸਟਾਫ਼ ਮੈਂਬਰ ਨੇ ਸਮੇਂ ਸਿਰ ਔਰਤ ਦੀ ਮਦਦ ਨਾ ਕੀਤੀ ਤਾਂ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਸੀ। ਸਿਵਲ ਹਸਪਤਾਲ ਦਾ ਬਾਕੀ ਸਟਾਫ਼ ਵੀ ਇਸ ਸਟਾਫ਼ ਮੈਂਬਰ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦਾ ਨਜ਼ਰ ਆਇਆ। ਜਾਣਕਾਰੀ ਅਨੁਸਾਰ ਐਮਰਜੈਂਸੀ ਕੰਟਰੋਲ ਰੂਮ, ਜੋ ਪਹਿਲੀ ਮੰਜ਼ਿਲ ’ਤੇ ਸਥਿਤ ਹੈ, ਉਕਤ ਬਿਲਡਿੰਗ ਦੇ ਨੇੜੇ ਇਕ ਕਾਰ ਪਾਰਕ ਹੋਈ। ਕਾਰ ਵਿਚ ਲਗਭਗ 70 ਸਾਲਾ ਔਰਤ ਸਵਾਰ ਸੀ ਅਤੇ ਉਸ ਦੇ ਨਾਲ ਉਸ ਦੇ ਰਿਸ਼ਤੇਦਾਰ ਵੀ ਹਾਜ਼ਰ ਸਨ। ਪਰਿਵਰਕ ਮੈਂਬਰਾਂ ਨੇ ਰੈਣਕ ਬਾਜ਼ਾਰ ਵਿਚ ਸ਼ਾਪਿੰਗ ਕਰਨ ਜਾਣ ਸੀ, ਉਹ ਬਜ਼ੁਰਗ ਨੂੰ ਕਾਰ ਵਿਚ ਬਠਾ ਕੇ ਕਾਰ ਦਾ ਸ਼ੀਸ਼ਾ ਥੋੜਾ ਹੇਠਾਂ ਕਰਕੇ ਡੋਰ ਲਾਕ ਕਰਕੇ ਬਾਜ਼ਾਰ ਚਲੇ ਗਏ। ਲਗਭਗ 1 ਘੰਟੇ ਤੱਕ ਔਰਤ ਲਾਕ ਕਾਰ ਵਿਚ ਬੰਦ ਰਹੀ ਅਤੇ ਉਸ ਨੂੰ ਸਾਹ ਲੈਣ ਵਿਚ ਦਿੱਕਤ ਹੋਣ ਲੱਗੀ, ਸਾਹ ਘੁੱਟਣ ਕਾਰਨ ਉਹ ਉੱਚੀ ਉੱਚੀ ਰੌਲਾ ਪਾਉਣ ਲੱਗੀ ਪਰ ਉਸ ਦੀ ਆਵਾਜ਼ ਕਾਰ ਦੇ ਸ਼ੀਸ਼ਿਆਂ ਵਿਚੋਂ ਬਾਹਰ ਘੱਟ ਆ ਰਹੀ ਸੀ। ਇਸੇ ਦੌਰਾਨ ਐਮਰਜੈਂਸੀ ਕੰਟਰੋਲ ਰੂਮ ’ਚ ਡਿਊਟੀ ’ਤੇ ਤਾਇਨਾਤ ਵਿਜੇ ਕੁਮਾਰ ਨਾਂ ਦੇ ਵਿਅਕਤੀ ਨੇ ਕਮਰੇ ’ਚੋਂ ਬਾਹਰ ਆ ਕੇ ਦੇਖਿਆ ਤਾਂ ਕਾਰ ’ਚੋਂ ਇਕ ਔਰਤ ਦੀ ਆਵਾਜ਼ ਆ ਰਹੀ ਸੀ।

ਵਿਜੇ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਭੱਜ ਕੇ ਕਾਰ ਦੇ ਨੇੜੇ ਆਇਆ ਤਾਂ ਉਸ ਨੇ ਵੇਖਿਆ ਕਿ ਇਕ ਬਜ਼ੁਰਗ ਔਰਤ ਅਰਧ ਬੇਹੋਸ਼ੀ ਹਾਲਤ ’ਚ ਕਾਰ ਦੀ ਸੀਟ ’ਤੇ ਪਈ ਸੀ ਅਤੇ ਚੀਕਾਂ ਮਾਰ ਰਹੀ ਸੀ। ਕਿਸੇ ਉਸ ਨੇ ਔਰਤ ਨੂੰ ਉਠਾਇਆ ਅਤੇ ਕਾਰ ਦੇ ਸ਼ੀਸ਼ੇ ਹੇਠਾਂ ਕਰਨ ਲਈ ਕਿਹਾ ਪਰ ਔਰਤ ਕਾਰ ਦੇ ਸ਼ੀਸ਼ੇ ਹੇਠਾਂ ਕਰਨੇ ਅਤੇ ਦਰਵਾਜ਼ੇ ਖੋਲ੍ਹਣਾ ਨਹੀਂ ਜਾਣਦੀ ਸੀ। ਵਿਜੇ ਨੇ ਦੱਸਿਆ ਕਿ ਉਸ ਨੇ ਗੱਲਾਂ-ਗੱਲਾਂ ਵਿਚ ਬਜ਼ੁਰਗ ਨੂੰ ਕਾਰ ਦੇ ਸ਼ੀਸ਼ੇ ਹੇਠਾਂ ਕਰਨ ਵਾਲੇ ਬਟਨ ਨੂੰ ਦਬਾਉਣ ਬਾਰੇ ਦੱਸਿਆ ਅਤੇ ਔਰਤ ਨੇ ਉਹ ਬਟਨ ਦਬਾਅ ਦਿੱਤਾ, ਲੰਮੀ ਮੁਸ਼ਕੱਤ ਤੋਂ ਬਾਅਦ ਔਰਤ ਨੇ ਉਹ ਬਟਨ ਦਬਾਇਆ ਤਾਂ ਉਸ ਨੇ ਸ਼ੀਸ਼ੇ ਵਾਲੇ ਪਾਸਿਓਂ ਹੱਥ ਪਾ ਕੇ ਗੱਡੀ ਦਾ ਸ਼ੀਸ਼ਾ ਖੋਲ੍ਹਿਆ ਅਤੇ ਬਜ਼ੁਰਗ ਨੂੰ ਪਾਣੀ ਪਲਾਇਆ ਤਾਂ ਜਾ ਕੇ ਉਸ ਨੂੰ ਹੋਸ਼ ਆਇਆ ਅਤੇ ਠੀਕ ਹਾਲਤ ਵਿਚ ਆਈ। ਜੇਕਰ ਸਮਾਂ ਰਹਿੰਦੇ ਉਹ ਕਾਰ ’ਚੋਂ ਬਾਹਰ ਨਾ ਆਉਂਦੀ ਤਾਂ ਕੋਈ ਅਣਹੋਣੀ ਘਟਨਾ ਵਾਪਰ ਸਕਦੀ ਸੀ।

ਇਹ ਵੀ ਪੜ੍ਹੋ : ਮੀਂਹ ਤੇ ਹਨੇਰੀ ਨੇ ਕਿਸਾਨਾਂ ਦੀ ਫ਼ਸਲ ਕੀਤੀ ਤਬਾਹ, ਜਾਣੋ ਅਗਲੇ ਦਿਨਾਂ ਤੱਕ ਕਿਹੋ-ਜਿਹਾ ਰਹੇਗਾ ਮੌਸਮ

ਔਰਤ ਕੋਲ ਮੋਬਾਈਲ ਫੋਨ ਵੀ ਨਹੀਂ ਸੀ, ਜਿਸ ਰਾਹੀਂ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰ ਸਕੇ। ਦੂਜੇ ਪਾਸੇ ਕਾਰਜਕਾਰੀ ਸਿਵਲ ਸਰਜਨ ਡਾ. ਰਾਜੀਵ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਸਟਾਫ਼ ਨੇ ਵਧੀਆ ਕੰਮ ਕੀਤਾ ਹੈ ਅਤੇ ਉਹ ਸ਼ੁਰੂ ਤੋਂ ਹੀ ਚੰਗਾ ਕੰਮ ਕਰਨ ਵਾਲਿਆਂ ਦੀ ਸ਼ਲਾਘਾ ਕਰਦੇ ਹਨ। ਉਹ ਉਕਤ ਸਟਾਫ਼ ਮੈਂਬਰ ਨੂੰ ਪ੍ਰਸ਼ੰਸਾ-ਪੱਤਰ ਦੇ ਕੇ ਸਨਮਾਨਿਤ ਕਰਨਗੇ ਤਾਂ ਜੋ ਬਾਕੀ ਸਟਾਫ਼ ਵੀ ਅਜਿਹੇ ਕੰਮ ਕਰਨ। 
ਜ਼ਿਕਰਯੋਗ ਹੈ ਕਿ ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਐਮਰਜੈਂਸੀ ਕੰਟਰੋਲ ਰੂਮ ਦੀ ਸਥਾਪਨਾ ਕੀਤਾ ਗਿਆ ਸੀ, ਜਿਸ ਨਾਲ ਲੋਕ ਸੰਪਰਕ ਕਰ ਸਕਦੇ ਹਨ ਅਤੇ ਸਿਵਲ ਹਸਪਤਾਲ ਵਿਚ ਉਪਲਬਧ ਸਿਹਤ ਸਹੂਲਤਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਜੇ ਸੰਭਵ ਹੋਵੇ ਤਾਂ ਕਾਰ ਦੇ ਪਿਛੇ ਮੋਬਾਈਲ ਨੰਬਰ ਲਿਖਣਾ ਚਾਹੀਦਆ
ਅਕਸਰ ਕਈ ਮਾਮਲੇ ਦੇਖਣ ਨੂੰ ਮਿਲਦੇ ਹਨ ਕਿ ਜੇਕਰ ਤੁਹਾਡੀ ਕਾਰ ਕਿਸੇ ਜਗ੍ਹਾ ਖੜ੍ਹੀ ਹੁੰਦੀ ਹੈ ਤਾਂ ਕੋਈ ਹੋਰ ਵਿਅਕਤੀ ਆਪਣੀ ਕਾਰ ਨੂੰ ਤੁਹਾਡੀ ਕਾਰ ਦੇ ਅੱਗੇ ਜਾਂ ਪਿੱਛੇ ਖੜ੍ਹਾ ਕਰ ਦਿੰਦਾ ਹੈ, ਜਿਸ ਕਾਰਨ ਜੇਕਰ ਤੁਹਾਨੂੰ ਕੋਈ ਐਮਰਜੈਂਸੀ ਹੋਵੇ ਤਾਂ ਤੁਹਾਡੀ ਕਾਰ ਵਿਚਕਾਰ ਹੀ ਫਸ ਜਾਣ ਕਾਰਨ ਬਾਹਰ ਨਹੀਂ ਨਿਕਲਦੀ। ਇਸ ਤੋਂ ਇਲਾਵਾ ਜੇਕਰ ਉਕਤ ਬਜ਼ੁਰਗ ਔਰਤ ਦਾ ਮਾਮਲਾ ਦੇਖਿਆ ਜਾਵੇ ਤਾਂ ਯਕੀਨਨ ਔਰਤ ਨੂੰ ਹੋਸ਼ ਆ ਗਿਆ ਹੈ ਪਰ ਜੇਕਰ ਉਸਦੀ ਹਾਲਤ ਗੰਭੀਰ ਸੀ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਿਵੇਂ ਹੋ ਸਕਦਾ ਸੀ? ਇਨ੍ਹਾਂ ਮਾਮਲਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਲੋਕਾਂ ਨੂੰ ਆਪਣੀਆਂ ਕਾਰਾਂ ਦੇ ਪਿਛੇ ਆਪਣਾ ਮੋਬਾਈਲ ਨੰਬਰ ਲਿਖਿਆ ਹੋਣਾ ਚਾਹੀਦਾ ਹੈ , ਤਾਂ ਜੋ ਲੋੜ ਪੈਣ 'ਤੇ ਲੋਕ ਇਸ ਨੰਬਰ ’ਤੇ ਸੰਪਰਕ ਕਰ ਸਕਣ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਪੰਜਾਬ ਤੋਂ ਨੇਪਾਲ ਸਰਹੱਦ ਤਕ ਅਲਰਟ ਜਾਰੀ, ਜਾਣੋ ਹੁਣ ਤਕ ਕੀ ਕੁਝ ਹੋਇਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News