ਪਾਸਟਰ ਬਜਿੰਦਰ ਨੂੰ ਜੇਲ੍ਹ ਪਹੁੰਚਾਉਣ ਵਾਲੀ ਔਰਤ ਦੇ ਪਤੀ ਸਣੇ ਤਿੰਨ ਮੁਲਜ਼ਮ ਜਬਰ-ਜ਼ਿਨਾਹ ਮਾਮਲੇ ''ਚ ਬਰੀ
Thursday, Nov 13, 2025 - 01:39 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਪਾਸਟਰ ਬਜਿੰਦਰ ਸਿੰਘ ਨੂੰ ਜੇਲ੍ਹ ਪਹੁੰਚਾਉਣ ਵਾਲੀ ਔਰਤ ਦੇ ਪਤੀ ਸਣੇ 2 ਹੋਰ ਨੂੰ ਬਰੀ ਕਰ ਦਿੱਤਾ ਹੈ। ਸੈਕਟਰ-49 ਥਾਣਾ ਪੁਲਸ ਨੇ ਸਾਲ 2022 'ਚ ਸਮੂਹਿਕ ਜਬਰ-ਜ਼ਿਨਾਹ ਅਤੇ ਜ਼ਬਰਨ ਦੇਹ ਵਪਾਰ ਕਰਵਾਉਣ ਦੇ ਮਾਮਲੇ 'ਚ ਬਜਿੰਦਰ ਦੇ ਖ਼ਿਲਾਫ਼ ਸ਼ਿਕਾਇਤ ਦੇਣ ਵਾਲੀ ਔਰਤ ਦੇ ਪਤੀ ਸਣੇ ਤਿੰਨ ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਹਾਲਾਂਕਿ ਜਿਸ ਔਰਤ ਦੀ ਸ਼ਿਕਾਇਤ ’ਤੇ ਪੁਲਸ ਨੇ ਕੇਸ ਦਰਜ ਕੀਤਾ ਸੀ, ਉਹ ਅਦਾਲਤ 'ਚ ਬਿਆਨਾਂ ਤੋਂ ਮੁੱਕਰ ਗਈ। ਅਜਿਹੇ 'ਚ ਅਦਾਲਤ ਨੇ ਤਿੰਨਾਂ ਨੂੰ ਬਰੀ ਕਰ ਦਿੱਤਾ। ਬਰੀ ਹੋਣ ਵਾਲੇ ਵਿਅਕਤੀ ਨੇ ਕਿਹਾ ਕਿ ਪਤਨੀ ਨੇ ਬਜਿੰਦਰ ਦੇ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੂੰ ਸਜ਼ਾ ਹੋਈ ਸੀ।
ਬਜਿੰਦਰ ਅਤੇ ਸਾਥੀਆਂ ਨੇ ਬਦਲਾ ਲੈਣ ਦੇ ਲਈ ਝੂਠਾ ਕੇਸ ਦਰਜ ਕਰਵਾਇਆ ਸੀ। ਦੱਸਣਯੋਗ ਹੈ ਕਿ 2022 ਵਿਚ ਇਕ ਔਰਤ ਨੇ ਜ਼ਬਰਨ ਦੇਹ ਵਪਾਰ ਕਰਵਾਉਣ ਦਾ ਦੋਸ਼ ਲਗਾਉਂਦੇ ਹੋਏ ਤਿੰਨ ਲੋਕਾਂ ਦੇ ਖ਼ਿਲਾਫ਼ ਪੁਲਸ ਵਿਚ ਸ਼ਿਕਾਇਤ ਦਿੱਤੀ ਸੀ। ਔਰਤ ਨੇ ਸਮੂਹਿਕ ਜਬਰ-ਜ਼ਿਨਾਹ ਦੇ ਦੋਸ਼ ਵੀ ਲਗਾਏ ਸੀ। ਅਦਾਲਤ 'ਚ ਮੁਲਜ਼ਮਾਂ ਦੇ ਖ਼ਿਲਾਫ਼ ਕੋਈ ਸਬੂਤ ਸਾਹਮਣੇ ਨਹੀਂ ਆਇਆ ਅਤੇ ਔਰਤ ਨੇ ਵੀ ਬਿਆਨ ਬਦਲ ਦਿੱਤੇ, ਜਿਸ ਤੋਂ ਬਾਅਦ ਅਦਾਲਤ ਨੇ ਤਿੰਨੋਂ ਮੁਲਜ਼ਮਾਂ ਨੂੰ ਰਾਹਤ ਦਿੰਦੇ ਹੋਏ ਬਰੀ ਕਰ ਦਿੱਤਾ। ਦੱਸ ਦਈਏ ਕਿ ਇਸੇ ਸਾਲ ਮੋਹਾਲੀ ਜ਼ਿਲ੍ਹਾ ਅਦਾਲਤ ਨੇ ਪਾਸਟਰ ਬਜਿੰਦਰ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਸੀ। ਉਸ ਦੇ ਖ਼ਿਲਾਫ਼ ਸੱਤ ਸਾਲ ਪਹਿਲਾਂ ਇਕ ਔਰਤ ਨੇ ਸ਼ਿਕਾਇਤ ਦਿੱਤੀ ਸੀ। ਬਾਅਦ ਵਿਚ ਉਸੇ ਔਰਤ ਦੇ ਪਤੀ ’ਤੇ ਚੰਡੀਗੜ੍ਹ 'ਚ ਸਮੂਹਿਕ ਜਬਰ-ਜ਼ਿਨਾਹ ਦਾ ਕੇਸ ਦਰਜ ਹੋ ਗਿਆ ਸੀ।
