ਨੂੰਹ-ਪੁੱਤ ਵੱਲੋਂ ਬਜ਼ੁਰਗ ਮਾਪਿਆਂ ਦੇ ਕੇਸਾਂ ਦੀ ਬੇਅਦਬੀ! ਬੇਰਹਿਮੀ ਨਾਲ ਕੀਤੀ ਕੁੱਟਮਾਰ
Thursday, Nov 13, 2025 - 01:12 PM (IST)
ਮੁੱਲਾਂਪੁਰ ਦਾਖਾ (ਕਾਲੀਆ)- ਪਿੰਡ ਬੱਦੋਵਾਲ ਵਿਖੇ ਸਾਬਕਾ ਅਧਿਆਪਕ ਜੋੜਾ ਬਲਵਿੰਦਰ ਸਿੰਘ ਅਤੇ ਉਸਦੀ ਪਤਨੀ ਮਾਨ ਕੌਰ ਜੋ ਬਜ਼ੁਰਗ ਹਨ ਨਾਲ ਉਸਦੇ ਪੁੱਤਰ ਜਸਮੀਤ ਸਿੰਘ ਅਤੇ ਉਸ ਦੀ ਪਤਨੀ ਨੇ 10 ਨਵੰਬਰ ਦੀ ਰਾਤ ਨੂੰ ਮਾਰਕੁੱਟ ਕੀਤੀ ਜਿਨਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਥਾਣਾ ਦਾਖਾ ਦੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਬਲਵਿੰਦਰ ਸਿੰਘ ਅਤੇ ਉਸਦੀ ਪਤਨੀ ਮਾਨ ਕੌਰ ਨੇ ਦੋਸ਼ ਲਗਾਇਆ ਕਿ ਉਹ ਬੱਦੋਵਾਲ ਵਿਖੇ ਰਹਿੰਦੇ ਹਨ ਅਤੇ ਸਾਬਕਾ ਅਧਿਆਪਕ ਹਨ ਅਤੇ ਉਨ੍ਹਾਂ ਨੇ ਆਪਣੇ ਬੇਟੇ ਜਸਮੀਤ ਸਿੰਘ ਜੋ ਕਿ ਸਾਰੰਗੀ ਮਾਸਟਰ ਹੈ ਉਸ ਨੂੰ ਅਤੇ ਉਸਦੀ ਪਤਨੀ( ਨੂੰਹ) ਨੂੰ ਬੇਦਖਲ ਕੀਤਾ ਹੋਇਆ ਹੈ ਪਰ ਫਿਰ ਵੀ ਉਹ ਧੱਕੇ ਨਾਲ ਘਰ ਵਿਚ ਉੱਪਰਲੀ ਮੰਜ਼ਿਲ 'ਤੇ ਰਹਿੰਦੇ ਹਨ ਅਤੇ ਅਕਸਰ ਸਾਡੇ ਨਾਲ ਝਗੜਾ ਕਰਦੇ ਹਨ । 10 ਨਵੰਬਰ ਦੀ ਰਾਤ ਨੂੰ ਕਰੀਬ 9 ਵਜੇ ਉਸ ਦੀ ਨੂੰਹ ਅਤੇ ਪੁੱਤਰ ਜਸਮੀਤ ਸਿੰਘ ਨੇ ਉਨਾਂ ਦੀ ਮਾਰਕੁੱਟ ਕੀਤੀ। ਇੱਥੋਂ ਤਕ ਕਿ ਕੇਸਾਂ ਤੋਂ ਫੜ ਕੇ ਕੇਸਾਂ ਦੀ ਬੇਅਦਬੀ ਵੀ ਕੀਤੀ ਅਤੇ ਸਾਡੇ ਤੇ ਪਿਸਤੌਲ ਤਾਣ ਕੇ ਜਾਨੋ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ । ਜਿਸ ਸਬੰਧੀ ਅਸੀਂ 112 'ਤੇ ਡਾਇਲ ਕਰਕੇ ਸ਼ਿਕਾਇਤ ਵੀ ਦਰਜ ਕਰਵਾਈ ਅਤੇ ਫਿਰ ਜੇਰੇ ਇਲਾਜ ਸੁਧਾਰ ਸਰਕਾਰੀ ਪ੍ਰੇਮਜੀਤ ਹਸਪਤਾਲ ਦਾਖਲ ਹੋ ਗਏ।
ਥਾਣਾ ਦਾਖਾ ਦੇ ਮੁਖੀ ਹਮਰਾਜ ਸਿੰਘ ਚੀਮਾ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਏ.ਐੱਸ.ਆਈ ਕੁਲਦੀਪ ਸਿੰਘ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੀੜਤਾਂ ਦੇ ਬਿਆਨ ਕਲਮਬੱਧ ਕਰ ਲਏ ਹਨ ਅਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਕਰ ਕੇ ਬਜ਼ੁਰਗ ਜੋੜੇ ਨੂੰ ਇਨਸਾਫ ਦਿਵਾਇਆ ਜਾਵੇਗਾ।
