ਸਮਾਰਟ ਸਿਟੀ ਦਾ ਕੰਟਰੋਲ ਐਂਡ ਕਮਾਂਡ ਸੈਂਟਰ ਪ੍ਰਾਜੈਕਟ ਵੀ ਲਟਕਿਆ

Wednesday, Nov 09, 2022 - 03:48 PM (IST)

ਜਲੰਧਰ (ਖੁਰਾਣਾ)–ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸੇ ਸਾਲ 15 ਅਗਸਤ ਨੂੰ ਦੇਸ਼ ਦੀ ਸਮਾਰਟ ਸਿਟੀਜ਼ ਵਿਚ ਨਵੇਂ ਬਣੇ ਕੰਟਰੋਲ ਐਂਡ ਕਮਾਂਡ ਸੈਂਟਰਾਂ ਦਾ ਵਰਚੁਅਲ ਢੰਗ ਨਾਲ ਉਦਘਾਟਨ ਕੀਤਾ ਸੀ। ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਮੰਤਰੀ ਡਾ. ਨਿੱਝਰ ਨੇ ਪ੍ਰਧਾਨ ਮੰਤਰੀ ਵੱਲੋਂ ਉਦਘਾਟਨ ਤੋਂ ਵੀ ਇਕ ਦਿਨ ਪਹਿਲਾਂ ਭਾਵ 14 ਅਗਸਤ ਨੂੰ ਹੀ ਪੁਲਸ ਲਾਈਨ ’ਚ ਬਣੀ ਨਵੀਂ ਬਿਲਡਿੰਗ ਵਿਚ ਇਸ ਪ੍ਰਾਜੈਕਟ ਦਾ ਉਦਘਾਟਨ ਕਰ ਦਿੱਤਾ ਸੀ ਪਰ 3 ਮਹੀਨੇ ਬੀਤਣ ਦੇ ਬਾਵਜੂਦ ਸਮਾਰਟ ਸਿਟੀ ਦੇ ਕੰਟਰੋਲ ਐਂਡ ਕਮਾਂਡ ਸੈਂਟਰ ਦਾ ਕੰਮ ਨਾ ਸਿਰਫ਼ ਲਟਕਿਆ ਹੋਇਆ ਹੈ, ਸਗੋਂ ਇਕ ਨਵਾਂ ਕੈਮਰਾ ਤੱਕ ਨਹੀਂ ਲਾਇਆ ਜਾ ਸਕਿਆ।

ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਖਾਨਾਪੂਰਤੀ ਲਈ ਸਿਰਫ 32 ਕੈਮਰੇ ਸ਼ਹਿਰ ਦੀਆਂ 10 ਲੋਕੇਸ਼ਨਾਂ ’ਤੇ ਲਾਏ ਗਏ ਸਨ, ਜਿਨ੍ਹਾਂ ਦਾ ਵੀ ਕੋਈ ਲਾਭ ਅਜੇ ਤੱਕ ਸ਼ਹਿਰ ਨੂੰ ਨਹੀਂ ਮਿਲਿਆ ਕਿਉਂਕਿ ਉਨ੍ਹਾਂ ਕੈਮਰਿਆਂ ਦੀ ਤਸਵੀਰ ਸਿਰਫ਼ ਸਕ੍ਰੀਨ ’ਤੇ ਦਿਸਦੀ ਹੈ। ਉਸਦੇ ਆਧਾਰ ’ਤੇ ਕੋਈ ਫ਼ੈਸਲਾ ਅਜੇ ਤੱਕ ਜਲੰਧਰ ਪੁਲਸ ਜਾਂ ਪ੍ਰਸ਼ਾਸਨ ਨੇ ਨਹੀਂ ਲਿਆ ਹੈ।

ਇਹ ਵੀ ਪੜ੍ਹੋ : ਹਰਿਆਣਾ 'ਚ ਲਾਗੂ ਹੈ 'ਆਨੰਦ ਮੈਰਿਜ ਐਕਟ', ਪੰਜਾਬ 'ਚ ਕਈ ਅਸਫ਼ਲ ਕੋਸ਼ਿਸ਼ਾਂ ਮਗਰੋਂ ਹੁਣ ਨਜ਼ਰਾਂ ਮਾਨ ਸਰਕਾਰ 'ਤੇ

188 ਲੋਕੇਸ਼ਨਾਂ ’ਤੇ ਲੱਗਣੇ ਹਨ 1800 ਤੋਂ ਵੱਧ ਸੀ. ਸੀ. ਟੀ. ਵੀ. ਕੈਮਰੇ

ਇਸ ਪ੍ਰਾਜੈਕਟ ਤਹਿਤ ਸ਼ਹਿਰ ਦੀਆਂ 188 ਲੋਕੇਸ਼ਨਾਂ ਦੀ ਚੋਣ ਜਲੰਧਰ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ, ਜਿਹੜੀਆਂ ਸੰਵੇਦਨਸ਼ੀਲ ਮੰਨੀਆਂ ਜਾ ਰਹੀਆਂ ਹਨ। ਇਥੇ 1200 ਤੋਂ ਵੱਧ ਕੈਮਰੇ ਲਾਏ ਜਾਣੇ ਹਨ ਅਤੇ ਕੁਝ ਥਾਵਾਂ ’ਤੇ ਪਬਲਿਕ ਅਨਾਊਂਸਮੈਂਟ ਸਿਸਟਮ ਵੀ ਲੱਗੇਗਾ। ਇਹ ਕੈਮਰੇ ਹਾਈ ਪਾਵਰ ਹੋਣਗੇ ਅਤੇ ਰਾਤ ਨੂੰ ਵੀ ਦੂਰ ਤੱਕ ਮਾਰ ਕਰਨਗੇ।

ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਅਤੇ ਕ੍ਰਾਈਮ ਕਰਨ ਵਾਲੇ ਵਾਹਨ ਆਸਾਨੀ ਨਾਲ ਕਾਬੂ ਆ ਜਾਣਗੇ। ਇਸ ਤੋਂ ਇਲਾਵਾ ਇਸ ਪ੍ਰਾਜੈਕਟ ਵਿਚ ਕਈ ਹੋਰ ਨਾਗਰਿਕ ਸਹੂਲਤਾਂ ਵੀ ਜੋੜੀਆਂ ਗਈਆਂ ਹਨ ਪਰ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦਾ ਕਿੰਨਾ ਲਾਭ ਸ਼ਹਿਰ ਵਾਸੀਆਂ ਨੂੰ ਮਿਲ ਪਾਉਂਦਾ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ।

ਕੈਮਰਿਆਂ ਦੀ ਤਾਰ ਪਾਉਣ ਲਈ ਥਾਂ-ਥਾਂ ਪੁੱਟੀਆਂ ਜਾ ਰਹੀਆਂ ਸੜਕਾਂ

ਇਸ ਪ੍ਰਾਜੈਕਟ ਤਹਿਤ ਜਲੰਧਰ ਸ਼ਹਿਰ ਤੋਂ ਇਲਾਵਾ ਉਹ 12 ਪਿੰਡ ਵੀ ਕਵਰ ਕੀਤੇ ਜਾਣੇ ਹਨ, ਜਿਨ੍ਹਾਂ ਨੂੰ 3 ਸਾਲ ਪਹਿਲਾਂ ਨਿਗਮ ਦੀ ਹੱਦ ਵਿਚ ਜੋੜਿਆ ਗਿਆ ਸੀ। ਹੁਣ ਇਸ ਪ੍ਰਾਜੈਕਟ ਤਹਿਤ ਸਾਰੇ ਇਲਾਕਿਆਂ ’ਚ ਤਾਰਾਂ ਆਦਿ ਪਾਉਣ ਲਈ ਸੜਕਾਂ ਪੁੱਟੀਆਂ ਜਾ ਰਹੀਆਂ ਹਨ, ਜਿਸ ਕਾਰਨ ਲੋਕ ਜਿਥੇ ਪ੍ਰੇਸ਼ਾਨ ਹਨ, ਉਥੇ ਹੀ ਕਾਫੀ ਇਤਰਾਜ਼ ਵੀ ਉੱਠ ਰਹੇ ਹਨ। ਕੰਪਨੀ ਦੀ ਕੰਮ ਕਰਨ ਦੀ ਸਪੀਡ ਤਾਂ ਕਾਫ਼ੀ ਹੌਲੀ ਹੈ ਹੀ ਪਰ ਸੁਰੱਖਿਆ ਮਾਪਦੰਡਾਂ ਦਾ ਧਿਆਨ ਵੀ ਨਹੀਂ ਰੱਖਿਆ ਜਾ ਰਿਹਾ। ਪਤਾ ਲੱਗਾ ਹੈ ਕਿ ਇਸ ਮਾਮਲੇ ਵਿਚ ਪ੍ਰਸ਼ਾਸਨ ਨੇ ਕੰਪਨੀ ਨੂੰ ਵੱਖ-ਵੱਖ ਕਮੀਆਂ ਕਾਰਨ ਲਗਭਗ 7 ਨੋਟਿਸ ਜਾਰੀ ਕੀਤੇ ਹਨ ਅਤੇ ਜਲਦ ਕੰਮ ਨਿਪਟਾਉਣ ਨੂੰ ਕਿਹਾ ਹੈ। ਕੰਪਨੀ ਦਾ ਤਰਕ ਹੈ ਕਿ ਸਿਰਫ਼ ਕੇਬਲ ਪਾਉਣ ਲਈ ਇਜਾਜ਼ਤ ਦੇਣ ਵਿਚ ਕਾਫ਼ੀ ਦੇਰੀ ਕੀਤੀ ਗਈ, ਜਿਸ ਕਾਰਨ ਪ੍ਰਾਜੈਕਟ ਲਟਕਿਆ। ਹੁਣ ਦੇਖਣਾ ਹੈ ਕਿ ਇਹ ਪ੍ਰਾਜੈਕਟ ਪੂਰਾ ਹੋਣ ਵਿਚ ਕਿੰਨੇ ਮਹੀਨੇ ਹੋਰ ਲੈਂਦਾ ਹੈ।

ਇਹ ਵੀ ਪੜ੍ਹੋ : 'ਸਤਿਨਾਮ ਵਾਹਿਗੁਰੂ' ਦੇ ਜਾਪ ਨਾਲ ਗੂੰਜਿਆ ਸੁਲਤਾਨਪੁਰ ਲੋਧੀ, ਗੁ. ਸ੍ਰੀ ਬੇਰ ਸਾਹਿਬ ਵਿਖੇ ਲੱਖਾਂ ਸ਼ਰਧਾਲੂ ਹੋਏ ਨਤਮਸਤਕ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News