ਮੁਅੱਤਲ DIG ਭੁੱਲਰ ਤੇ ਵਿਚੋਲੀਏ ਦੀ ਵੀ. ਸੀ. ਰਾਹੀਂ ਪੇਸ਼ੀ, 100 ਸਫ਼ਿਆਂ ਦੀ ਚਾਰਜਸ਼ੀਟ ਕੀਤੀ ਦਾਖ਼ਲ

Friday, Dec 05, 2025 - 09:52 AM (IST)

ਮੁਅੱਤਲ DIG ਭੁੱਲਰ ਤੇ ਵਿਚੋਲੀਏ ਦੀ ਵੀ. ਸੀ. ਰਾਹੀਂ ਪੇਸ਼ੀ, 100 ਸਫ਼ਿਆਂ ਦੀ ਚਾਰਜਸ਼ੀਟ ਕੀਤੀ ਦਾਖ਼ਲ

ਚੰਡੀਗੜ੍ਹ (ਸੁਸ਼ੀਲ) : ਪੰਜਾਬ ਪੁਲਸ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਚਾਰਜਸ਼ੀਟ ਦਾਇਰ ਹੋਣ ਤੋਂ ਬਾਅਦ ਵੀਰਵਾਰ ਨੂੰ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ’ਚ ਸੁਣਵਾਈ ਹੋਈ। ਭੁੱਲਰ ਅਤੇ ਵਿਚੋਲੀਏ ਕ੍ਰਿਸ਼ਨੂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ’ਚ ਪੇਸ਼ ਕੀਤਾ ਗਿਆ। ਹੁਣ ਅਗਲੀ ਸੁਣਵਾਈ 10 ਜਨਵਰੀ, 2026 ਨੂੰ ਹੋਵੇਗੀ। ਡੀ. ਆਈ. ਜੀ. ਭੁੱਲਰ ਦੇ ਮਾਮਲੇ ’ਚ ਬੁੱਧਵਾਰ ਰਾਤ ਨੂੰ ਸੀ. ਬੀ. ਆਈ. ਨੇ ਵਿਸ਼ੇਸ਼ ਅਦਾਲਤ ’ਚ 300 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ।

ਚਾਰਜਸ਼ੀਟ ’ਚ ਜਾਂਚ ਟੀਮ ਨੇ ਮੁਲਜ਼ਮ ਭੁੱਲਰ ਤੇ ਵਿਚੋਲੀਏ ਕ੍ਰਿਸ਼ਨੂ ਨੂੰ ਮੁਲਜ਼ਮ ਬਣਾਇਆ ਹੈ। ਸੀ. ਬੀ. ਆਈ. ਨੂੰ ਵਿਚੋਲੀਏ ਕ੍ਰਿਸ਼ਨੂ ਦੇ ਘਰ ਤੋਂ ਇਕ ਡਾਇਰੀ ਮਿਲੀ ਸੀ, ਜਿਸ ਵਿਚ ਪੰਜਾਬ ਦੇ ਕਈ ਨੌਕਰਸ਼ਾਹ ਅਧਿਕਾਰੀਆਂ ਦੇ ਨਾਂ ਤੇ ਬੈਂਕ ਖ਼ਾਤਾ ਨੰਬਰ ਲਿਖੇ ਸਨ। ਜਾਂਚ ਟੀਮ ਨੇ ਸਾਰੇ ਬਿਊਰੋਕ੍ਰੇਟਸ ਅਤੇ 2 ਨਿਆਇਕ ਅਧਿਕਾਰੀਆਂ ਦੇ ਨਾਂ ਚਾਰਜਸ਼ੀਟ ’ਚ ਸ਼ਾਮਲ ਨਹੀਂ ਕੀਤੇ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜਾਂਚ ਟੀਮ ਨੇ ਬੀ. ਐੱਨ. ਐੱਸ. ਦੀ ਧਾਰਾ 61(2) ਤੇ ਭ੍ਰਿਸ਼ਟਾਚਾਰ ਰੋਕਥਾਮ ਐਕਟ, 1988 ਦੀ ਧਾਰਾ 12 ਵੀ ਜੋੜ ਦਿੱਤੀ ਹੈ।

ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨੇ ਆਪਣੇ ਬਚਾਅ ਵਿਚ ਸੀ. ਬੀ. ਆਈ. ਅਦਾਲਤ ਤੋਂ ਰਿਕਾਰਡ ਮੰਗੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਫਸਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਡੀ. ਸੀ. ਕੰਪਲੈਕਸ ਮੋਹਾਲੀ ਤੋਂ ਸੈਕਟਰ-30 ਸੀ. ਬੀ. ਆਈ. ਦਫ਼ਤਰ ਦੇ ਵਿਚਕਾਰ ਲੱਗੇ ਸੀ. ਸੀ. ਟੀ. ਵੀ. ਫੁਟੇਜ ਦੀ ਲੋੜ ਹੈ। ਭੁੱਲਰ ਨੇ ਸੀ. ਬੀ. ਆਈ. ਇੰਸਪੈਕਟਰ ਸੋਨਲ ਮਿਸ਼ਰਾ ਤੇ ਡੀ. ਐੱਸ. ਪੀ. ਕੁਲਦੀਪ ਸਿੰਘ ਦੀ ਕਾਲ ਡਿਟੇਲ ਤੇ ਟਾਵਰ ਲੋਕੇਸ਼ਨ ਰਿਕਾਰਡ ਵੀ ਮੰਗੇ ਹਨ।


author

Babita

Content Editor

Related News