ਕੁੱਤਿਆਂ ਦੀ ਨਸਬੰਦੀ ਕਰਕੇ ਕੱਢੇ ਗਏ ਅੰਗਾਂ ਨੂੰ ਨਸ਼ਟ ਕਰਨ ਲਈ ਮਸ਼ੀਨਰੀ ਲਗਾਏਗਾ ਨਿਗਮ

05/13/2021 6:22:10 PM

ਜਲੰਧਰ (ਖੁਰਾਣਾ)–ਮੇਅਰ ਜਗਦੀਸ਼ ਰਾਜਾ ਵੱਲੋਂ ਬਣਾਈ ਗਈ ਸਟਰੇਅ ਐਨੀਮਲ ਐਡਹਾਕ ਕਮੇਟੀ ਦੀ ਇਕ ਮੀਟਿੰਗ ਬੀਤੇ ਦਿਨ ਚੇਅਰਮੈਨ ਬੰਟੀ ਨੀਲਕੰਠ ਦੀ ਪ੍ਰਧਾਨਗੀ ਵਿਚ ਹੋਈ। ਇਸ ਦੌਰਾਨ ਕੌਂਸਲਰ ਅਵਤਾਰ ਚੰਦ, ਕੌਂਸਲਰ ਬੱਬੀ ਚੱਢਾ, ਕੌਂਸਲਰ ਮਨਮੋਹਨ ਰਾਜੂ ਅਤੇ ਮਨਮੋਹਨ ਸਿੰਘ ਮੋਹਨਾ ਤੋਂ ਇਲਾਵਾ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਹਾਜ਼ਰ ਸਨ। ਮੀਟਿੰਗ ਦੌਰਾਨ ਚਰਚਾ ਹੋਈ ਕਿ ਨਸਬੰਦੀ ਕਰਨ ਤੋਂ ਬਾਅਦ ਕੁੱਤਿਆਂ ਦੇ ਜੋ ਅੰਗ ਕੱਢੇ ਜਾਂਦੇ ਹਨ, ਉਨ੍ਹਾਂ ਨੂੰ ਨਸ਼ਟ ਕਰਨ ਸਬੰਧੀ ਫਿਲਹਾਲ ਚੱਲ ਰਿਹਾ ਸਿਸਟਮ ਸਵਾਲਾਂ ਦੇ ਘੇਰੇ ਵਿਚ ਹੈ। ਇਸ ਲਈ ਨਗਰ ਨਿਗਮ ਹੁਣ ਆਪਣੇ ਪੱਧਰ ’ਤੇ ਅਜਿਹੀ ਮਸ਼ੀਨਰੀ ਲਗਾਏਗਾ, ਜਿਸ ਨਾਲ ਇਹ ਅੰਗ ਨਸ਼ਟ ਕੀਤੇ ਜਾ ਸਕਣ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਵੱਡੀ ਵਾਰਦਾਤ: ਪ੍ਰੇਮ ਸੰਬੰਧਾਂ ਦੇ ਸ਼ੱਕ 'ਚ ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਦਿੱਤੀ ਦਰਦਨਾਕ ਮੌਤ

ਜ਼ਿਕਰਯੋਗ ਹੈ ਕਿ ਫਿਲਹਾਲ ਜਾਰੀ ਸਿਸਟਮ ਤਹਿਤ ਕੰਪਨੀ ਵੱਲੋਂ ਇਹ ਅੰਗ ਬਾਇਓ-ਮੈਡੀਕਲ ਵੇਸਟ ਇਕੱਠਾ ਕਰਨ ਵਾਲੀ ਕੰਪਨੀ ਨੂੰ ਸੌਂਪ ਦਿੱਤੇ ਜਾਂਦੇ ਹਨ, ਜੋ ਇਨ੍ਹਾਂ ਨੂੰ ਲੁਧਿਆਣਾ ਜਾਂ ਹੋਰ ਸਥਾਨ ’ਤੇ ਜਾ ਕੇ ਨਸ਼ਟ ਕਰਦੀ ਹੈ। ਸਾਬਕਾ ਕਮਿਸ਼ਨਰ ਦੀਪਰਵ ਲਾਕੜਾ ਦੇ ਕਾਰਜਕਾਲ ਦੌਰਾਨ ਵੀ ਸਵਾਲ ਉੱਠੇ ਸਨ ਕਿ ਅੰਗ ਨਸ਼ਟ ਕਰਨ ਸਬੰਧੀ ਇਹ ਸਿਸਟਮ ਦੋਵਾਂ ਪ੍ਰਾਈਵੇਟ ਪਾਰਟੀਆਂ ਵਿਚ ਹੈ। ਇਸ ਲਈ ਕਈ ਸਵਾਲ ਖੜ੍ਹੇ ਹੋ ਰਹੇ ਹਨ ਕਿ ਕਿਤੇ ਉਨ੍ਹਾਂ ਅੰਗਾਂ ਨੂੰ ਵਾਰ-ਵਾਰ ਤਾਂ ਨਹੀਂ ਗਿਣਾਇਆ ਜਾ ਰਿਹਾ। ਉਸ ਸਮੇਂ ਵੀ ਗੱਲ ਚੱਲੀ ਸੀ ਕਿ ਨਿਗਮ ਆਪਣੇ ਪੱਧਰ ’ਤੇ ਅਜਿਹੀ ਮਸ਼ੀਨਰੀ ਲਗਾਏ।

ਇਹ ਵੀ ਪੜ੍ਹੋ: ਜਲੰਧਰ ’ਚ ਖ਼ਤਮ ਹੋਈ ਕੋਰੋਨਾ ਦੀ ਵੈਕਸੀਨ, ਬੰਦ ਹੋਏ ਕਈ ਵੈਕਸੀਨ ਸੈਂਟਰ

ਕੁਝ ਸਮਾਂ ਪਹਿਲਾਂ ਜੁਆਇੰਟ ਕਮਿਸ਼ਨਰ ਮੇਜਰ ਅਮਿਤ ਸਰੀਨ ਨੇ ਡੌਗ ਕੰਪਾਊਂਡ ’ਤੇ ਜਾਂਚ ਕਰ ਕੇ ਕੁੱਤਿਆਂ ਦੇ ਕੱਢੇ ਗਏ ਅੰਗਾਂ ਸਬੰਧੀ ਕੰਪਨੀ ਤੋਂ ਸਵਾਲ ਕੀਤੇ ਸਨ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਉਹ ਅੰਗ ਅਜੇ ਵੀ ਕੰਪਾਊਂਡ ਵਿਚ ਹੀ ਪਏ ਹੋਏ ਹਨ। ਅੱਜ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਅਧਿਕਾਰੀਆਂ ਤੋਂ ਪੁੱਛਿਆ ਗਿਆ ਕਿ ਇਨ੍ਹਾਂ ਅੰਗਾਂ ਨੂੰ ਨਸ਼ਟ ਕਰਨ ਲਈ ਕੀ ਕੀਤਾ ਜਾ ਰਿਹਾ ਹੈ? ਮੀਟਿੰਗ ਦੌਰਾਨ ਨਸਬੰਦੀ ਪ੍ਰਾਜੈਕਟ ਚਲਾਉਣ ਵਾਲੀ ਕੰਪਨੀ ਦੇ ਪ੍ਰਤੀਨਿਧੀ ਵੀ ਹਾਜ਼ਰ ਸਨ, ਜਿਨ੍ਹਾਂ ਨੇ ਮੰਗ ਰੱਖੀ ਕਿ ਇਸ ਪ੍ਰਾਜੈਕਟ ਵਿਚ ਤੇਜ਼ੀ ਲਿਆਉਣ ਲਈ ਡੌਗ ਕੰਪਾਊਂਡ ਦਾ ਦਾਇਰਾ ਵਧਾਇਆ ਜਾਵੇ। ਸਬੰਧਤ ਨਿਗਮ ਅਧਿਕਾਰੀ ਦਾ ਕਹਿਣਾ ਹੈ ਕਿ ਕੰਪਾਊਂਡ ਵਿਚ ਇਕ ਸਾਈਟ ’ਤੇ ਹਾਈਟੈਨਸ਼ਨ ਤਾਰ ਗੁਜ਼ਰਦੀ ਹੈ ਤਾਂ ਦੂਜੇ ਪਾਸੇ ਪਿੱਟ ਕੰਪੋਸਟਿੰਗ ਯੂਨਿਟ ਬਣਿਆ ਹੋਇਆ ਹੈ, ਜਿਸ ’ਤੇ ਅਦਾਲਤੀ ਸਟੇਅ ਚੱਲ ਰਿਹਾ ਹੈ। ਇਸ ਮਾਮਲੇ ਵਿਚ ਐਡਹਾਕ ਕਮੇਟੀ ਨੇ ਵੀਰਵਾਰ ਨੂੰ ਡੌਗ ਕੰਪਾਊਂਡ ਦਾ ਦੌਰਾ ਕਰਨ ਦਾ ਫ਼ੈਸਲਾ ਲਿਆ ਹੈ।

ਇਹ ਵੀ ਪੜ੍ਹੋ: ਕੈਨੇਡਾ ਗਏ ਨਡਾਲਾ ਦੇ ਨੌਜਵਾਨ ਦੇ ਘਰ ਵਿਛੇ ਸੱਥਰ, ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ

ਕਰੋੜਾਂ ਨਾਲ ਖਰੀਦੀਆਂ ਗਈਆਂ ਸਵੀਪਿੰਗ ਮਸ਼ੀਨਾਂ ਕਿਥੇ ਚੱਲਦੀਆਂ ਹਨ, ਕਿਸੇ ਨੂੰ ਪਤਾ ਨਹੀਂ
ਕਮੇਟੀ ਦੀ ਮੀਟਿੰਗ ਦੌਰਾਨ ਜ਼ਿਆਦਾਤਰ ਮੈਂਬਰਾਂ ਦਾ ਕਹਿਣਾ ਸੀ ਕਿ ਨਿਗਮ ਨੇ ਸਮਾਰਟ ਸਿਟੀ ਫੰਡ ਨਾਲ ਕਰੋੜਾਂ ਰੁਪਏ ਖਰਚ ਕਰ ਕੇ ਨਵੀਆਂ ਸਵੀਪਿੰਗ ਮਸ਼ੀਨਾਂ ਖਰੀਦ ਰੱਖੀਆਂ ਹਨ, ਜਿਨ੍ਹਾਂ ਨੂੰ ਚਲਾਉਣ ਸਬੰਧੀ ਕਾਂਟਰੈਕਟ ਵੀ ਪ੍ਰਾਈਵੇਟ ਕੰਪਨੀਆਂ ਨਾਲ ਕੀਤਾ ਹੋਇਆ ਹੈ। ਇਸਦੇ ਬਾਵਜੂਦ ਕਈ ਮਸ਼ੀਨਾਂ ਸ਼ਹਿਰ ਵਿਚ ਕਿਥੇ ਚਲਾਈਆਂ ਜਾ ਰਹੀਆਂ ਹਨ, ਇਸ ਸਬੰਧੀ ਕਿਸੇ ਨੂੰ ਕੁਝ ਪਤਾ ਨਹੀਂ ਹੈ। ਕਮੇਟੀ ਨੇ ਅੱਜ ਸਬੰਧਤ ਅਧਿਕਾਰੀਆਂ ਤੋਂ ਇਨ੍ਹਾਂ ਮਸ਼ੀਨਾਂ ਦਾ ਰੂਟ ਪਲਾਨ ਮੰਗਿਆ, ਜਿਸ ਦੌਰਾਨ ਪਤਾ ਲੱਗਾ ਕਿ ਨਿਗਮ ਤੋਂ ਤਬਾਦਲਾ ਹੋ ਕੇ ਕਪੂਰਥਲਾ ਗਏ ਡਾ. ਰਾਜਕਮਲ ਨੇ ਇਸ ਸਬੰਧੀ ਕਿਸੇ ਨੂੰ ਚਾਰਜ ਨਹੀਂ ਸੌਂਪਿਆ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News