ਮਨੀ ਚੇਂਜਰ ਲੁੱਟ ਦੀ ਵਾਰਦਾਤ ਮਗਰੋਂ ਦੁਕਾਨਦਾਰਾਂ ਨੇ ਲਾਇਆ ਦੋ ਘੰਟੇ ਟ੍ਰੈਫਿਕ ਜਾਮ
Wednesday, Dec 17, 2025 - 07:36 PM (IST)
ਗੜ੍ਹਸ਼ੰਕਰ/ਮਾਹਿਲਪੁਰ (ਭਾਰਦਵਾਜ/ਜਸਵੀਰ) : ਬੀਤੇ ਦਿਨ ਸ਼ਾਮ ਕਰੀਬ 7 ਵਜੇ ਇਕ ਮੋਟਰਸਾਈਕਲ ਤੇ ਸਵਾਰ ਹੋਕੇ ਆਏ ਤਿੰਨ ਨੌਜਵਾਨਾਂ ਵੱਲੋਂ ਸ਼ਹਿਰ ਦੇ ਫਗਵਾੜਾ ਰੋਡ 'ਤੇ ਸੋਢੀ ਮਨੀ ਚੇਂਜਰ ਦੀ ਦੁਕਾਨ 'ਤੇ ਪਿਸਤੌਲ ਦੇ ਜ਼ੋਰ 'ਤੇ ਕੀਤੀ 5 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਦੇ ਕਾਰਨ ਗੁੱਸੇ ਵਿਚ ਦੁਕਾਨਦਾਰਾਂ ਨੇ ਅੱਜ ਸਵੇਰੇ ਸਵਾ ਕੁ 9 ਵਜੇ ਚੰਡੀਗੜ੍ਹ-ਹੁਸ਼ਿਆਰਪੁਰ ਸੜਕ 'ਤੇ ਚੰਡੀਗੜ੍ਹ ਚੌਕ 'ਚ ਸੜਕ ਤੇ ਬੈਠ ਕੇ ਪੁਲਸ ਪ੍ਰਸ਼ਾਸਨ ਦੇ ਖਿਲਾਫ਼ ਟ੍ਰੈਫਿਕ ਜਾਮ ਕਰ ਦਿੱਤਾ।
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਹੋ ਰਹੀ ਗਿਣਤੀ 'ਚ ਰੁਝੇ ਐੱਸ ਐੱਚ ਓ ਮਾਹਿਲਪੁਰ ਨੇ ਟ੍ਰੈਫਿਕ ਜਾਮ ਦੀ ਜਾਣਕਾਰੀ ਮਿਲਣ ਤੇ ਧਰਨਾ ਦੇ ਰਹੇ ਦੁਕਾਨਦਾਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਦੁਕਾਨਦਾਰ ਕਿਸੇ ਉੱਚ ਅਧਿਕਾਰੀ ਦੇ ਮੌਕੇ 'ਤੇ ਪੁੱਜਣ ਦੀ ਮੰਗ ਕਰਦੇ ਹੋਏ ਸ਼ਾਂਤਮਈ ਢੰਗ ਨਾਲ ਸੜਕ 'ਤੇ ਬੈਠੇ ਰਹੇ। ਇਸ ਮੌਕੇ ਡੀ ਐੱਸ ਪੀ ਹੁਸ਼ਿਆਰਪੁਰ ਜਾਗੀਰ ਸਿੰਘ ਨੇ ਧਰਨਾ ਦੇ ਰਹੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਲੁਟੇਰੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਵੇਗਾ। ਜਿਸ ਤੋਂ ਬਾਅਦ ਦੁਕਾਨਦਾਰ ਕਮੇਟੀ ਦੇ ਪ੍ਰਧਾਨ ਨਰੇਸ਼ ਕੁਮਾਰ ਲਵਲੀ ਅਤੇ ਨਰਿੰਦਰ ਮੋਹਨ ਨਿੰਦੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋ ਦਿਨ ਵਿਚ ਲੁਟੇਰਿਆਂ ਨੂੰ ਕਾਬੂ ਨਹੀਂ ਕੀਤਾ ਗਿਆ ਤਾਂ ਉਹ ਫਿਰ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ ਤੇ ਇਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਦੁਕਾਨਦਾਰ ਡਰ ਦੇ ਮਾਹੌਲ ਵਿਚ ਦਿਨ ਕੱਟ ਰਹੇ ਹਨ ਕਿਉਂਕਿ ਪਤਾ ਨਹੀਂ ਇਹ ਲੁਟੇਰੇ ਅੱਗੇ ਕਿਸ ਨੂੰ ਨਿਸ਼ਾਨਾ ਬਣਾ ਦੇਣ।
ਲੁਟੇਰੇ ਹੋ ਚੁੱਕੇ ਟਰੇਸ: ਡੀਐੱਸਪੀ ਗੜ੍ਹਸ਼ੰਕਰ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਇਸ ਵਾਰਦਾਤ ਚ ਸ਼ਾਮਿਲ ਲੁਟੇਰਿਆਂ ਦਾ ਪਤਾ ਲੱਗ ਗਿਆ ਹੈ ਤੇ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਵੇਗਾ।
