ਟਾਂਡਾ ''ਚ ਕਰੀਬ 40 ਫ਼ੀਸਦੀ ਲੋਕਾਂ ਨੇ ਵੋਟ ਪਾਉਣ ਦੇ ਹੱਕ ਦਾ ਕੀਤਾ ਇਸਤੇਮਾਲ
Sunday, Dec 14, 2025 - 06:40 PM (IST)
ਟਾਂਡਾ ਉੜਮੁੜ (ਮੋਮੀ)- ਪੰਜਾਬ ਰਾਜ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਕੰਮ ਅੱਜ ਅਮਨ-ਅਮਾਨ ਨਾਲ ਟਾਂਡਾ ਵਿੱਚ ਪੂਰਾ ਹੋ ਗਿਆ। ਜ਼ਿਲ੍ਹਾ ਚੋਣ ਕਮਿਸ਼ਨ ਕੰਮ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਰਿਟਰਨਿੰਗ ਅਫ਼ਸਰ ਕਮ ਐੱਸ. ਡੀ. ਐੱਮ. ਟਾਂਡਾ ਲਵਪ੍ਰੀਤ ਸਿੰਘ ਔਲਖ ਅਤੇ ਇਲੈਕਸ਼ਨ ਇੰਚਾਰਜ ਟਾਂਡਾ ਨਾਇਬ ਤਹਿਸੀਲਦਾਰ ਮਨਪ੍ਰੀਤ ਸਿੰਘ ਦੀ ਨਿਗਰਾਨੀ ਵਿੱਚ ਹੋਈਆਂ ਇਨਾਂ ਚੋਣਾਂ ਦੌਰਾਨ ਟਾਂਡਾ ਦੇ 3 ਜ਼ਿਲ੍ਹਾ ਪ੍ਰੀਸ਼ਦ ਜ਼ੋਨ ਅਤੇ 20 ਬਲਾਕ ਸੰਮਤੀ ਜ਼ੋਨਾਂ ਲਈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਾਂ ਪਈਆਂ।
ਇਨ੍ਹਾਂ ਵੋਟਾਂ ਦੌਰਾਨ ਜਿੱਥੇ ਵਡੇਰੀ ਉਮਰ ਦੇ ਲੋਕਾਂ ਨੇ ਹਿੱਸਾ ਲਿਆ, ਉੱਥੇ ਹੀ ਨੌਜਵਾਨਾਂ ਨੇ ਵੀ ਆਪਣੀ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕੀਤਾ ਅਤੇ ਲੰਬੀਆਂ-ਲੰਬੀਆਂ ਕਤਾਰਾਂ ਵਿੱਚ ਖੜ੍ਹ ਕੇ ਆਪਣੀ ਵੋਟ ਪਾਉਣ ਦਾ ਇੰਤਜ਼ਾਰ ਕੀਤਾ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਮੰਗਵਾਲ 'ਚ ਪਤਨੀ ਸਣੇ ਪਾਈ ਵੋਟ
ਵੋਟਿੰਗ ਖ਼ਤਮ ਹੋਣ ਕਾਰਨ ਜਿੱਥੇ ਚੋਣ ਅਮਲੇ ਵੱਲੋਂ ਆਪਣੀ ਕਾਰਵਾਈ ਕਰਨ ਉਪਰੰਤ ਚੋਣ ਬਕਸੇ ਗਿਆਨੀ ਕਰਤਾਰ ਸਿੰਘ ਸਰਕਾਰੀ ਕਾਲਜ ਟਾਂਡਾ ਵਿੱਚ ਬਣਾਏ ਗਏ ਕਾਊਂਟਿੰਗ ਸੈਂਟਰ ਵਿੱਚ ਜਮ੍ਹਾ ਕਰਵਾ ਦਿੱਤੇ ਗਏ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਐਸ.ਡੀ.ਐਮ ਟਾਂਡਾ ਲਵਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ 17 ਦਸੰਬਰ ਨੂੰ ਸਵੇਰੇ 8 ਵਜੇ ਤੋਂ ਚੋਣਾਂ ਵੋਟਾਂ ਦੀ ਗਿਣਤੀ ਆਰੰਭ ਹੋਵੇਗੀ ਅਤੇ 12 ਵਜੇ ਤੱਕ ਰੁਝਾਨ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਹੋਰ ਦੱਸਿਆ ਕਿ ਅੱਜ ਹੋਈਆਂ ਚੋਣਾਂ ਦੌਰਾਨ ਟਾਂਡਾ ਇਲਾਕੇ ਵਿੱਚ 35 ਤੋਂ 40 ਪ੍ਰਤੀਸ਼ਤ ਵੋਟਿੰਗ ਹੋਈ ਹੈ। ਉਧਰ ਦੂਜੇ ਪਾਸੇ ਡੀ. ਐੱਸ. ਪੀ. ਟਾਂਡਾ ਦਵਿੰਦਰ ਸਿੰਘ ਬਾਜਵਾ ਥਾਣਾ ਮੁਖੀ ਟਾਂਡਾ ਗੁਰਜਿੰਦਰਜੀਤ ਸਿੰਘ ਨਾਜਰਾ ਦੀ ਅਗਵਾਈ ਵਿੱਚ ਟਾਂਡਾ ਪੁਲਸ ਨੇ ਵੋਟਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਦੀ ਭੂਮਿਕਾ ਬਾਖੂਬੀ ਨਿਭਾਈ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਘਟਨਾ! ਸੰਘਣੀ ਆਬਾਦੀ ਵਾਲੇ ਬਾਜ਼ਾਰ 'ਚ ਕੱਪੜਿਆਂ ਦੀ ਦੁਕਾਨ ਨੂੰ ਲੱਗੀ ਅੱਗ
