300 ਤੋਂ ਵੱਧ ਦੁਕਾਨਦਾਰਾਂ ਨੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਦੀ ਚੁੱਕੀ ਸਹੁੰ

Monday, Aug 06, 2018 - 11:41 PM (IST)

300 ਤੋਂ ਵੱਧ ਦੁਕਾਨਦਾਰਾਂ ਨੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਦੀ ਚੁੱਕੀ ਸਹੁੰ

ਜਲੰਧਰ,(ਬੁਲੰਦ)— ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸੋਮਵਾਰ ਨੂੰ ਵੇਰਕਾ ਮਿਲਕ ਵਾਰ ਐਸੋਸੀਏਸ਼ਨ ਜਲੰਧਰ ਨਾਲ ਜੁੜੇ 300 ਤੋਂ ਵੱਧ ਦੁਕਾਨਦਾਰਾਂ ਨੂੰ ਆਪਣੇ ਕਾਰੋਬਾਰ ਲਈ ਪਲਾਸਟਿਕ ਦੇ ਬਣੇ ਲਿਫਾਫਿਆਂ ਦਾ ਇਸਤੇਮਾਲ ਨਾ ਕਰਨ ਲਈ ਉਤਸਾਹਿਤ ਕੀਤਾ ਗਿਆ, ਜਿਸ ਦੌਰਾਨ ਦੁਕਾਨਦਾਰਾਂ ਨੇ ਇਨ੍ਹਾਂ ਲਿਫਾਫਿਆਂ ਦੀ ਵਰਤੋਂ ਨਾ ਕਰਨ ਦੀ ਸਹੁੰ ਚੁੱਕੀ। ਇਸ ਮੌਕੇ ਵਾਤਾਵਰਨ ਅਧਿਕਾਰੀ ਅਰੁਣ ਕੱਕੜ ਵਲੋਂ ਸੋਢਲ ਮੰਦਰ ਕੰਪਲੈਕਸ 'ਚ ਐਸੋਸੀਏਸ਼ਨ ਦੇ ਚੈਅਰਮੈਨ ਰਾਜ ਛਾਬੜਾ, ਪ੍ਰਧਾਨ ਅਸ਼ੋਕ ਮਹਾਜਨ, ਸੱਕਤਰ ਬਲਵੰਤ ਸਿੰਘ ਅਤੇ ਬਾਕੀ ਮੈਂਬਰਾਂ ਦੇ ਨਾਲ ਪਲਾਸਟਿਕ ਦੇ ਲਿਫਾਫਿਆਂ ਦਾ ਪ੍ਰਯੋਗ ਨਾ ਕਰਨ ਬਾਰੇ ਬੈਠਕ ਕੀਤੀ ਗਈ ਅਤੇ ਸਰਕਾਰ ਦੇ ਹੁਕਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਗਈ। 
ਇਸ ਮੌਕੇ ਦੁਕਾਨਦਾਰਾਂ ਨੇ ਵਿਸ਼ਵਾਸ ਦਿਲਾਇਆ ਕਿ ਉਹ ਵਾਤਾਵਰਨ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪਲਾਸਟਿਕ ਦੇ ਲਿਫਾਫਿਆਂ ਦਾ ਇਸਤੇਮਾਲ ਨਹੀਂ ਕਰਨਗੇ ਅਤੇ ਉਨ੍ਹਾਂ ਦੀ ਜਗ੍ਹਾ ਗਲਣ ਵਾਲੇ ਪਦਾਰਥ ਦੇ ਬਣੇ ਲਿਫਾਫਿਆਂ ਦਾ ਹੀ ਇਸਤੇਮਾਲ ਕਰਨਗੇ। ਇਸ ਮੌਕੇ ਕੱਕੜ ਨੇ ਦੁਕਾਨਦਾਰਾਂ ਨੂੰ ਗਲਨਸ਼ੀਲ ਲਿਫਾਫਿਆਂ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਲਿਫਾਫੇ ਵਾਤਾਵਰਨ 'ਚ ਲਾਭਕਾਰੀ ਸਾਬਤ ਹੁੰਦੇ ਹਨ ਅਤੇ ਇਹ ਆਉਣ ਵਾਲੀ ਪੀੜੀ ਨੂੰ ਪ੍ਰਦੂਸ਼ਣ ਮੁਕਤ ਰੱਖਣ 'ਚ ਵੀ ਸਹਾਇਕ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਇਹ ਲਿਫਾਫੇ ਪਾਣੀ ਅਤੇ ਮਿੱਟੀ 'ਚ ਗਲ ਜਾਂਦੇ ਹਨ, ਜਿਸ ਕਾਰਨ ਵਾਤਾਵਰਨ ਸੁਰੱਖਿਅਤ ਰਹਿੰਦਾ ਹੈ ਕਿਉਂਕਿ ਇਹ ਲਿਫਾਫੇ ਆਲੂ ਅਤੇ ਮੱਕੀ ਦੇ ਬੂਰੇ ਤੋਂ ਬਣਦੇ ਹਨ। ਜਿਸ ਉਪਰੰਤ ਸਾਰੇ ਦੁਕਾਨਦਾਰਾਂ ਨੇ ਗਲਨਸ਼ੀਲ ਲਿਫਾਫੇ ਇਸਤੇਮਾਲ ਕਰਨ ਦਾ ਫੈਸਲਾ ਕੀਤਾ।


Related News