ਦੇਸ਼ ਦਾ ਸਨਮਾਨ ਹੁੰਦੇ ਹਨ ਸ਼ਹੀਦ, ਨਹੀਂ ਭੁਲਾਈ ਜਾ ਸਕਦੀ ਇਨ੍ਹਾਂ ਦੀ ਕੁਰਬਾਨੀ : ਅਰੋੜਾ

Saturday, Jun 20, 2020 - 12:54 PM (IST)

ਦੇਸ਼ ਦਾ ਸਨਮਾਨ ਹੁੰਦੇ ਹਨ ਸ਼ਹੀਦ, ਨਹੀਂ ਭੁਲਾਈ ਜਾ ਸਕਦੀ ਇਨ੍ਹਾਂ ਦੀ ਕੁਰਬਾਨੀ : ਅਰੋੜਾ

ਹੁਸ਼ਿਆਰਪੁਰ (ਘੁੰਮਣ)— ਉਦਯੋਗ ਅਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਸ਼ੁੱਕਰਾਵਰ ਯੁੱਧ ਸਮਾਰਕ ਹੁਸ਼ਿਆਰਪੁਰ ਵਿਖੇ ਭਾਰਤ-ਚੀਨ ਸੀਮਾ ਸਥਿਤ ਗਲਵਾਨ ਵੈਲੀ 'ਤੇ ਚੀਨੀ ਫ਼ੌਜੀਆਂ ਨਾਲ ਮੁਠਭੇੜ 'ਚ ਸ਼ਹੀਦ ਫ਼ੌਜੀਆਂ ਨੂੰ ਨਮਨ ਕਰਦੇ ਹੋਏ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਉਨ੍ਹਾਂ ਲੋਕ ਨਿਰਮਾਣ ਮਹਿਕਮੇ ਦੇ ਰੈਸਟ ਹਾਊਸ 'ਚ ਸ਼ਹੀਦ ਸੈਨਿਕਾਂ ਦੀ ਯਾਦ 'ਚ ਪੌਦੇ ਵੀ ਲਗਾਏ। ਉਨ੍ਹਾਂ ਕਿਹਾ ਕਿ ਸ਼ਹੀਦ ਦੇਸ਼ ਦਾ ਸਨਮਾਨ ਹੁੰਦੇ ਹਨ ਅਤੇ ਦੇਸ਼ ਦੀ ਸੁਰੱਖਿਆ ਦੀ ਖਾਤਰ ਦਿੱਤੇ ਬਲੀਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਹਮੇਸ਼ਾ ਸ਼ਹੀਦਾਂ ਦਾ ਰਿਣੀ ਰਹੇਗਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ 'ਚ ਸ਼ਹੀਦ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਇਨ੍ਹਾਂ ਪੁੱਤਰਾਂ ਨੂੰ ਕੁਰਬਾਨ ਕੀਤਾ ਹੈ, ਉਨ੍ਹਾਂ ਦੀ ਘਾਟ ਪੂਰੀ ਨਹੀਂ ਕੀਤੀ ਜਾ ਸਕਦੀ ਪਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ਹੀਦਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਨਾਲ ਐਕਸ-ਗਰੇਸ਼ੀਆ ਮੁਆਵਜ਼ਾ 10 ਲੱਖ ਤੋਂ ਵਧਾ ਕੇ 50 ਲੱਖ ਰੁਪਏ ਦੇਣ ਦਾ ਜੋ ਐਲਾਨ ਹੈ, ਉਹ ਪਰਿਵਾਰ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ 'ਚ ਸਹਾਇਕ ਹੋਵੇਗਾ। ਅਰੋੜਾ ਨੇ ਕਿਹਾ ਕਿ ਸਰਕਾਰ ਦੇ ਨਾਲ-ਨਾਲ ਸਮਾਜ ਦਾ ਵੀ ਫਰਜ਼ ਬਣਦਾ ਹੈ ਕਿ ਉਹ ਸ਼ਹੀਦ ਪਰਿਵਾਰਾਂ ਦਾ ਹਮੇਸ਼ਾ ਸਨਮਾਨ ਕਰਨ ਅਤੇ ਉਨ੍ਹਾਂ ਦੀ ਮਦਦ ਲਈ ਅੱਗੇ ਆਉਂਦੇ ਰਹਿਣ। ਉਨ੍ਹਾਂ ਕਿਹਾ ਕਿ ਅਸੀਂ ਆਰਾਮ ਨਾਲ ਆਪਣੇ ਘਰਾਂ 'ਚ ਰਹੀਏ, ਇਸ ਦੇ ਲਈ ਫ਼ੌਜੀ ਸੀਮਾ 'ਤੇ ਦੁਸ਼ਮਣਾਂ ਨਾਲ ਲੋਹਾ ਲੈਂਦੇ ਹਨ, ਇਸ ਲਈ ਸੈਨਿਕਾਂ ਅਤੇ ਸ਼ਹੀਦ ਪਰਿਵਾਰਾਂ ਦੇ ਸਨਮਾਨ 'ਚ ਸਾਨੂੰ ਕੋਈ ਕਮੀ ਨਹੀਂ ਛੱਡਣੀ ਚਾਹੁੰਦੀ।

ਇਸ ਸਮੇਂ ਉਨ੍ਹਾਂ ਨਾਲ ਬੀ. ਸੀ. ਕਮਿਸ਼ਨ ਪੰਜਾਬ ਦੇ ਚੇਅਰਮੈਨ ਸਰਵਨ ਸਿੰਘ, ਪੰਜਾਬ ਸਟੇਟ ਇੰਡਸਟਰੀਅਲ ਕਾਰਪੋਰੇਸ਼ਨ ਦੇ ਡਾਇਰੈਕਟਰ-ਕਮ-ਵਾਇਸ ਚੇਅਰਮੈਨ ਬ੍ਰਹਮ ਸ਼ੰਕਰ ਜਿੰਪਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਡੀ. ਐੱਫ. ਓ. ਨਰੇਸ਼ ਮਹਾਜਨ, ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਕਰਨਲ (ਰਿਟਾ.) ਦਲਵਿੰਦਰ ਸਿੰਘ, ਰਜਨੀਸ਼ ਟੰਡਨ ਤੋਂ ਇਲਾਵਾ ਹੋਰ ਸਖਸ਼ੀਅਤਾਂ ਵੀ ਮੌਜੂਦ ਸਨ।


author

shivani attri

Content Editor

Related News