ਖੇਤੀ ਰਹਿੰਦ-ਖੂੰਹਦ ਦੇ ਨਿਪਟਾਰੇ ਤੇ ਸੌਰ ਊਰਜਾ ਨਾਲ ਰੁਸ਼ਨਾਵੇਗਾ ਪੰਜਾਬ : ਅਰੋੜਾ
Friday, Dec 19, 2025 - 09:21 PM (IST)
ਚੰਡੀਗੜ੍ਹ (ਅੰਕੁਰ) : ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਖੇਤੀ ਰਹਿੰਦ-ਖੂੰਹਦ ਤੇ ਸੌਰ ਊਰਜਾ ਦੀ ਵਰਤੋਂ ਜ਼ਰੀਏ ਪੰਜਾਬ ਨੂੰ ਸੁਹਾਵਣੇ ਤੇ ਸਿਹਤਮੰਦ ਭਵਿੱਖ ਵੱਲ ਲਿਜਾਇਆ ਜਾ ਰਿਹਾ ਹੈ। ਇਹ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਹੁਣ ਸੂਰਜ ਤੋਂ ਘਰਾਂ ਤੇ ਖੇਤਾਂ ਨੂੰ ਊਰਜਾ ਮਿਲ ਰਹੀ ਹੈ; ਖੇਤੀ ਰਹਿੰਦ-ਖੂੰਹਦ ਤੋਂ ਸਾਫ਼-ਸੁਥਰੇ ਈਂਧਣ ਵਜੋਂ ਕੰਮ ਲਿਆ ਜਾ ਰਿਹਾ ਹੈ। ਪੇਡਾ ਨੇ ਆਪਣੀਆਂ ਵਿਕਾਸ-ਮੁਖੀ ਨੀਤੀਆਂ ਨਾਲ ਪੰਜਾਬ ਦੇ ਟਿਕਾਊ ਭਵਿੱਖ ਦੀ ਸਿਰਜਣਾ ਵੱਲ ਇਕ ਵੱਡੀ ਪੁਲਾਂਘ ਪੁੱਟੀ ਹੈ।
ਸੌਰ ਊਰਜਾ ਨਾਲ ਪੰਜਾਬ ਦਾ ਰਿਸ਼ਤਾ ਇਸ ਸਾਲ ਹੋਰ ਵੀ ਗੂੜਾ ਹੋਇਆ ਹੈ ਕਿਉਂਕਿ ਜੁਲਾਈ 2025 ’ਚ ਬਠਿੰਡਾ ਦੇ ਪਿੰਡ ਭਾਗੀਵਾਂਦਰ ਵਿਖੇ 4 ਮੈਗਾਵਾਟ ਸਮਰੱਥਾ ਦਾ ਇਕ ਗਰਾਊਂਡ -ਮਾਊਂਟਿਡ ਸੋਲਰ ਪਾਵਰ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਤੇ ਬਠਿੰਡਾ ਦੇ ਕੋਠੇ ਮੱਲੂਆਣਾ ਅਤੇ ਸ਼ੇਰਗੜ੍ਹ ਵਿਖੇ 4-4 ਮੈਗਾਵਾਟ ਦੋ ਸੋਲਰ ਪਾਵਰ ਪ੍ਰੋਜੈਕਟ ਲਾਏ ਜਾ ਰਹੇ ਹਨ। ਪੇਡਾ ਨੇ ਖੇਤੀਬਾੜੀ ਖੇਤਰ ਨੂੰ ਕਾਰਬਨ ਮੁਕਤ ਕਰਨ ਲਈ ਬਠਿੰਡਾ ਜ਼ਿਲ੍ਹੇ ਦੇ ਪੀਰਕੋਟ ਫੀਡਰ 'ਤੇ ਸੋਲਰ ਗਰਿੱਡ-ਕੁਨੈਕਟਿਡ 16 ਖੇਤੀਬਾੜੀ ਪੰਪ ਵੀ ਲਾਏ ਹਨ ਅਤੇ 4 ਹੋਰ ਪੰਪ ਸਥਾਪਤ ਕੀਤੇ ਜਾ ਰਹੇ ਹਨ।
ਇਸ ਦੇ ਨਾਲ ਹੀ ਪੇਡਾ ਨੇ ਰਾਜ ਭਰ ’ਚ ਵੱਖ-ਵੱਖ ਥਾਵਾਂ 'ਤੇ 4,850 ਆਫ-ਗਰਿੱਡ ਸਟੈਂਡਅਲੋਨ ਸੋਲਰ ਵਾਟਰ ਪੰਪ ਵੀ ਲਾਏ ਹਨ। ਇਸ ਤੋਂ ਇਲਾਵਾ ਮਾਡਲ ਸੋਲਰ ਵਿਲੇਜ (ਪਿੰਡ) ਯੋਜਨਾ ਤਹਿਤ ਸਵੈ-ਨਿਰਭਰ ਊਰਜਾ ਹੱਬ ’ਚ ਬਦਲਣ ਲਈ 277 ਪਿੰਡਾਂ ਦੀ ਪਛਾਣ ਕੀਤੀ ਗਈ ਹੈ। ਇਸ ਸਾਲ 148 ਸਰਕਾਰੀ ਇਮਾਰਤਾਂ 'ਤੇ 2.6 ਮੈਗਾਵਾਟ ਦੇ ਰੂਫਟਾਪ ਸੋਲਰ ਪਾਵਰ ਪਲਾਂਟ ਵੀ ਲਾਏ ਗਏ ਹਨ ਅਤੇ 4,169 ਤੋਂ ਵੱਧ ਸੋਲਰ ਸਟਰੀਟ ਲਾਈਟਾਂ 299 ਪਿੰਡਾਂ ਨੂੰ ਰੌਸ਼ਨ ਕਰਦਿਆਂ ਹਨੇਰਾ ਹੋਣ ’ਤੇ ਲੋਕਾਂ ਦੇ ਸੁਖਾਲੇ ਜਨ-ਜੀਵਨ ਅਤੇ ਸੁਰੱਖਿਆ ਨੂੰ ਯਕੀਨੀ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 65 ਪਿੰਡਾਂ ’ਚ ਹੋਰ 1,221 ਸੋਲਰ ਸਟਰੀਟ ਲਾਈਟਾਂ ਲਾਈਆਂ ਜਾ ਰਹੀਆਂ ਹਨ। 822 ਟਨ ਸੀ.ਬੀ.ਜੀ. ਪ੍ਰਤੀ ਦਿਨ ਦੀ ਕੁੱਲ ਸਮਰੱਥਾ ਵਾਲੇ 57 ਕੰਪ੍ਰੈਸਡ ਬਾਇਓਗੈਸ (ਸੀ.ਬੀ.ਜੀ.) ਪ੍ਰੋਜੈਕਟ ਅਲਾਟ ਕੀਤੇ ਗਏ ਹਨ।
ਇਹ ਪ੍ਰੋਜੈਕਟ ਚਾਲੂ ਹੋਣ ’ਤੇ ਸਾਲਾਨਾ 27 ਲੱਖ ਟਨ ਤੋਂ ਵੱਧ ਪਰਾਲੀ ਦੀ ਖਪਤ ਕਰਨਗੇ। ਇਸ ਤੋਂ ਇਲਾਵਾ ਕੁੱਲ 107.48 ਟੀ.ਪੀ.ਡੀ. ਸਮਰੱਥਾ ਵਾਲੇ ਛੇ ਸੀ.ਬੀ.ਜੀ. ਪ੍ਰੋਜੈਕਟ ਕਾਰਜਸ਼ੀਲ ਹਨ। ਇਸ ਦੇ ਨਾਲ ਹੀ ਪੰਜ ਕੰਪ੍ਰੈਸਡ ਬਾਇਓ-ਗੈਸ ਪਲਾਂਟ ਤੇ ਬਠਿੰਡਾ ’ਚ ਇਕ ਪ੍ਰਮੁੱਖ ਬਾਇਓ-ਈਥੇਨੌਲ ਫੈਸਿਲਟੀ ਸਥਾਪਨਾ ਤੋਂ ਬਾਅਦ ਸਾਲਾਨਾ 3.3 ਲੱਖ ਟਨ ਤੋਂ ਵੱਧ ਪਰਾਲੀ ਦੀ ਖਪਤ ਕਰਨਗੇ। ਇਸ ਦੇ ਨਾਲ ਹੀ 40 ਮੈਗਾਵਾਟ ਦਾ ਕੈਨਲ-ਟਾਪ ਸੋਲਰ ਪ੍ਰੋਜੈਕਟ ਬਿਜਲੀ ਪੈਦਾ ਕਰਨ ਦੇ ਨਾਲ-ਨਾਲ ਭੂਮੀ ਸੰਭਾਲ ਅਤੇ ਪਾਣੀ ਦੀ ਬਚਤ ਨੂੰ ਯਕੀਨੀ ਬਣਾਏਗਾ। ਉਨ੍ਹਾਂ ਕਿਹਾ ਕਿ ਬਟਾਲਾ ਸ਼ੂਗਰ ਮਿੱਲ ਵਿਖੇ 14 ਮੈਗਾਵਾਟ ਦਾ ਸਹਿ-ਉਤਪਾਦਨ ਪਲਾਂਟ ਅਤੇ ਧਾਰੀਵਾਲ ’ਚ 2 ਮੈਗਾਵਾਟ ਦਾ ਮਿੰਨੀ ਹਾਈਡਲ ਪ੍ਰੋਜੈਕਟ ਪੰਜਾਬ ਸਰਕਾਰ ਵੱਲੋਂ ਹਰ ਨਵਿਆਉਣਯੋਗ ਸਰੋਤ ਦੀ ਕੁਸ਼ਲ ਵਰਤੋਂ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਉਨ੍ਹਾਂ ਦੱਸਿਆ ਕਿ ਊਰਜਾ ਕੁਸ਼ਲਤਾ ਤੇ ਗਰੀਨ ਊਰਜਾ ਖੇਤਰ ’ਚ ਪੇਡਾ ਦੇ ਯਤਨਾਂ ਨੂੰ ਰਾਸ਼ਟਰੀ ਪੱਧਰ 'ਤੇ ਮਾਨਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਐੱਨ.ਈ.ਸੀ.ਏ. 2025 ਤਹਿਤ ਸਟੇਟ ਪਰਫਾਰਮੈਂਸ ਐਵਾਰਡ (ਗਰੁੱਪ-3) ’ਚ ਰਾਸ਼ਟਰਪਤੀ ਹੱਥੋਂ ਪੇਡਾ ਨੂੰ ਦੂਜੇ ਐਵਾਰਡ ਨਾਲ ਸਨਮਾਨ ਹਾਸਲ ਹੋਇਆ ਹੈ।
