''ਪੰਜਾਬ ਦੀ ਰਾਜਧਾਨੀ ਖੋਹਣ ਦੀਆਂ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ'' MP ਕੰਗ ਨੇ ਸੰਸਦ ''ਚ ਚੁੱਕਿਆ ਚੰਡੀਗੜ੍ਹ ਦਾ ਮੁੱਦਾ
Tuesday, Dec 09, 2025 - 11:32 AM (IST)
ਨੈਸ਼ਨਲ ਡੈਸਕ: ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸੰਸਦ ਵਿਚ ਬੋਲਦਿਆਂ ਮੌਜੂਦਾ ਸਰਕਾਰ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਜਿੱਥੇ ਇਨ੍ਹਾਂ ਦੀ ਸਰਕਾਰ ਨਹੀਂ ਬਣ ਰਹੀ, ਉੱਥੇ ਪੰਜਾਬ ਵਰਗੇ ਸੂਬਿਆਂ ਵਿਚ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।
ਮਲਵਿੰਦਰ ਕੰਗ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਸੂਬਾ ਜਿਸ ਨੇ ਦੇਸ਼ ਲਈ ਸਭ ਤੋਂ ਵੱਧ ਸ਼ਹਾਦਤ ਦਿੱਤੀ ਹੈ, ਉਸ ਦੀ ਰਾਜਧਾਨੀ ਖੋਹਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਵੱਧ ਕੁਰਬਾਨੀਆਂ ਅਤੇ ਵੰਡ ਪੱਛਮੀ ਬੰਗਾਲ ਜਾਂ ਪੰਜਾਬ ਦਾ ਹੋਇਆ ਸੀ ਅਤੇ ਲੱਖਾਂ ਲੋਕ ਮਾਈਗ੍ਰੇਟ ਹੋਏ। ਕੰਗ ਨੇ ਕਿਹਾ ਕਿ ਪੰਜਾਬ ਦਾ ਬਟਵਾਰਾ ਸਿਰਫ਼ ਦੇਸ਼ ਦੀ ਆਜ਼ਾਦੀ ਸਮੇਂ ਹੀ ਨਹੀਂ ਹੋਇਆ, ਸਗੋਂ ਉਸ ਤੋਂ ਬਾਅਦ ਹਰਿਆਣਾ ਵੀ ਸਾਡੇ ਤੋਂ ਖੋਹ ਲਿਆ ਗਿਆ।
ਕੰਗ ਨੇ ਸੰਸਦ ਵਿਚ 'ਵੰਦੇ ਮਾਤਰਮ' 'ਤੇ ਚੱਲ ਰਹੀ ਚਰਚਾ ਦੇ ਮਕਸਦ 'ਤੇ ਸਵਾਲ ਉਠਾਏ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਚਰਚਾ ਦਾ ਮਕਸਦ ਸਿਰਫ਼ ਆਉਣ ਵਾਲੀਆਂ ਚੋਣਾਂ ਲਈ ਸਮਾਜ ਨੂੰ ਵੰਡਣਾ , ਉਨ੍ਹਾਂ ਨੇ ਸਰਕਾਰ ਨੂੰ ਕਿਹਾ ਕਿ ਵੋਟ ਬੈਂਕ ਦੀ ਰਾਜਨੀਤੀ ਤੋਂ ਗੁਰੇਜ ਕਰਨਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਜ਼ਰੂਰਤ ਇਹ ਸੀ ਕਿ ਇਸ ਗੱਲ 'ਤੇ ਆਤਮ ਚਿੰਤਨ ਤੇ ਮੰਥਨ ਕੀਤਾ ਜਾਂਦਾ ਕਿ ਕੀ ਮੌਜੂਦਾ ਸਰਕਾਰ 'ਵੰਦੇ ਮਾਤਰਮ' ਗੀਤ ਦੀ ਅਸਲੀ ਸਪਿਰਿਟ 'ਤੇ ਪਹਿਰਾ ਦੇ ਰਹੀ ਹੈ ਜਾਂ ਨਹੀਂ. ਉਨ੍ਹਾਂ ਮੁਤਾਬਕ, ਮੌਜੂਦਾ ਸਮੇਂ ਵਿੱਚ ਮਹਿਸੂਸ ਹੁੰਦਾ ਹੈ ਕਿ ਦੇਸ਼ ਵਿੱਚ ਘੱਟ ਗਿਣਤੀਆਂ ਦੇ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ।
ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ
ਮਲਵਿੰਦਰ ਕੰਗ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹਾਦਤ ਦਾ ਜ਼ਿਕਰ ਕੀਤਾ ਹੈ, ਤਾਂ ਅੱਜ ਲੋੜ ਇਹ ਸੀ ਕਿ ਉਨ੍ਹਾਂ ਦੀ ਸ਼ਹਾਦਤ ਦੇ ਮੈਸੇਜ 'ਤੇ ਚਰਚਾ ਕੀਤੀ ਜਾਂਦੀ। ਗੁਰੂ ਤੇਗ ਬਹਾਦਰ ਸਾਹਿਬ ਨੇ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਲਈ ਸ਼ਹਾਦਤ ਦਿੱਤੀ ਸੀ, ਜਦੋਂ ਕਸ਼ਮੀਰ ਦੇ ਪੰਡਿਤ ਉਨ੍ਹਾਂ ਕੋਲ ਗੁਹਾਰ ਲੈ ਕੇ ਆਏ ਸਨ, ਅਤੇ ਇਸ ਜਜ਼ਬੇ ਦਾ ਸੰਦੇਸ਼ ਸਾਰੀ ਦੁਨੀਆ ਨੂੰ ਦੇਣ ਦੀ ਲੋੜ ਸੀ। ਕੰਗ ਨੇ ਕਰਤਾਰ ਸਿੰਘ ਸਰਾਭਾ ਅਤੇ ਗਦਰੀ ਬਾਬਿਆਂ, ਸ਼ਹੀਦ-ਏ-ਆਜ਼ਮ ਭਗਤ ਸਿੰਘ, ਅਤੇ ਚੰਦਰਸ਼ੇਖਰ ਆਜ਼ਾਦ ਵਰਗੇ ਸੂਰਮਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਦੇਸ਼ ਦੀ ਏਕਤਾ ਅਤੇ ਭਾਈਚਾਰੇ ਨੂੰ ਮਜ਼ਬੂਤ ਬਣਾਉਣ ਲਈ ਹਮੇਸ਼ਾ ਕੰਮ ਕੀਤਾ।
