ਸੜਕ ਕੰਢੇ ਖੜ੍ਹੀ ਔਰਤ ਨੇ ਬੇਟਾ ਰਿਸ਼ਤੇਦਾਰ ਨੂੰ ਫੜਾਇਆ, ਕਾਰ ਨੇ ਰੌਂਦਿਆ

Wednesday, Jan 08, 2020 - 02:17 PM (IST)

ਸੜਕ ਕੰਢੇ ਖੜ੍ਹੀ ਔਰਤ ਨੇ ਬੇਟਾ ਰਿਸ਼ਤੇਦਾਰ ਨੂੰ ਫੜਾਇਆ, ਕਾਰ ਨੇ ਰੌਂਦਿਆ

ਜਲੰਧਰ (ਵਰੁਣ)— ਇਕ ਸਾਲ ਦਾ ਬੇਟਾ ਰਿਸ਼ਤੇਦਾਰ ਨੂੰ ਫੜਾਉਣ ਦੇ ਕੁਝ ਸਕਿੰਟਾਂ ਬਾਅਦ ਹੀ ਤੇਜ਼ ਰਫਤਾਰ ਕਾਰ ਨੇ ਔਰਤ ਨੂੰ ਕੁਚਲ ਦਿੱਤਾ। ਹਾਦਸੇ 'ਚ ਔਰਤ ਦੀ ਮੌਤ ਹੋ ਗਈ, ਜਦਕਿ ਕਾਰ ਦੀ ਟੱਕਰ ਨਾਲ ਬੱਚੇ ਨੂੰ ਲੈ ਕੇ ਖੜ੍ਹਾ ਰਿਸ਼ਤੇਦਾਰ ਵੀ ਸੜਕ ਕੰਢੇ ਡਿੱਗਿਆ ਅਤੇ ਜ਼ਖ਼ਮੀ ਹੋ ਗਿਆ। ਜ਼ਿਕਰਯੋਗ ਹੈ ਕਿ ਬੱਚਾ ਇਸ ਹਾਦਸੇ 'ਚ ਵਾਲ-ਵਾਲ ਬਚ ਗਿਆ। ਮ੍ਰਿਤਕਾ ਦੀ ਪਛਾਣ ਮੋਨਿਕਾ (28) ਪਤਨੀ ਰਾਹੁਲ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ।

ਥਾਣਾ ਨੰ. 1 ਦੇ ਏ. ਐੱਸ. ਆਈ. ਰੇਸ਼ਮ ਸਿੰਘ ਨੇ ਦੱਸਿਆ ਕਿ ਮੋਨਿਕਾ ਸਹੁਰੇ ਘਰ ਤੋਂ ਬਸਤੀ ਬਾਵਾ ਖੇਲ ਸਥਿਤ ਆਪਣੇ ਪੇਕੇ ਘਰ ਆਈ ਹੋਈ ਸੀ। ਉਸ ਦੇ ਸੱਸ-ਸਹੁਰਾ ਸੋਮਵਾਰ ਨੂੰ ਈਸਾ ਨਗਰ ਰਹਿੰਦੇ ਆਪਣੇ ਰਿਸ਼ਤੇਦਾਰਾਂ ਦੇ ਘਰ ਆਏ ਸਨ, ਜਿਨ੍ਹਾਂ ਨੇ ਰਾਤ ਨੂੰ ਹੀ ਵਾਪਸ ਹੁਸ਼ਿਆਪਰ ਲਈ ਨਿਕਲਣਾ ਸੀ। ਉਨ੍ਹਾਂ ਨੇ ਹੁਸ਼ਿਆਪੁਰ ਜਾਣ ਲਈ ਮੋਨਿਕਾ ਨੂੰ ਵੀ ਈਸਾ ਨਗਰ ਸੱਦ ਲਿਆ। ਮੋਨਿਕਾ ਦਾ ਭਰਾ ਉਸ ਨੂੰ ਈਸਾ ਨਗਰ ਛੱਡ ਕੇ ਵਾਪਸ ਚਲਾ ਗਿਆ।

ਈਸਾ ਨਗਰ ਰੋਡ 'ਤੇ ਪਹੁੰਚੀ ਮੋਨਿਕਾ ਨੇ ਆਪਣੇ ਇਕ ਸਾਲ ਦੇ ਬੇਟੇ ਨੂੰ ਰਿਸ਼ਤੇਦਾਰ ਬਲਬੀਰ ਨੂੰ ਫੜਾਇਆ। ਕੁਝ ਹੀ ਸਕਿੰਟਾਂ ਬਾਅਦ ਆਈ ਤੇਜ਼ ਰਫਤਾਰ ਕਾਰ ਨੇ ਪਹਿਲਾਂ ਬਲਬੀਰ ਨੂੰ ਟੱਕਰ ਮਾਰੀ, ਜੋ ਬੱਚੇ ਸਮੇਤ ਸੜਕ ਕੰਢੇ ਡਿੱਗਿਆ ਅਤੇ ਬਾਅਦ 'ਚ ਮੋਨਿਕਾ ਨੂੰ ਕੁਚਲ ਦਿੱਤਾ। ਮੋਨਿਕਾ ਨੂੰ ਗੰਭੀਰ ਹਾਲਤ 'ਚ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਇਲਾਜ ਤੋਂ ਦੋ ਘੰਟਿਆਂ ਬਾਅਦ ਮੋਨਿਕਾ ਦੀ ਮੌਤ ਹੋ ਗਈ। ਬਲਬੀਰ ਦੀ ਬਾਂਹ 'ਤੇ ਸੱਟ ਲਗੀ ਪਰ ਬੱਚੇ ਦਾ ਬਚਾਅ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਸਾਰੇ ਹਸਪਤਾਲ ਪਹੁੰਚ ਗਏ, ਜਿਸ ਤੋਂ ਬਾਅਦ ਥਾਣਾ ਨੰ. 1 ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News