ਜਲੰਧਰ ''ਚ 81 ਫਲਾਇੰਗ ਸਕੁਐਡ ਟੀਮਾਂ, 27 GPS ਤੇ ਕੈਮਰਿਆਂ ਨਾਲ ਲੈਸ ਵ੍ਹੀਕਲ 24 ਘੰਟੇ ਕਰ ਰਹੇ ਨਿਗਰਾਨੀ

01/21/2022 5:49:40 PM

ਜਲੰਧਰ (ਚੋਪੜਾ)– ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਜਲੰਧਰ ਜ਼ਿਲ੍ਹੇ ਦੀਆਂ 9 ਵਿਧਾਨ ਸਭਾ ਹਲਕਿਆਂ ਵਿਚ ਸ਼ਾਂਤਮਈ ਅਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਉਣ ਲਈ ਪੂਰੇ ਪ੍ਰਬੰਧ ਕਰ ਲਏ ਹਨ, ਜਿਸ ਤਹਿਤ ਨਾਮਜ਼ਦਗੀ ਪੱਤਰ ਦਾਖ਼ਲ ਕਰਨ, ਨਾਮਜ਼ਦਗੀ ਪੱਤਰ ਵਾਪਸ ਲੈਣ, ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਸਕਰੂਟਿੰਗ ਕਰਨ ਤੋਂ ਇਲਾਵਾ ਚੋਣਾਂ ਵਿਚ ਨਾਜਾਇਜ਼ ਕੰਮਾ ’ਤੇ ਨਕੇਲ ਕੱਸਣ, ਸੁਰੱਖਿਆ ਪ੍ਰਬੰਧਾਂ, ਸ਼ਿਕਾਇਤਾਂ ਦੇ ਦਾਇਰੇ ਸਮੇਤ ਵੋਟਿੰਗ ਅਤੇ ਕਾਊਂਟਿੰਗ ਪ੍ਰਕਿਰਿਆ ਨੂੰ ਲੈ ਕੇ ਸਮੁੱਚੀਆਂ ਤਿਆਰੀਆਂ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਕਿਉਂਕਿ ਪੰਜਾਬ ਵਿਚ ਹਰ ਵਾਰ ਵਾਂਗ ਇਸ ਵਾਰ ਵੀ ਇਕ ਹੀ ਪੜਾਅ ਵਿਚ ਵੋਟਾਂ ਪੈਣਗੀਆਂ। ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਿੰਗ ਦੀ ਤਰੀਕ ਵਿਚ ਤਬਦੀਲੀ ਕਰਨ ਤੋਂ ਬਾਅਦ 20 ਫਰਵਰੀ ਨੂੰ ਵੋਟਾਂ ਪੈਣਗੀਆਂ, ਜਦਕਿ ਗਿਣਤੀ 10 ਮਾਰਚ ਨੂੰ ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਤਾਇਨਾਤ ਸਾਰੀਆਂ ਫਲਾਇੰਗ ਸਕੁਐਡ ਟੀਮਾਂ ਚੋਣ ਜ਼ਾਬਤੇ ਦੀ ਨਿਗਰਾਨੀ ਕਰਨਗੀਆਂ। ਜੇਕਰ ਕਿਤੇ ਵੀ ਕੋਈ ਚੋਣ ਨੂੰ ਪ੍ਰਭਾਵਿਤ ਕਰਨ ਲਈ ਪੈਸੇ ਵੰਡੇ ਜਾ ਰਹੇ ਹਨ, ਸ਼ਰਾਬ ਜਾਂ ਕੱਪੜੇ ਵੰਡੇ ਜਾ ਰਹੇ ਹਨ ਜਾਂ ਹਥਿਆਰ ਦੇ ਜ਼ੋਰ ’ਤੇ ਵੋਟਰਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਅਜਿਹੇ ਮਾਮਲਿਆਂ ਨੂੰ ਲੈ ਕੇ ਚੋਣ ਕਮਿਸ਼ਨ ਬੇਹੱਦ ਸਖ਼ਤ ਕਦਮ ਉਠਾਏਗਾ।

ਇਹ ਵੀ ਪੜ੍ਹੋ: ਬੇਅੰਤ ਕੌਰ ਮਾਮਲੇ 'ਚ ਗ੍ਰਿਫ਼ਤਾਰ ਨੌਜਵਾਨ ਨੇ ਚਾੜ੍ਹਿਆ ਚੰਨ੍ਹ, ਕੀਤਾ ਇਹ ਕਾਰਾ

ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਹਰੇਕ ਅਣਅਧਿਕਾਰਤ ਸਿਆਸੀ ਗਤੀਵਿਧੀ ’ਤੇ ਨਜ਼ਰ ਰੱਖੀ ਜਾ ਰਹੀ ਹੈ, ਜਿਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 9 ਵਿਧਾਨ ਸਭਾ ਹਲਕਿਆਂ ਵਿਚ ਚਲਾਏ ਜਾ ਰਹੇ 27 ਜੀ. ਪੀ. ਐੱਸ. ਅਤੇ 360 ਡਿਗਰੀ ਵਿਊ ਕੈਮਰਿਆਂ ਦੇ ਨਾਲ ਲੈਸ ਵ੍ਹੀਕਲਾਂ ਵੱਲੋਂ ਵਿਸ਼ੇਸ਼ ਫਲਾਇੰਗ ਸਕੁਐਡ ਟੀਮਾਂ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ।
ਘਨਸ਼ਾਮ ਥੋਰੀ ਨੇ ਦੱਸਿਆ ਕਿ ਪੈਨਟਿਲਟ ਜ਼ੂਮ ਕੈਮਰਿਆਂ ਨਾਲ ਲੈਸ ਇਹ ਵਾਹਨ 24 ਘੰਟੇ ਆਪਣੇ-ਆਪਣੇ ਹਲਕਿਆਂ ਵਿਚ ਚੋਣ ਗਤੀਵਿਧੀਆਂ ’ਤੇ ਪੈਨੀ ਨਜ਼ਰ ਰੱਖ ਰਹੇ ਹਨ। ਜ਼ਿਲ੍ਹੇ ਵਿਚ ਕਿਸੇ ਵੀ ਚੋਣ ਉਲੰਘਣਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਿਆਸੀ ਪਾਰਟੀ ਜਾਂ ਉਮੀਦਵਾਰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

PunjabKesari

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਦੇ ਹਰੇਕ ਵਿਧਾਨ ਸਭਾ ਹਲਕੇ ਵਿਚ 9-9 ਫਲਾਇੰਗ ਸਕੁਐਡ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ 3-3 ਟੀਮਾਂ ਨੂੰ ਅਜਿਹੇ ਵਾਹਨ ਦਿੱਤੇ ਗਏ ਹਨ, ਜਿਨ੍ਹਾਂ ’ਤੇ ਜੀ. ਪੀ. ਐੱਸ. ਅਤੇ ਬੇਹੱਦ ਆਧੁਨਿਕ ਕੈਮਰੇ ਲੱਗੇ ਹੋਏ ਹਨ। ਅਜਿਹੇ ਹਰੇਕ ਵਾਹਨ ਵਿਚ 3 ਕਰਮਚਾਰੀ ਤਾਇਨਾਤ ਹਨ, ਜਿਨ੍ਹਾਂ ਵਿਚ ਆਪ੍ਰੇਟਰ, ਪੁਲਸ ਮੁਲਾਜ਼ਮ ਅਤੇ ਚਾਲਕ ਸ਼ਾਮਲ ਹਨ, ਜੋ ਆਪਣੇ-ਆਪਣੇ ਰਿਟਰਨਿੰਗ ਅਧਿਕਾਰੀ ਦੇ ਦਫਤਰ ਨਾਲ ਸੰਪਰਕ ਵਿਚ ਰਹਿੰਦੇ ਹਨ ਤਾਂ ਜੋ ਲੋੜ ਪੈਣ ’ਤੇ ਉਨ੍ਹਾਂ ਦੇ ਸਬੰਧਤ ਹਲਕੇ ਸਬੰਧੀ ਉਨ੍ਹਾਂ ਨੂੰ ਤੁਰੰਤ ਜਾਣਕਾਰੀ ਦਿੱਤੀ ਜਾ ਸਕੇ।

ਉਨ੍ਹਾਂ ਦੱਸਿਆ ਕਿ ਇਹ ਸਾਰੀਆਂ ਟੀਮਾਂ ਬਾਰੀਕੀ ਨਾਲ ਮਾਨੀਟਰਿੰਗ ਕਰਨਗੀਆਂ। ਹਰੇਕ ਹਲਕੇ ਵਿਚ ਇਕ ਗੱਡੀ ਸਵੇਰੇ 8 ਤੋਂ ਰਾਤ 8 ਵਜੇ ਤੱਕ ਤਾਇਨਾਤ ਰਹੇਗੀ, ਜਦਕਿ 2 ਵਾਹਨ ਰਾਤ ਨੂੰ 6-6 ਘੰਟੇ ਦੀ ਸ਼ਿਫਟ ’ਤੇ ਤਾਇਨਾਤ ਰਹਿਣਗੇ। ਉਨ੍ਹਾਂ ਕਿਹਾ ਕਿ ਵਾਹਨ ’ਤੇ ਲੱਗੇ ਕੈਮਰਿਆਂ ਨਾਲ ਕਿਸੇ ਵੀ ਸਥਿਤੀ ਨੂੰ ਕਿਸੇ ਵੀ ਸਮੇਂ ਸੀ. ਈ. ਓ., ਡੀ. ਈ. ਓ. ਅਤੇ ਆਰ. ਓ. ਲਾਈਵ ਦੇਖ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਚੋਣ ਅਧਿਕਾਰੀਆਂ ਨੂੰ ਕਿਸੇ ਸਥਾਨ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਸਮੇਂ ਕੋਈ ਵੀ ਸ਼ਿਕਾਇਤ ਮਿਲਦੀ ਹੈ ਤਾਂ ਉਸਦੀ ਸੂਚਨਾ ਤੁਰੰਤ ਵਾਹਨ ਦੇ ਨਾਲ ਤਾਇਨਾਤ ਟੀਮ ਨੂੰ ਦਿੱਤੀ ਜਾਵੇ, ਜਿਸ ਉਪਰੰਤ ਕੈਮਰੇ ਅਤੇ ਜੀ. ਪੀ. ਐੱਸ. ਲੱਗਾ ਵਾਹਨ ਉਕਤ ਸਥਾਨ ’ਤੇ ਪਹੁੰਚੇਗਾ ਅਤੇ ਮੌਕੇ ਦੇ ਹਾਲਾਤ ਨੂੰ ਕੈਮਰੇ ਵਿਚ ਰਿਕਾਰਡ ਕਰ ਲਿਆ ਜਾਵੇਗਾ, ਜਦਕਿ ਸਬੰਧਤ ਆਰ. ਓ. ਜਾਂ ਜ਼ਿਲਾ ਚੋਣ ਅਧਿਕਾਰੀ ਇਸ ਉਲੰਘਣਾ ਦੇ ਮਾਮਲੇ ਨੂੰ ਆਨਲਾਈਨ ਲਾਈਫ ਵੇਖ ਸਕਣਗੇ, ਜਿਸ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰ ਕੇ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾ ਸਕੇਗਾ।

ਫਲਾਇੰਗ ਸਕੁਐਡ ਟੀਮਾਂ ਨੂੰ ਚੋਣ ਪ੍ਰਚਾਰ ਸਮੱਗਰੀ ਨੂੰ ਪ੍ਰਕਾਸ਼ਿਤ ਕਰਨ ਵਾਲੀਆਂ ਪ੍ਰਿੰਟਿੰਗ ਪ੍ਰੈੱਸਾਂ ਦਾ ਨਿਰੀਖਣ ਕਰਨ ਦੇ ਦਿੱਤੇ ਨਿਰਦੇਸ਼
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਫਲਾਇੰਗ ਸਕੁਐਡ ਟੀਮਾਂ ਨੂੰ ਆਪਣੇ ਸਬੰਧਤ ਹਲਕਿਆਂ ’ਚ ਪ੍ਰਿੰਟਿੰਗ ਪ੍ਰੈੱਸਾਂ ਦਾ ਅਚਨਚੇਤ ਨਿਰੀਖਣ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਨੇ ਚੋਣ ਪ੍ਰਚਾਰ ਸਬੰਧੀ ਸਮੱਗਰੀ ਨੂੰ ਪ੍ਰਕਾਸ਼ਿਤ ਕਰਨ ਵਾਲੀ ਹਰੇਕ ਪ੍ਰਿੰਟਿੰਗ ਪ੍ਰੈੱਸ ਨੂੰ ਪ੍ਰਿੰਟ ਕੀਤੀ ਗਈ ਸਮੱਗਰੀ ਦੀ ਗਿਣਤੀ, ਪ੍ਰਿੰਟਿੰਗ ਪ੍ਰੈੱਸ ਦਾ ਨਾਂ ਸਮੇਤ ਜ਼ਰੂਰੀ ਜਾਣਕਾਰੀਆਂ ਵੀ ਪ੍ਰਕਾਸ਼ਿਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਪਰ ਉਨ੍ਹਾਂ ਦੇ ਧਿਆਨ ਵਿਚ ਕੁਝ ਸ਼ਿਕਾਇਤਾਂ ਆਈਆਂ ਹਨ, ਜਿਸ ਵਿਚ ਜ਼ਿਲੇ ਵਿਚ ਕਈ ਸਥਾਨਾਂ ’ਤੇ ਲੱਗੀ ਜਾਂ ਵੰਡੀ ਜਾ ਰਹੀ ਚੋਣ ਪ੍ਰਚਾਰ ਸਮੱਗਰੀ ਵਿਚ ਜ਼ਰੂਰੀ ਸੂਚਨਾਵਾਂ ਪ੍ਰਕਾਸ਼ਿਤ ਨਹੀਂ ਕੀਤੀਆਂ। ਉਨ੍ਹਾਂ ਕਿਹਾ ਕਿ ਜੇਕਰ ਫਲਾਇੰਗ ਸਕੁਐਡ ਟੀਮ ਨੂੰ ਕਿਸੇ ਪ੍ਰਿੰਟਿੰਗ ਪ੍ਰੈੱਸ ਵਿਚ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ ਕੋਈ ਸਮੱਗਰੀ ਪ੍ਰਾਪਤ ਹੋਈ ਤਾਂ ਉਕਤ ਪ੍ਰਿੰਟਿੰਗ ਪ੍ਰੈੱਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਖ਼ਿਰ ਰਵਿਦਾਸੀਆ ਸਮਾਜ ’ਤੇ ਹੀ ਕਿਉਂ ਪਾਏ ਜਾ ਰਹੇ ਹਨ ਡੋਰੇ

3 ਸੀਨੀਅਰ ਆਈ. ਆਰ. ਐੱਸ. ਅਧਿਕਾਰੀ ਉਮੀਦਵਾਰਾਂ ਦੇ ਚੋਣ ਖ਼ਰਚ ’ਤੇ ਰੱਖਣਗੇ ਪੈਨੀ ਨਜ਼ਰ
ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖਰਚ ’ਤੇ ਨਿਗਰਾਨੀ ਰੱਖਣ ਲਈ ਤਿੰਨ ਸੀਨੀਅਰ ਆਈ. ਆਰ. ਐੱਸ. ਅਧਿਕਾਰੀਆਂ ਨੂੰ ਖਰਚ ਨਿਗਰਾਨ ਦੇ ਤੌਰ ’ਤੇ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਹੀ ਖਰਚ ਸਬੰਧੀ ਗਤੀਵਿਧੀਆਂ ਦੀ ਨਿਗਰਾਨੀ ਸ਼ੁਰੂ ਕਰ ਦੇਵੇਗਾ। ਉਨ੍ਹਾਂ ਦੱਸਿਆ ਕਿ ਕਮਿਸਨ ਵੱਲੋਂ 2001 ਬੈਚ ਦੇ ਆਈ. ਆਰ. ਐੱਸ. ਅਧਿਕਾਰੀ ਪ੍ਰਦੀਪ ਕੁਮਾਰ ਮੀਲ ਨੂੰ ਵਿਧਾਨ ਸਭਾ ਹਲਕਾ 33-ਕਰਤਾਰਪੁਰ, 36-ਜਲੰਧਰ ਉੱਤਰੀ ਅਤੇ 38-ਆਦਮਪੁਰ ਲਈ ਖਰਚ ਨਿਗਰਾਨ ਲਗਾਇਆ ਗਿਆ ਹੈ, ਜਦਕਿ 2007 ਬੈਚ ਦੇ ਆਈ. ਆਰ. ਐੱਸ. ਅਧਿਕਾਰੀਆਂ ਸਤਿਆਪਾਲ ਸਿੰਘ ਮੀਨਾ ਨੂੰ 31-ਨਕੋਦਰ, 32-ਸ਼ਾਹਕੋਟ ਅਤੇ 34-ਜਲੰਧਰ ਪੱਛਮੀ ਲਈ ਅਤੇ ਅਯਾਦ ਅਹਿਮਦ ਕੋਹਲੀ ਨੂੰ 30-ਫਿਲੌਰ, 35-ਜਲੰਧਰ ਕੇਂਦਰੀ ਅਤੇ 37-ਜਲੰਧਰ ਕੈਂਟ ਲਈ ਖਰਚ ਨਿਗਰਾਨ ਨਿਯੁਕਤ ਕੀਤਾ ਗਿਆ ਹੈ।
ਘਨਸ਼ਾਮ ਥੋਰੀ ਨੇ ਦੱਸਿਆ ਕਿ ਕੋਵਿਡ-19 ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਖਰਚ ਨਿਗਰਾਨਾਂ ਵੱਲੋਂ ਨੋਟੀਫਿਕੇਸ਼ਨ ਦੇ ਦਿਨ ਤੋਂ ਪਹਿਲੀ ਫੇਰੀ ਨਾਲ ਸਬੰਧਤ ਕੰਮਾਂ ਦੀ ਜਾਂਚ ਵਰਚੁਅਲ ਤੌਰ ’ਤੇ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਵੱਲੋਂ ਡੀ. ਈ. ਓ., ਐੱਸ. ਪੀ., ਆਰ. ਓਜ਼ ਅਤੇ ਆਮਦਨ ਕਰ ਮਹਿਕਮਾ ਅਤੇ ਸਟੇਟ ਐਕਸਾਈਜ਼ ਵਿਭਾਗ ਦੇ ਜ਼ਿਲ੍ਹਾ ਪੱਧਰੀ ਨੋਡਲ ਅਧਿਕਾਰੀਆਂ ਨਾਲ ਬੈਠਕ ਕਰ ਕੇ ਸਹਾਇਕ ਖਰਚ ਨਿਗਰਾਨ ਅਤੇ ਚੋਣ ਖਰਚ ਦੀ ਨਿਗਰਾਨੀ ਲਈ ਗਠਿਤ ਟੀਮਾਂ ਦੀ ਨਿਯੁਕਤੀ ਅਤੇ ਟਰੇਨਿੰਗ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ: ਸਰਕਾਰ ਕੋਈ ਵੀ ਬਣੇ, ਤੁਸੀਂ ਤਿਆਰ ਰਹੋ ਨਵੇਂ ਬੋਝ ਝੱਲਣ ਲਈ

ਕੋਵਿਡ-19 ਕਾਰਨ ਕੈਂਡੀਡੇਟ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੌਰਾਨ ਵੀ ਕਈ ਪਾਬੰਦੀਆਂ ਲਾਗੂ
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਨੂੰ ਲੈ ਕੇ ਵਿਧਾਨ ਸਭਾ ਚੋਣਾਂ ਵਿਚ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਕਈ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। 25 ਜਨਵਰੀ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ, ਜਿਸ ਦੌਰਾਨ ਹਰੇਕ ਉਮੀਦਵਾਰ ਨਾਲ ਸਿਰਫ 2 ਹੋਰ ਲੋਕਾਂ ਨੂੰ ਹੀ ਆਰ. ਓ. ਦੇ ਦਫ਼ਤਰ ਤੱਕ ਆਉਣ ਦੀ ਇਜਾਜ਼ਤ ਹੋਵੇਗੀ, ਜਦਕਿ ਪਹਿਲਾਂ ਹੋਈਆਂ ਚੋਣਾਂ ਵਿਚ ਇਹ ਗਿਣਤੀ 5 ਸੀ। ਇਸ ਤੋਂ ਇਲਾਵਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੌਰਾਨ ਉਮੀਦਵਾਰ ਆਪਣੇ ਨਾਲ 100 ਮੀਟਰ ਦੇ ਦਾਇਰੇ ਵਿਚ ਸਿਰਫ 2 ਵਾਹਨ ਹੀ ਲਿਆ ਸਕੇਗਾ ਜਦਕਿ ਪਹਿਲਾਂ 5 ਵਾਹਨਾਂ ਨੂੰ ਇਜਾਜ਼ਤ ਮਿਲਦੀ ਸੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਉਮੀਦਵਾਰਾਂ ਨੂੰ ਨਾਮਜ਼ਦਗੀ ਦੀ ਆਨਲਾਈਨ ਆਪਸ਼ਨਲ ਫੈਸਿਲਟੀ ਦਿੱਤੀ ਹੈ, ਜਿਸ ਨਾਲ ਉਹ ਘਰ ਬੈਠੇ ਹੀ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰ ਸਕਣਗੇ ਪਰ ਆਨਲਾਈਨ ਨਾਮਜ਼ਦਗੀ ਪੱਤਰ ਦਾਖਲ ਕਰਨ ਉਪਰੰਤ ਉਮੀਦਵਾਰਾਂ ਨੂੰ ਉਸ ਦਾ ਪ੍ਰਿੰਟ ਕੱਢ ਕੇ ਓਰਿਜਨਲ ਸਾਈਨ ਕਰਕੇ ਜਾਂ ਤਾਂ ਖ਼ੁਦ ਆਰ. ਓ. ਦਫ਼ਤਰ ਵਿਚ ਜਮ੍ਹਾ ਕਰਵਾਉਣਾ ਹੋਵੇਗਾ, ਜਾਂ ਫਿਰ ਉਸ ਦਾ ਪ੍ਰਪੋਜਰ ਸਬਮਿਟ ਕਰਵਾ ਸਕਦਾ ਹੈ, ਜਿਸ ਤੋਂ ਬਾਅਦ ਹੀ ਉਸ ਦੇ ਨਾਮਜ਼ਦਗੀ ਪੱਤਰ ਨੂੰ ਵੈਲਿਡ ਮੰਨਿਆ ਜਾਵੇਗਾ।

ਇਹ ਵੀ ਪੜ੍ਹੋ: ਨਸ਼ਾ ਸਮੱਗਲਰਾਂ ਨੂੰ ਜਲੰਧਰ ਦੇ ਪੁਲਸ ਕਮਿਸ਼ਨਰ ਦੀ ਸਖ਼ਤ ਚਿਤਾਵਨੀ, ਸਮੱਗਲਿੰਗ ਛੱਡ ਦਿਓ ਜਾਂ ਸ਼ਹਿਰ, ਨਹੀਂ ਤਾਂ...

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News