ਕੈਨੇਡਾ PR ਲੜਕੀ ਨਾਲ ਵਿਆਹ ਦਾ ਝਾਂਸਾ ਦੇ ਕੇ ਠੱਗੇ 24 ਲੱਖ, ਪਤੀ-ਪਤਨੀ ਵਿਰੁੱਧ ਮਾਮਲਾ ਦਰਜ
Wednesday, Nov 19, 2025 - 08:40 PM (IST)
ਭਵਾਨੀਗੜ੍ਹ (ਕਾਂਸਲ) - ਆਪਣੀ ਕੈਨੇਡਾ ਪੀ.ਆਰ. ਧੀ ਦਾ ਇੱਕ ਲੜਕੇ ਨਾਲ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਲੜਕੇ ਦੇ ਪਿਤਾ ਤੋਂ ਕਰੀਬ 24 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੋਸ਼ ਹੇਠ ਪੁਲਸ ਵੱਲੋਂ ਲੜਕੀ ਦੇ ਮਾਤਾ ਪਿਤਾ ਵਿਰੁੱਧ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਨੂੰ ਕੀਤੀ ਸ਼ਿਕਾਇਤ ਵਿੱਚ ਰਜਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਬਾਲਦ ਕਲ੍ਹਾਂ ਨੇ ਦੱਸਿਆ ਕਿ ਉਸ ਦੇ ਪੁੱਤਰ ਦੇ ਰਿਸ਼ਤੇ ਲਈ ਪਿੰਡ ਕਪਿਆਲ ਦੇ ਇਕ ਪਰਿਵਾਰ ਵੱਲੋਂ ਉਸ ਨਾਲ ਗੱਲਬਾਤ ਕੀਤੀ ਗਈ ਕਿ ਉਨ੍ਹਾਂ ਦੀ ਲੜਕੀ ਕੈਨੇਡਾ ਵਿੱਚ ਪੀ.ਆਰ. ਹੈ, ਤੇ ਵਿਆਹ ਤੋਂ ਬਾਅਦ ਲੜਕੀ ਉਨ੍ਹਾਂ ਦੇ ਪੁੱਤਰ ਨੂੰ ਵੀ ਕੈਨੇਡਾ ਲੈ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਰਿਸ਼ਤੇ ਦੀ ਗੱਲ ਤੈਅ ਹੋਣ ਤੋਂ ਬਾਅਦ ਲੜਕੀ ਪਰਿਵਾਰ ਵਲੋਂ ਕਥਿਤ ਤੌਰ 'ਤੇ ਵਿਆਹ ਕਰਾਉਣ ਲਈ ਲੜਕੇ ਪਰਿਵਾਰ ਤੋਂ ਪੈਸੇ ਲੈਣੇ ਸ਼ੁਰੂ ਕਰ ਦਿੱਤੇ ਅਤੇ ਲੜਕੀ ਪਰਿਵਾਰ ਵੱਲੋਂ ਉਹਨਾਂ ਤੋਂ 24 ਲੱਖ ਰੁਪਏ ਦੇ ਕਰੀਬ ਦੀ ਰਾਸ਼ੀ ਲਈ ਗਈ। ਜਦੋਂ ਵਿਆਹ ਕਰਾਉਣ ਦੀ ਗੱਲ ਹੋਈ, ਤਾਂ ਉਨ੍ਹਾਂ ਲਾਰੇ ਲਗਾਉਣੇ ਸ਼ੁਰੂ ਕਰ ਦਿੱਤੇ।
ਜ਼ਿਲ੍ਹਾ ਪੁਲਸ ਮੁੱਖੀ ਦੀਆਂ ਹਦਾਇਤਾਂ 'ਤੇ ਪੜਤਾਲ ਕਰਨ ਉਪਰੰਤ ਸਥਾਨਕ ਪੁਲਸ ਨੇ ਲੜਕੇ ਦੇ ਪਿਤਾ ਰਜਿੰਦਰ ਸਿੰਘ ਦੇ ਬਿਆਨਾਂ ’ਤੇ ਲੜਕੀ ਦੇ ਮਾਤਾ ਪਿਤਾ ਬਲਰਾਜ ਸਿੰਘ ਪੁੱਤਰ ਦਿਆਲ ਸਿੰਘ ਅਤੇ ਉਸ ਦੀ ਪਤਨੀ ’ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
