ਕੱਲ੍ਹ ਖੁਲ੍ਹੇਗਾ 'ਚੋਣ ਪਿਟਾਰਾ', CCTV ਤੇ BSF ਦੀ ਨਿਗਰਾਨੀ ਹੇਠ EVM ਮਸ਼ੀਨਾਂ ’ਚ ਬੰਦ 15 ਉਮੀਦਵਾਰਾਂ ਦੀ ਕਿਸਮਤ

Thursday, Nov 13, 2025 - 11:15 AM (IST)

ਕੱਲ੍ਹ ਖੁਲ੍ਹੇਗਾ 'ਚੋਣ ਪਿਟਾਰਾ', CCTV ਤੇ BSF ਦੀ ਨਿਗਰਾਨੀ ਹੇਠ EVM ਮਸ਼ੀਨਾਂ ’ਚ ਬੰਦ 15 ਉਮੀਦਵਾਰਾਂ ਦੀ ਕਿਸਮਤ

ਤਰਨਤਾਰਨ (ਰਮਨ)-ਵਿਧਾਨ ਸਭਾ ਹਲਕਾ ਤਰਨਤਾਰਨ ਵਿਚ ਜ਼ਿਮਨੀ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਇੰਟਰਨੈਸ਼ਨਲ ਮਾਈ ਭਾਗੋ ਕਾਲਜ ਵਿਖੇ ਸਟਰਾਂਗ ਰੂਮ ਨਿਯੁਕਤ ਕੀਤਾ ਗਿਆ ਹੈ, ਜਿੱਥੇ ਚੋਣ ਲੜਨ ਵਾਲੇ 15 ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਉਮੀਦਵਾਰਾਂ ਦਾ ਭਵਿੱਖ 22 ਈ.ਵੀ.ਐੱਮ ਮਸ਼ੀਨਾਂ ਵਿਚ ਬੰਦ ਹੋ ਚੁੱਕਾ ਹੈ, ਜਿਨ੍ਹਾਂ ਨੂੰ ਬੀ.ਐੱਸ.ਐੱਫ ਅਤੇ ਕੈਮਰਿਆਂ ਦੀ ਨਿਗਰਾਨੀ ਹੇਠ ਰੱਖਿਆ ਜਾ ਚੁੱਕਾ ਹੈ। ਜ਼ਿਲ੍ਹੇ ਦੇ ਐੱਸ.ਐੱਸ.ਪੀ ਸੁਰਿੰਦਰ ਲਾਂਭਾ ਦਾ ਦਾਅਵਾ ਹੈ ਕਿ ਇਸ ਸਟਰਾਂਗ ਰੂਮ ਦੇ ਚਾਰੇ ਪਾਸੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿੱਥੇ ਚਿੜੀ ਵੀ ਪਰ ਨਹੀਂ ਮਾਰ ਸਕਦੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ 15 ਤਰੀਕ ਤੱਕ ਵੱਡੀ ਭਵਿੱਖਬਾਣੀ

ਜਾਣਕਾਰੀ ਦੇ ਅਨੁਸਾਰ ਵਿਧਾਨ ਸਭਾ ਹਲਕਾ ਤਰਨਤਾਰਨ ਵਿਚ 11 ਨਵੰਬਰ ਨੂੰ ਹੋਈ ਜ਼ਿਮਨੀ ਚੋਣ ਦੌਰਾਨ ਵਿਧਾਨ ਸਭਾ ਹਲਕੇ ਵਿਚ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਦੌਰਾਨ ਸ਼ਾਮ 6 ਵਜੇ ਤੱਕ ਹਲਕੇ ਵਿਚ ਬਣਾਏ ਗਏ 222 ਪੋਲਿੰਗ ਸਟੇਸ਼ਨਾਂ ਦੌਰਾਨ 61 ਫੀਸਦੀ ਪੋਲਿੰਗ ਹੋਈ ਸੀ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀਆਂ ਦੀ ਤਲਾਸ਼ੀ ਲੈਣ 'ਤੇ ਉੱਡੇ ਹੋਸ਼

ਇਸ ਵੋਟਿੰਗ ਦੀ ਪ੍ਰਕਿਰਿਆ ਨੂੰ ਸ਼ਾਂਤਮਈ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਨ ਤੋਂ ਬਾਅਦ ਜ਼ਿਲ੍ਹਾ ਚੋਣ ਅਧਿਕਾਰੀ ਦੇ ਹੁਕਮਾਂ ਉਪਰ ਐੱਸ.ਐੱਸ.ਪੀ ਸੁਰਿੰਦਰ ਲਾਂਬਾ ਦੀ ਨਿਗਰਾਨੀ ਹੇਠ ਇੰਟਰਨੈਸ਼ਨਲ ਮਾਈ ਭਾਗੋ ਕਾਲਜ ਵਿਖੇ ਬਣਾਏ ਗਏ ਸਟਰਾਂਗ ਰੂਮ ਵਿਚ ਈ.ਵੀ.ਐੱਮ ਮਸ਼ੀਨਾਂ ਨੂੰ ਰੱਖਿਆ ਜਾ ਚੁੱਕਾ ਹੈ, ਜਿੱਥੇ ਚਾਰੇ ਪਾਸੇ ਬੀ.ਐੱਸ.ਐੱਫ, ਆਰਮਡ ਫੋਰਸ ਅਤੇ ਪੰਜਾਬ ਪੁਲਸ ਦੇ ਜਵਾਨਾਂ ਵੱਲੋਂ 24 ਘੰਟੇ ਸ਼ਿਫਟਾਂ ਵਿਚ ਡਿਊਟੀ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਤਰਨਤਾਰਨ ਜ਼ਿਮਨੀ ਚੋਣ: EVM 'ਚ ਕੈਦ ਹੋਈ 15 ਉਮੀਦਵਾਰਾਂ ਦੀ ਕਿਸਮਤ, 14 ਨੂੰ ਖੁੱਲ੍ਹੇਗਾ 'ਚੋਣ ਪਿਟਾਰਾ'

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਆਦੇਸ਼ਾਂ ਉਪਰ ਵਿਧਾਨ ਸਭਾ ਹਲਕਾ ਤਰਨਤਾਰਨ ਵਿਚ ਜਿੱਥੇ ਸ਼ਾਂਤਮਈ ਢੰਗ ਨਾਲ ਚੋਣਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਉਥੇ ਹੀ ਹੁਣ ਅਗਲੇ ਪੜਾਅ ਦੌਰਾਨ 14 ਨਵੰਬਰ ਨੂੰ ਯਾਨੀ ਭਲਕੇ ਹੋਣ ਵਾਲੀ ਗਿਣਤੀ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾ ਚੁੱਕੇ ਹਨ। ਐੱਸ.ਐੱਸ.ਪੀ ਲਾਂਬਾ ਨੇ ਦੱਸਿਆ ਕਿ ਇਸ ਸਥਾਪਤ ਕੀਤੇ ਗਏ ਸਟਰਾਂਗ ਰੂਮ ਦੇ ਅੱਗੇ ਤਿੰਨ ਲੇਅਰਾਂ ਬਣਾਈਆਂ ਗਈਆਂ ਹਨ, ਜਿਸ ਦੇ ਚੱਲਦਿਆਂ ਪਹਿਲੀ ਲੇਅਰ ਵਿਚ ਬੀ.ਐੱਸ.ਐੱਫ ਦੇ 24 ਜਵਾਨ ਤੈਨਾਤ ਰਹਿਣਗੇ ਜਦਕਿ ਦੂਸਰੀ ਲੇਅਰ ਵਿਚ ਆਰਮਡ ਫੋਰਸ ਦੇ 24 ਜਵਾਨ ਅਤੇ ਤੀਸਰੀ ਲੇਅਰ ਵਿਚ ਪੰਜਾਬ ਪੁਲਸ ਦੇ 24 ਜਵਾਨ ਆਪਣੀ ਡਿਊਟੀ ਸ਼ਿਫਟਾਂ ਵਿਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਟਰਾਂਗ ਰੂਮ ਦੇ ਅੰਦਰ ਮਸ਼ੀਨਾਂ ਦੀ ਨਿਗਰਾਨੀ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਕੀਤੀ ਜਾ ਰਹੀ ਹੈ, ਜਿਸ ਦਾ ਸਾਰਾ ਕੰਟਰੋਲ ਜ਼ਿਲਾ ਚੋਣ ਅਧਿਕਾਰੀ ਅਤੇ ਰਿਟਰਨਿੰਗ ਅਫਸਰ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਟਰਾਂਗ ਰੂਮ ਦੇ ਵੱਖਰੇ ਤੌਰ ਉਪਰ ਸੁਰੱਖਿਆ ਤੈਨਾਤ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ। ਐੱਸ.ਐੱਸ.ਪੀ ਲਾਂਬਾ ਨੇ ਦੱਸਿਆ ਕਿ ਇਸ ਸਟਰਾਂਗ ਰੂਮ ਵਿਚ ਇਕ ਐੱਸ.ਐੱਚ.ਓ ਅਤੇ ਚੌਂਕੀ ਇੰਚਾਰਜ ਸਵੇਰੇ ਅਤੇ ਰਾਤ ਸਮੇਂ ਤੈਨਾਤ ਰਹਿਣਗੇ ਜਦਕਿ ਇਨ੍ਹਾਂ ਦੀ ਨਿਗਰਾਨੀ ਇਕ ਡੀ.ਐੱਸ.ਪੀ ਵੱਲੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਪੁਰਬ ਲਈ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਸੱਦਾ


author

Shivani Bassan

Content Editor

Related News