PPR ਮਾਰਕੀਟ ’ਚ ਫਿਰ ਚੋਰਾਂ ਦਾ ਧਾਵਾ, 8 ਸ਼ੋਅਰੂਮਾਂ ਦੇ ਏ. ਸੀਜ਼ ਦੀਆਂ ਪਾਈਪਾਂ ਕੀਤੀਆਂ ਚੋਰੀ

05/15/2022 3:57:07 PM

ਜਲੰਧਰ (ਜ. ਬ.)– ਜਲੰਧਰ ਸ਼ਹਿਰ ਵਿਚ ਲਾਅ ਐਂਡ ਆਰਡਰ ਦੇ ਹਾਲਾਤ ਦਿਨੋ-ਦਿਨ ਖ਼ਰਾਬ ਹੁੰਦੇ ਜਾ ਰਹੇ ਹਨ। ਪੁਲਸ ਸਿਰਫ਼ ਨਾਕਾਬੰਦੀ ਕਰਕੇ ਚਲਾਨ ਕੱਟਣ ਤੱਕ ਹੀ ਸੀਮਤ ਹੈ। ਹਾਈਟੈੱਕ ਨਾਕੇ ਤਾਂ ਲਾਏ ਜਾ ਰਹੇ ਹਨ ਪਰ ਫਿਰ ਵੀ ਸ਼ਰੇਆਮ ਲੁੱਟਾਂ-ਖੋਹਾਂ ਅਤੇ ਚੋਰੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਸ਼ਨੀਵਾਰ ਨੂੰ ਇਕ ਵਾਰ ਫਿਰ ਪੀ. ਪੀ. ਆਰ. ਮਾਰਕੀਟ ਵਿਚ ਇਕੋ ਰਾਤ 8 ਸ਼ੋਅਰੂਮਾਂ ਵਿਚ ਚੋਰੀਆਂ ਹੋ ਗਈਆਂ। ਚੋਰ ਰਾਤ ਨੂੰ ਪੀ. ਪੀ. ਆਰ. ਮਾਰਕੀਟ ਵਿਚ ਬਣੇ ਸ਼ੋਅਰੂਮਾਂ ਦੇ ਪਿੱਛੇ ਲੱਗੇ ਏ. ਸੀਜ਼ ਦੀਆਂ ਪਾਈਪਾਂ ਚੋਰੀ ਕਰ ਕੇ ਲੈ ਗਏ। ਇੰਨਾ ਹੀ ਨਹੀਂ, ਇਹ ਪਹਿਲੀ ਚੋਰੀ ਨਹੀਂ ਹੈ। ਇਨ੍ਹਾਂ 8 ਸ਼ੋਅਰੂਮਾਂ ਦੇ ਏ. ਸੀਜ਼ ਦੀਆਂ ਪਾਈਪਾਂ ਨੂੰ ਇਕ ਵਾਰ ਪਹਿਲਾਂ ਵੀ ਚੋਰ ਚੋਰੀ ਕਰ ਚੁੱਕੇ ਹਨ। ਇਹ 2 ਮਹੀਨਿਆਂ ਵਿਚ ਦੂਜੀ ਵਾਰਦਾਤ ਹੈ।

ਇਹ ਵੀ ਪੜ੍ਹੋ: ਮੰਤਰੀ ਧਾਲੀਵਾਲ ਦੀ ਸਖ਼ਤ ਚਿਤਾਵਨੀ, ਜੇਕਰ ਪੰਚਾਇਤੀ ਜ਼ਮੀਨਾਂ ’ਤੇ ਕਬਜ਼ੇ ਹੋਏ ਤਾਂ ਅਧਿਕਾਰੀਆਂ ’ਤੇ ਦਰਜ ਹੋਵੇਗੀ FIR

ਫਾਇਰ ਐਂਡ ਦਿ ਹੋਲ ਰੈਸਟੋਰੈਂਟ ਦੇ ਮਾਲਕ ਜੀਵਨਜੋਤ ਸਿੰਘ ਮਰਵਾਹਾ ਨੇ ਦੱਸਿਆ ਕਿ ਉਨ੍ਹਾਂ ਦਾ ਪੀ. ਪੀ. ਆਰ. ਮਾਰਕੀਟ ਵਿਚ ਰੈਸਟੋਰੈਂਟ ਹੈ। ਉਨ੍ਹਾਂ ਦੇ ਬਿਲਕੁਲ ਨਾਲ ਹੋਰ 8 ਸ਼ੋਅਰੂਮ ਹਨ, ਜਿਨ੍ਹਾਂ ਵਿਚੋਂ ਕੁਝ ਵਿਚ ਰੈਸਟੋਰੈਂਟ ਅਤੇ ਕੁਝ ਵਿਚ ਹੋਰ ਕਾਰੋਬਾਰ ਚੱਲਦੇ ਹਨ। ਇਨ੍ਹਾਂ ਸਾਰੇ ਸ਼ੋਅਰੂਮਾਂ ਦੇ ਏ. ਸੀਜ਼ ਦੀਆਂ ਪਾਈਪਾਂ ਪੀ. ਪੀ. ਆਰ. ਬਿਲਡਿੰਗ ਦੀ ਬੈਕਸਾਈਡ ’ਤੇ ਜੁਆਇੰਟ ਕੀਤੀਆਂ ਗਈਆਂ ਹਨ। ਚੋਰ ਉਨ੍ਹਾਂ ਦੇ ਸ਼ੋਅਰੂਮਾਂ ਦੇ ਏ. ਸੀਜ਼ ਦੀਆਂ ਪਾਈਪਾਂ ਚੋਰੀ ਕਰ ਕੇ ਲੈ ਗਏ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦੇ ਵੱਡੇ ਸਿਆਸੀ ਧਮਾਕੇ, ‘ਆਪ’ ਸਰਕਾਰ ’ਤੇ ਸਾਧੇ ਤਿੱਖੇ ਨਿਸ਼ਾਨੇ

ਉਨ੍ਹਾਂ ਕਿਹਾ ਕਿ ਜਦੋਂ ਪੀ. ਪੀ. ਆਰ. ਮਾਰਕੀਟ ਦੇ ਮੈਨੇਜਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਵਾਜਿਬ ਜਵਾਬ ਨਹੀਂ ਦਿੱਤਾ, ਉਲਟਾ ਉਨ੍ਹਾਂ ਦਾ ਨੁਕਸਾਨ ਹੋਣ ’ਤੇ ਮੈਨੇਜਰ ਨੇ ਕਿਹਾ ਕਿ ਪਾਈਪਾਂ ਦੀ ਸੁਰੱਖਿਆ ਤੁਸੀਂ ਖੁਦ ਕਰੋ। ਪੀੜਤ ਨੇ ਕਿਹਾ ਕਿ 1540 ਰੁਪਏ ਇਕ ਸ਼ੋਅਰੂਮ ਮਾਲਕ ਮੈਨੇਜਰ ਨੂੰ ਮੇਨਟੀਨੈਂਸ ਚਾਰਜ ਵਜੋਂ ਦਿੰਦਾ ਹੈ ਤਾਂ ਇਸ ਤਰ੍ਹਾਂ ਦੇ ਨੁਕਸਾਨ ਦੀ ਭਰਪਾਈ ਵੀ ਉਨ੍ਹਾਂ ਨੂੰ ਹੀ ਕਰਨੀ ਚਾਹੀਦੀ ਹੈ। ਜਿਹੜੇ ਸ਼ੋਅਰੂਮਾਂ ਵਿਚ ਚੋਰੀ ਹੋਈ, ਉਨ੍ਹਾਂ ਵਿਚ ਫ੍ਰੈਸ਼ਕੋ ਪਲੱਸ ਦੇ ਮਾਲਕ ਯੁਵਰਾਜ ਚੋਪੜਾ, ਗਿਆਨੀ ਆਈਸਕ੍ਰੀਮ, ਸਰਦਾਰ ਜੀ ਚਾਪ ਦੇ ਮਾਲਕ ਅੰਕੁਸ਼, ਐਕਸਪ੍ਰੈਸ਼ਨਜ਼ ਬਾਏ ਵਿਧੀ ਨਾਗਪਾਲ ਸ਼ੋਅਰੂਮ ਦੀ ਮਾਲਕ ਵਿਧੀ ਨਾਗਪਾਲ ਅਤੇ ਟੈਟੂ ਸ਼ੋਅਰੂਮ ਦੇ ਮਾਲਕ ਰਾਜਵੀਰ ਸ਼ਾਮਲ ਹਨ। ਉਕਤ ਸਾਰੇ ਕਾਰੋਬਾਰੀਆਂ ਨੇ ਪੁਲਸ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਪੁਲਸ ਚੋਰਾਂ ਨੂੰ ਜਲਦ ਨਹੀਂ ਫੜਦੀ ਤਾਂ ਉਹ ਆਪਣੇ ਸ਼ੋਅਰੂਮ ਬੰਦ ਕਰ ਕੇ ਪੁਲਸ ਖ਼ਿਲਾਫ਼ ਧਰਨਾ ਲਾਉਣਗੇ। ਇਸ ਸਬੰਧੀ ਉਨ੍ਹਾਂ ਥਾਣਾ ਨੰਬਰ 7 ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

ਇਹ ਵੀ ਪੜ੍ਹੋ: ਮੁਫ਼ਤ ਆਨਲਾਈਨ ਸਿੱਖਿਆ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਜ਼ਿਲ੍ਹਾ ਬਣਿਆ ਕਪੂਰਥਲਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News