ਹਨੇਰੀ ਨਾਲ ਅਸਤ-ਵਿਅਸਤ ਹੋਇਆ ਪਾਵਰ ਸਿਸਟਮ: ਦਰੱਖ਼ਤ ਡਿੱਗਣ ਨਾਲ ਟੁੱਟੀਆਂ ਹਾਈ ਵੋਲਟੇਜ ਤਾਰਾਂ
Thursday, Jun 08, 2023 - 04:26 PM (IST)
ਜਲੰਧਰ (ਪੁਨੀਤ)–ਬੀਤੀ ਰਾਤ ਆਈ ਤੇਜ਼ ਹਨੇਰੀ ਨੇ ਪਾਵਰ ਸਿਸਟਮ ਨੂੰ ਅਸਤ-ਵਿਅਸਤ ਕਰ ਦਿੱਤਾ, ਜਿਸ ਨਾਲ ਦਰਜਨਾਂ ਇਲਾਕਿਆਂ ਦੇ ਲੋਕਾਂ ਨੂੰ ਬੁੱਧਵਾਰ ਦੁਪਹਿਰ ਤਕ ਬਿਜਲੀ ਕਿੱਲਤ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦੀਆਂ ਸ਼ਿਕਾਇਤਾਂ ਰਹੀਆਂ ਕਿ ਵਿਭਾਗੀ ਕਰਮਚਾਰੀਆਂ ਦੇ ਸਮੇਂ ’ਤੇ ਨਾ ਆਉਣ ਕਾਰਨ ਉਨ੍ਹਾਂ ਦੇ ਇਲਾਕਿਆਂ ਵਿਚ ਸਪਲਾਈ ਸਮੇਂ ਸਿਰ ਚਾਲੂ ਨਹੀਂ ਹੋ ਸਕੀ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਇਸ ਹਨੇਰੀ ਨੇ ਦਰਜਨਾਂ ਦਰੱਖ਼ਤ ਉਖਾੜ ਦਿੱਤੇ ਅਤੇ ਉਕਤ ਦਰੱਖਤਾਂ ਦੀਆਂ ਟਾਹਣੀਆਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ’ਤੇ ਡਿੱਗਣ ਕਾਰਨ ਕਈ ਫੀਡਰ ਬੰਦ ਹੋ ਗਏ, ਜਿਨ੍ਹਾਂ ਨੂੰ ਚਾਲੂ ਕਰਨ ਵਿਚ ਪਾਵਰਕਾਮ ਨੂੰ ਸਖ਼ਤ ਮਿਹਨਤ ਕਰਨੀ ਪਈ। ਆਲਮ ਇਹ ਰਿਹਾ ਕਿ ਬਿਜਲੀ ਫਾਲਟ ਦਾ ਅੰਕੜਾ 3 ਹਜ਼ਾਰ ਤੋਂ ਪਾਰ ਪਹੁੰਚ ਗਿਆ। ਵੱਖ-ਵੱਖ ਇਲਾਕਿਆਂ ਵਿਚ ਬੱਤੀ ਗੁੱਲ ਰਹਿਣ ਕਾਰਨ ਸਵੇਰੇ ਪਾਣੀ ਦੀ ਕਿੱਲਤ ਰਹੀ। ਹਨੇਰੀ ਨਾਲ ਅਸਤ-ਵਿਅਸਤ ਹੋਏ ਸਿਸਟਮ ਕਾਰਨ ਸ਼ਹਿਰ ਦਾ 10-15 ਫ਼ੀਸਦੀ ਇਲਾਕਾ ਸਵੇਰ ਤੱਕ ਚਾਲੂ ਨਹੀਂ ਹੋ ਸਕਿਆ, ਜਿਸ ਦੀ ਰਿਪੇਅਰ ਦਾ ਕੰਮ ਅਧਿਕਾਰੀਆਂ ਨੇ ਆਪਣੀ ਨਿਗਰਾਨੀ ਵਿਚ ਕਰਵਾਉਂਦਿਆਂ ਇਲਾਕਿਆਂ ਦੀ ਸਪਲਾਈ ਚਾਲੂ ਕਰਵਾਈ।
ਇਹ ਵੀ ਪੜ੍ਹੋ-ਵੱਡੀ ਵਾਰਦਾਤ ਦੀ ਫਿਰਾਕ 'ਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀ ਹਥਿਆਰਾਂ ਸਣੇ ਗ੍ਰਿਫ਼ਤਾਰ
ਵੱਖ-ਵੱਖ ਇਲਾਕਿਆਂ ਦੇ ਲੋਕਾਂ ਨੇ ਦੱਸਿਆ ਕਿ ਕਈ ਸਥਾਨਾਂ ’ਤੇ ਦਰੱਖ਼ਤ ਗੱਡੀਆਂ ਅਤੇ ਦੋਪਹੀਆ ਵਾਹਨਾਂ ’ਤੇ ਡਿੱਗੇ, ਜਿਸ ਕਾਰਨ ਗੱਡੀਆਂ ਨੂੰ ਕਾਫ਼ੀ ਨੁਕਸਾਨ ਹੋਇਆ। ਉਥੇ ਹੀ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ’ਤੇ ਦਰੱਖਤ ਡਿੱਗਣ ਕਾਰਨ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਤਾਰਾਂ ਤੋਂ ਦਰੱਖ਼ਤ ਹਟਾਉਣ ਲਈ ਵਿਭਾਗ ਨੂੰ ਕਰੇਨ ਅਤੇ ਹੋਰ ਸਾਧਨਾਂ ਦੀ ਵਰਤੋਂ ਕਰਨੀ ਪਈ। ਕੱਚੀਆਂ ਦੁਕਾਨਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਹਨੇਰੀ ਨਾਲ ਉਕਤ ਦੁਕਾਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਕਈਆਂ ਦੀਆਂ ਟੀਨ ਦੀਆਂ ਛੱਤਾਂ ਉੱਡ ਗਈਆਂ ਅਤੇ ਅੰਦਰ ਪਿਆ ਸਾਮਾਨ ਵੀ ਨੁਕਸਾਨਿਆ ਗਿਆ। ਵਿਭਾਗੀ ਅਧਿਕਾਰੀ ਕਰੋੜਾਂ ਰੁਪਏ ਖਰਚ ਕਰਕੇ ਸਿਸਟਮ ਨੂੰ ਸੁਧਾਰਨ ਦੇ ਵੱਡੇ-ਵੱਡੇ ਦਾਅਵੇ ਕਰਦੇ ਹਨ ਪਰ ਜਦੋਂ ਵੀ ਤੇਜ਼ ਹਵਾ ਚੱਲਦੀ ਹੈ ਜਾਂ ਤੇਜ਼ ਬਾਰਿਸ਼ ਆਉਂਦੀ ਹੈ ਤਾਂ ਬਿਜਲੀ ਸਿਸਟਮ ਪੂਰੀ ਤਰ੍ਹਾਂ ਅਸਤ-ਵਿਅਸਤ ਹੋ ਜਾਂਦਾ ਹੈ। ਹਨੇਰੀ ਆਉਣ ਤੋਂ ਬਾਅਦ ਲਗਭਗ 1350 ਫਾਲਟ ਦੱਸੇ ਜਾ ਰਹੇ ਸਨ ਪਰ ਉਕਤ ਫਾਲਟ ਵਧ ਕੇ 3000 ਤੱਕ ਪਹੁੰਚ ਗਏ। ਰਾਤ ਨੂੰ 1-2 ਫੀਡਰਾਂ ਵਿਚ ਖਰਾਬੀ ਦੀ ਗੱਲ ਸੁਣਨ ਨੂੰ ਮਿਲੀ ਸੀ ਪਰ ਸਵੇਰ ਤਕ 10-12 ਫੀਡਰ ਬੰਦ ਸਨ। ਮੁੱਖ ਤੌਰ ’ਤੇ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਫੀਡਰਾਂ ਵਿਚ ਲਾਂਬੜਾ ਦੇ 4, ਕੈਂਟ ਡਵੀਜ਼ਨ ਦੇ 2-3, ਮਾਡਲ ਟਾਊਨ, ਈਸਟ ਅਤੇ ਵੈਸਟ ਦੇ ਕੁਝ ਫੀਡਰ ਦੱਸੇ ਗਏ। ਅਰਬਨ ਅਸਟੇਟ, ਜੀ. ਟੀ. ਰੋਡ-2, ਡਿਫੈਂਸ ਕਾਲੋਨੀ, ਲਾਂਬੜਾ ਸਮੇਤ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਦੁਪਹਿਰ ਤਕ ਬੰਦ ਰਹੀ।
ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਐੱਸ. ਡੀ. ਓ. ਅਤੇ ਐਕਸੀਅਨ ਰੈਂਕ ਦੇ ਅਧਿਕਾਰੀ ਵੀ ਸਪਲਾਈ ਚਾਲੂ ਕਰਵਾਉਣ ਲਈ ਫੀਲਡ ਵਿਚ ਤਾਇਨਾਤ ਰਹੇ। ਉਥੇ ਹੀ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਕ ਫੀਡਰ ਨਾਲ ਹਜ਼ਾਰਾਂ ਖਪਤਕਾਰਾਂ ਦੀ ਸਪਲਾਈ ਚਲਦੀ ਹੈ। ਲਾਈਨ ਬੰਦ ਹੋਣ ’ਤੇ ਹਰੇਕ ਫੀਡਰ ਦੇ ਸੈਂਕੜੇ ਲੋਕ ਸ਼ਿਕਾਇਤਾਂ ਦਰਜ ਕਰਵਾ ਦਿੰਦੇ ਹਨ। ਜਦੋਂ ਇਕ ਫੀਡਰ ਚਾਲੂ ਹੁੰਦਾ ਹੈ ਤਾਂ ਸੈਂਕੜੇ ਸ਼ਿਕਾਇਤਾਂ ਹੱਲ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਰਾਤੀਂ 80 ਫ਼ੀਸਦੀ ਸ਼ਹਿਰ ਵਿਚ ਸਪਲਾਈ ਚਾਲੂ ਕਰ ਦਿੱਤੀ ਗਈ ਸੀ। ਬਾਅਦ ਦੁਪਹਿਰ ਬਿਜਲੀ ਸਪਲਾਈ ਨੂੰ ਆਮ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ-ਮਨੀਲਾ ਤੋਂ ਚੱਲ ਰਿਹਾ ਸੀ ਡਕੈਤੀ ਗੈਂਗ, 8 ਮੈਂਬਰ ਚੜ੍ਹੇ ਪੁਲਸ ਹੱਥੇ, ਹੋਏ ਹੈਰਾਨੀਜਨਕ ਖ਼ੁਲਾਸੇ
ਸਟਾਫ਼ ਸ਼ਾਰਟੇਜ ਬਣੀ ਪ੍ਰੇਸ਼ਾਨੀ ਦਾ ਸਬੱਬ
ਪਾਵਰਕਾਮ ਕੋਲ ਫੀਲਡ ਵਿਚ ਕੰਮ ਕਰਨ ਵਾਲੇ ਲਾਈਨਮੈਨ, ਸਹਾਇਕ ਲਾਈਨਮੈਨ ਅਤੇ ਹੋਰ ਸਟਾਫ ਦੀ ਬੇਹੱਦ ਸ਼ਾਰਟੇਜ ਹੈ। ਜਦੋਂ ਵੀ ਸ਼ਿਕਾਇਤਾਂ ਵਧਦੀਆਂ ਹਨ ਤਾਂ ਮੌਜੂਦਾ ਸਟਾਫ਼ ਦਾ ਵਰਕਲੋਡ ਬੇਹੱਦ ਵਧ ਜਾਂਦਾ ਹੈ। ਪੱਕੇ ਕਰਮਚਾਰੀਆਂ ਦੀ ਕਮੀ ਕਾਰਨ ਵਿਭਾਗ ਨੇ ਠੇਕੇ ’ਤੇ ਸੀ. ਐੱਚ. ਬੀ. (ਕੰਪਲੇਂਟ ਹੈਂਡਲਿੰਗ ਬਾਈਕ) ਰੱਖੇ ਹੋਏ ਹਨ ਪਰ ਵਧੀਆਂ ਲਾਈਨਾਂ ’ਤੇ ਕੰਮ ਕਰਨ ਲਈ ਜੇ. ਈ. ਦਾ ਮੌਕੇ ’ਤੇ ਮੌਜੂਦ ਰਹਿਣਾ ਜ਼ਰੂਰੀ ਹੁੰਦਾ ਹੈ। ਜੇ. ਈ. ਦੀ ਕਮੀ ਕਾਰਨ ਕਈ ਇਲਾਕਿਆਂ ਵਿਚ ਰਿਪੇਅਰ ਦਾ ਕੰਮ ਚਾਲੂ ਹੋਣ ਵਿਚ ਦੇਰੀ ਹੋਈ।
1912 ਦਾ ਮਾਮਲਾ ਨਹੀਂ ਹੋ ਰਿਹਾ ਹੱਲ, ਕੰਪਲੇਂਟ ਸੈਂਟਰਾਂ ’ਚ ਲਟਕਦੇ ਮਿਲੇ ਤਾਲੇ
ਫਾਲਟ ਪੈਣ ’ਤੇ ਖਪਤਕਾਰ ਵੱਲੋਂ 1912 ਨੰਬਰ ’ਤੇ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਪਰ ਜਦੋਂ ਵੀ ਸ਼ਿਕਾਇਤਾਂ ਵਧਦੀਆਂ ਹਨ ਤਾਂ 1912 ਨੰਬਰ ਜਲਦੀ ਨਹੀਂ ਮਿਲਦਾ। ਖਪਤਕਾਰਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ 1912 ਨੰਬਰ ਦੀਆਂ ਲਾਈਨਾਂ ਵਧਾਉਣੀਆਂ ਚਾਹੀਦੀਆਂ ਹਨ। ਉਥੇ ਹੀ ਖਪਤਕਾਰ ਹਰਜੋਤ ਸਿੰਘ ਨੇ ਕਿਹਾ ਕਿ 1912 ਨੰਬਰ ਨਾ ਮਿਲਣ ’ਤੇ ਉਹ ਐੱਸ. ਡੀ. ਕਾਲਜ ਰੋਡ ’ਤੇ ਸਥਿਤ ਸ਼ਿਕਾਇਤਘਰ ਵਿਚ ਪਹੁੰਚੇ ਪਰ ਉਥੇ ਕੋਈ ਕਰਮਚਾਰੀ ਮੌਜੂਦ ਨਹੀਂ ਸੀ। ਇਸੇ ਤਰ੍ਹਾਂ ਸ਼ੀਤਲਾ ਮੰਦਿਰ ਸਥਿਤ ਸ਼ਿਕਾਇਤ ਕੇਂਦਰ ’ਤੇ ਤਾਲੇ ਲਟਕਦੇ ਮਿਲੇ।
ਸਵੇਰੇ ਕਈ ਇਲਾਕਿਆਂ ’ਚ ਬੰਦ ਰਹੀ ਪਾਣੀ ਦੀ ਸਪਲਾਈ
ਸਵੇਰੇ ਵੱਖ-ਵੱਖ ਇਲਾਕਿਆਂ ਵਿਚ ਪਾਣੀ ਦੀ ਸਪਲਾਈ ਬੰਦ ਰਹੀ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਉਠਾਉਣੀ ਪਈ। ਲੋਕ ਵਾਰ-ਵਾਰ ਮੋਟਰਾਂ ਚਲਾ ਕੇ ਪਾਣੀ ਆਉਣ ਦੀ ਉਡੀਕ ਕਰ ਰਹੇ ਸਨ ਪਰ ਮਖਦੂਮਪੁਰਾ, ਅਰਬਨ ਅਸਟੇਟ, ਗੁਰੂ ਤੇਗ ਬਹਾਦਰ ਨਗਰ, ਡਿਫੈਂਸ ਕਾਲੋਨੀ ਦਾ ਕੁਝ ਇਲਾਕਾ, ਲਾਂਬੜਾ ਸਮੇਤ ਕਈ ਇਲਾਕਿਆਂ ਵਿਚ ਪਾਣੀ ਨਹੀਂ ਆਇਆ।
ਇਹ ਵੀ ਪੜ੍ਹੋ- ਖੰਨਾ 'ਚ ਪ੍ਰੇਮੀ ਨੇ ਡਾਂਸਰ ਪ੍ਰੇਮਿਕਾ ਦੇ ਘਰ ਕੀਤੀ ਖ਼ੁਦਕੁਸ਼ੀ, ਫਿਰ ਪ੍ਰੇਮਿਕਾ ਨੇ ਕੀਤਾ ਲੂ ਕੰਡੇ ਕਰ ਦੇਣ ਵਾਲਾ ਕਾਰਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani