ਸੇਬਾਂ ''ਚ ਲੁਕੋ ਕੇ ਲਿਜਾ ਰਿਹਾ ਸੀ ਚੂਰਾਪੋਸਤ, ਚੜ੍ਹਿਆ ਪੁਲਸ ਅੜਿੱਕੇ

10/26/2019 5:54:57 PM

ਹੁਸ਼ਿਆਰਪੁਰ (ਅਮਰਿੰਦਰ)— ਪੁਲਸ ਨੇ ਨਾਕੇਬੰਦੀ ਦੌਰਾਨ ਸੇਬ ਦੀਆਂ ਪੇਟੀਆਂ 'ਚੋਂ 144 ਕਿਲੋਗ੍ਰਾਮ ਚੂਰਾਪੋਸਤ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਥਾਣਾ ਮਾਡਲ ਟਾਊਨ ਦੇ ਅਧੀਨ ਆਉਂਦੇ ਪੁਰਹੀਰਾਂ ਪੁਲਸ ਚੌਕੀ ਦੀ ਟੀਮ ਨੇ ਰਹੀਮਪੁਰ ਚੌਕ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਮੁਲਜ਼ਮ ਤੋਂ ਕਾਬੂ ਕੀਤਾ ਗਿਆ। ਤਲਾਸ਼ੀ ਲੈਣ ਤੋਂ ਬਾਅਦ ਸੇਬ ਦੀਆਂ ਪੇਟੀਆਂ 'ਚੋਂ 144 ਕਿਲੋਗ੍ਰਾਮ ਚੂਰਾਪੋਸਤ ਬਰਾਮਦ ਕੀਤਾ ਗਿਆ। 

ਪੁਰਹੀਰਾਂ ਪੁਲਸ ਚੌਕੀ ਕੰਪਲੈਕਸ 'ਚ ਥਾਣਾ ਮਾਡਲ 'ਚ ਤਾਇਨਾਤ ਐੱਸ. ਐੱਚ. ਓ. ਇੰਸਪੈਕਟਰ ਭਰਤ ਮਸੀਹ ਨੇ ਦੱਸਿਆ ਕਿ ਐੱਸ. ਐੱਸ. ਪੀ. ਗੌਰਵ ਗਰਗ ਅਤੇ ਡੀ. ਐੱਸ. ਪੀ. ਜਗਦੀਸ਼ ਰਾਜ ਅੱਤਰੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੁਲਸ ਵੱਲੋਂ ਨਸ਼ੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲੇ 'ਚ ਨਸ਼ੇ ਦੇ ਨੈੱਟਵਰਕ ਨੂੰ ਬਰੇਕ ਕਰਨ ਦੀ ਦਿਸ਼ਾ 'ਚ ਪੁਲਸ ਬੜੀ ਤੇਜ਼ੀ ਨਾਲ ਕੰਮ ਕਰ ਰਹੀ ਹੈ। ਗ੍ਰਿਫਤਾਰ ਮੁਲਜ਼ਮ ਦੀ ਪਛਾਣ ਗੁਰਜੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪੁਰਹੀਰਾਂ ਦੇ ਤੌਰ 'ਤੇ ਹੋਈ ਹੈ। 

ਸੇਬ ਦੀਆਂ 11 ਪੇਟੀਆਂ 'ਚ ਲੁਕੋ ਕੇ ਰੱਖਿਆ ਸੀ ਚੂਰਾਪੋਸਤ 
ਭਰਤ ਮਸੀਹ ਨੇ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਹੈ ਕਿ ਦੋਸ਼ੀ ਨਸ਼ੇ ਦੀ ਖੇਪ ਕਸ਼ਮੀਰ ਤੋਂ ਸਸਤੇ ਮੁੱਲ 'ਤੇ ਖਰੀਦ ਕੇ ਅੱਗੇ ਸਪਲਾਈ ਕਰਨ ਲਈ ਨਿਕਲਿਆ ਸੀ। ਪੁਲਸ ਨੂੰ ਪਹਿਲਾਂ ਹੀ ਸੂਚਨਾ ਮਿਲ ਗਈ ਸੀ ਕਿ ਪੁਲਸ ਨੂੰ ਚਕਮਾ ਦੇਣ ਲਈ ਸੇਬ ਦੇ ਡੱਬਿਆਂ 'ਚ ਚੂਰਾਪੋਸਤ ਦੀ ਖੇਪ ਲੁਕਾ ਕੇ ਕਸ਼ਮੀਰ ਤੋਂ ਹੁਸ਼ਿਆਰਪੁਰ ਦੇ ਰਸਤੇ ਅੱਗੇ ਜਾਣ ਲਈ ਟਰੱਕ ਜਾਂ ਕਾਰ ਲੰਘਣ ਵਾਲੀ ਹੈ। ਸੂਚਨਾ ਮਿਲਦੇ ਹੀ ਸਬ ਇੰਸਪੈਕਟਰ ਰਾਜਿੰਦਰ ਸਿੰਘ ਦੀ ਅਗਵਾਈ 'ਚ ਪੁਲਸ ਨੇ ਨਾਕਾਬੰਦੀ ਲਗਾ ਦਿੱਤੀ ਸੀ। ਸ਼ੱਕੀ ਵਾਹਨ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਅੰਦਰ ਸੇਬ ਦੇ 11 ਬਕਸਿਆਂ 'ਚੋਂ 144 ਕਿਲੋਗ੍ਰਾਮ ਦੀ ਚੂਰਾਪੋਸਤ ਖੇਪ ਬਰਾਮਦ ਕੀਤੀ ਗਈ। 

ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਇਹ ਸਾਰਾ ਚੂਰਾਪੋਸਤ ਅੱਗੇ ਸਪਲਾਇਰਸ ਨੂੰ ਸੌਪਿਆ ਜਾਣਾ ਸੀ। ਮੁਲਜ਼ਮ ਨੂੰ ਪੁਲਸ ਵੱਲੋਂ ਅਦਾਲਤ 'ਚ ਪੇਸ ਕਰਕੇ ਰਿਮਾਂਡ ਹਾਸਲ ਕਰੇਗੀ। ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਨੈੱਟਵਰਕ 'ਚ ਕੌਣ-ਕੌਣ ਸ਼ਾਮਲ ਹਨ ਅਤੇ ਕਿੱਥੇ-ਕਿੱਥੇ ਇਸ ਦੀ ਸਪਲਾਈ ਕੀਤੀ ਜਾਣੀ ਸੀ।


shivani attri

Content Editor

Related News