ਫਰਜ਼ੀ ਇਨਕਮ ਟੈਕਸ ਅਫ਼ਸਰ ਚੜ੍ਹਿਆ ਪੁਲਸ ਅੜਿੱਕੇ, 8 ਮਹੀਨੇ ਤੋਂ ਪਰਿਵਾਰ ਸੀ ਹਨ੍ਹੇਰੇ ''ਚ, ਸੱਚਾਈ ਜਾਣ ਰਹਿ ਗਏ ਦੰਗ

04/04/2024 2:04:17 PM

ਕਾਨਪੁਰ- ਕਾਨਪੁਰ ਵਿਚ ਇਕ ਨੌਜਵਾਨ ਨੇ ਬਹੁਤ ਹੀ ਸ਼ਾਤਿਰ ਚਾਲ ਚੱਲੀ। ਉਸ ਨੇ ਆਪਣੇ ਹੀ ਪਰਿਵਾਰ ਨੂੰ ਧੋਖਾ ਦਿੱਤਾ ਕਿ ਉਸ ਨੇ ਇਨਕਮ ਟੈਕਸ ਅਫ਼ਸਰ ਵਜੋਂ ਅਹੁਦਾ ਹਾਸਲ ਕਰ ਲਿਆ। ਰਿਤੇਸ਼ ਸ਼ਰਮਾ ਦੇ ਰੂਪ ਵਿਚ ਪਛਾਣੇ ਜਾਂਦੇ ਉਕਤ ਸ਼ਖਸ ਨੇ ਰੁਜ਼ਗਾਰ ਬਾਰੇ ਬਹੁਤ ਚਲਾਕੀ ਨਾਲ ਵੇਰਵਾ ਤਿਆਰ ਕੀਤਾ। ਕੰਮ ਲਈ ਤਿਆਰ ਹੋ ਕੇ ਘਰੋਂ ਨਿਕਲਣ ਅਤੇ ਸ਼ਾਮ ਨੂੰ ਵਾਪਸ ਪਰਤਣ ਦੀ ਰੁਟੀਨ ਬਣਾਈ ਰੱਖੀ। ਹਾਲਾਂਕਿ 8 ਮਹੀਨਿਆਂ ਬਾਅਦ ਉਸ ਦੀ ਧੋਖਾਧੜੀ ਉਦੋਂ ਸਾਹਮਣੇ ਆਈ, ਜਦੋਂ ਪੁਲਸ ਨੇ ਉਸ ਨੂੰ ਜਾਂਚ ਦੌਰਾਨ ਫੜ ਲਿਆ। ਰਿਤੇਸ਼ ਨੇ 8 ਮਹੀਨੇ ਤੋਂ ਆਪਣੇ ਪਰਿਵਾਰ ਨੂੰ ਹਨ੍ਹੇਰੇ ਵਿਚ ਰੱਖਿਆ ਅਤੇ ਸੱਚਾਈ ਜਾਣ ਕੇ ਉਹ ਦੰਗ ਰਹਿ ਗਏ।

ਦਰਅਸਲ ਵਾਹਨ ਚੈਕਿੰਗ ਦੌਰਾਨ ਕਾਰ ਰੋਕਣ 'ਤੇ ਖੁਦ ਨੂੰ ਇਨਕਮ ਟੈਕਸ ਅਫ਼ਸਰ ਦੱਸਣਾ ਰਿਤੇਸ਼ ਨੂੰ ਮਹਿੰਗਾ ਪੈ ਗਿਆ। ਚੈਕਿੰਗ ਦੌਰਾਨ ਪੁਲਸ ਨੇ ਇਕ ਕਾਰ ਨੂੰ ਰੋਕ ਕੇ ਜਾਂਚ ਕਰਨੀ ਚਾਹੀ ਤਾਂ ਨੌਜਵਾਨ ਨੇ ਇਨਕਮ ਟੈਕਸ ਵਿਭਾਗ ਦਾ ਆਈਡੀ ਕਾਰਡ ਵਿਖਾਉਂਦੇ ਹੋਏ ਪੁਲਸ 'ਤੇ ਰੌਂਬ ਪਾਉਣ ਦੀ ਕੋਸ਼ਿਸ਼ ਕੀਤੀ। ਮੌਕੇ 'ਤੇ ਮੌਜੂਦ ਏ. ਸੀ. ਪੀ. ਨੇ ਜਦੋਂ ਉਸ ਦਾ ਅਹੁਦਾ ਪੁੱਛਿਆ ਤਾਂ ਉਹ ਡਰ ਗਿਆ। ਸ਼ੱਕ ਹੋਣ 'ਤੇ ਪੁਲਸ ਨੇ ਜਾਂਚ ਕੀਤੀ ਤਾਂ ਕਾਰਡ ਫਰਜ਼ੀ ਨਿਕਲਿਆ। 

ਏ. ਸੀ. ਪੀ ਅਭਿਸ਼ੇਕ ਪਾਂਡੇ ਮੁਤਾਬਕ ਦੇਰ ਰਾਤ ਦੇ ਨਿਰੀਖਣ ਦੌਰਾਨ ਨੌਜਵਾਨ ਦੇ ਧੋਖੇ ਦਾ ਪਰਦਾਫਾਸ਼ ਹੋਇਆ, ਜਦੋਂ ਇਨਕਮ ਟੈਕਸ ਵਿਭਾਗ ਦੇ ਚਿੰਨ੍ਹ ਨਾਲ ਸਜੀ ਇਕ ਗੱਡੀ ਨੇ ਪੁਲਸ ਦੀ ਦਿਲਚਸਪੀ ਨੂੰ ਵਧਾ ਦਿੱਤਾ। ਗੱਡੀ ਨੂੰ ਰੋਕਣ 'ਤੇ ਮਹਾਵੀਰਪੁਰਮ ਦਾ ਰਹਿਣ ਵਾਲਾ ਰਿਤੇਸ਼ ਸ਼ਰਮਾ ਸਾਹਮਣੇ ਆਇਆ ਅਤੇ ਆਪਣੇ ਆਪ ਨੂੰ ਇਨਕਮ ਟੈਕਸ ਅਫਸਰ ਦੱਸਣ ਲੱਗਾ। ਪੁਲਸ ਵਲੋਂ ਉਸ ਨੂੰ ਬੇਨਕਾਬ ਅਤੇ ਹਿਰਾਸਤ ਵਿਚ ਲਿਆ ਗਿਆ।

ਕਮਾਲ ਦੀ ਗੱਲ ਇਹ ਹੈ ਕਿ ਰਿਤੇਸ਼ ਸ਼ਰਮਾ ਦੇ ਪਿਤਾ ਰਾਜਿੰਦਰ ਨਾਥ ਸ਼ਰਮਾ ਵੀ ਪੁੱਤਰ ਦੀ ਨੌਕਰੀ ਬਾਰੇ ਗੁੰਮਰਾਹ ਵਾਲੀ ਗੱਲ ਤੋਂ ਅਣਜਾਣ ਸਨ, ਕਿਉਂਕਿ ਨੌਜਵਾਨ ਨੇ ਉਸ ਨੂੰ ਇਨਕਮ ਟੈਕਸ ਵਿਭਾਗ ਵਿਚ ਭਰਤੀ ਹੋਣ ਬਾਰੇ ਝੂਠੀ ਜਾਣਕਾਰੀ ਦਿੱਤੀ ਸੀ। ਏ. ਸੀ. ਪੀ. ਨੇ ਦੱਸਿਆ ਕਿ ਦੋਸ਼ੀ ਖਿਲਾਫ਼ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਰਿਪੋਰਟ ਦਰਜ ਕਰ ਕੇ ਗ੍ਰਿਫ਼ਤਾਰ ਕਰ ਕੇ ਆਈਡੀ ਕਾਰਡ ਅਤੇ ਕਾਰ ਜ਼ਬਤ ਕਰ ਲਈ ਗਈ ਹੈ।


Tanu

Content Editor

Related News