1 ਮਹੀਨਾ ਪਹਿਲਾਂ ਜੇਲ੍ਹ ''ਚੋਂ ਆਇਆ ਸੀ ਬਾਹਰ, ਸਾਥੀ ਨਾਲ 25 ਕਰੋੜ ਦੀ ਹੈਰੋਇਨ ਸਣੇ ਚੜ੍ਹਿਆ ਪੁਲਸ ਅੜਿੱਕੇ
Sunday, Apr 07, 2024 - 01:28 AM (IST)
ਲੁਧਿਆਣਾ (ਅਨਿਲ)- ਐੱਸ.ਟੀ.ਐੱਫ. ਦੇ ਲੁਧਿਆਣਾ ਯੂਨਿਟ ਨੇ ਕਾਰਵਾਈ ਕਰਦਿਆਂ ਇਕ ਵੱਡੀ ਸਫਲਤਾ ਹਾਸਲ ਕਰਦਿਆਂ 2 ਨਸ਼ਾ ਸਮੱਗਲਰਾਂ ਨੂੰ 25 ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਐੱਸ.ਟੀ.ਐੱਫ. ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਅੰਮ੍ਰਿਤਸਰ-ਜੰਡਿਆਲਾ ਰੋਡ ’ਤੇ ਭਗੌੜੇ ਮੁਲਜ਼ਮਾਂ ਦੀ ਭਾਲ ਵਿਚ ਮੌਜੂਦ ਸੀ ਤੇ ਇਸ ਦੌਰਾਨ ਉਨ੍ਹਾਂ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਸੀ ਕਿ 2 ਨੌਜਵਾਨ ਬਾਈਕ ’ਤੇ ਹੈਰੋਇਨ ਦੀ ਖੇਪ ਲੈ ਕੇ ਇਸ ਇਲਾਕੇ ਵਿਚ ਗਾਹਕਾਂ ਨੂੰ ਸਪਲਾਈ ਕਰਨ ਆ ਰਹੇ ਹਨ।
ਇਸ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਪੈਸ਼ਲ ਨਾਕਾਬੰਦੀ ਕੀਤੀ ਤੇ ਉਸੇ ਦੌਰਾਨ ਸਾਹਮਣਿਓਂ ਬਾਈਕ ’ਤੇ ਦੋ ਨੌਜਵਾਨ ਆਉਂਦੇ ਦਿਖਾਈ ਦਿੱਤੇ। ਜਦੋਂ ਪੁਲਸ ਨੇ ਉਕਤ ਦੋਵੇਂ ਨੌਜਵਾਨਾਂ ਨੂੰ ਚੈਕਿੰਗ ਲਈ ਰੋਕ ਕੇ ਉਨ੍ਹਾਂ ਦੇ ਕੋਲ ਫੜੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 5 ਕਿਲੋ 50 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਸ ਟੀਮ ਨੇ ਤੁਰੰਤ ਦੋਵੇਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਮੰਤਰੀ (22) ਪੁੱਤਰ ਬਬਲਦੀਪ ਸਿੰਘ ਤੇ ਸੰਨੀ ਕੁਮਾਰ (20) ਵਜੋਂ ਕੀਤੀ ਗਈ। ਪੁਲਸ ਨੇ ਦੋਵੇਂ ਮੁਲਜ਼ਮਾਂ ਖਿਲਾਫ ਮੋਹਾਲੀ ਐੱਸ.ਟੀ.ਐੱਫ. ਪੁਲਸ ਥਾਣੇ ਵਿਚ ਐੱਨ.ਡੀ.ਪੀ.ਐੈੱਸ. ਐਕਟ ਦੇ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਗਰੀਬੀ ਤੋਂ ਅੱਕੇ ਵਿਅਕਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਪੂਰੇ ਪਰਿਵਾਰ ਨੂੰ ਦੇ ਦਿੱਤਾ ਜ਼ਹਿਰ, 4 ਬੱਚਿਆਂ ਦੀ ਹੋਈ ਮੌਤ
ਇਕ ਮਹੀਨਾ ਪਹਿਲਾਂ ਹੀ ਜੇਲ੍ਹ ਤੋਂ ਜ਼ਮਾਨਤ ’ਤੇ ਬਾਹਰ ਆਇਆ ਸੀ ਮੁਲਜ਼ਮ
ਐੱਸ.ਟੀ.ਐੱਫ. ਦੇ ਇੰਚਾਰਜ ਹਰਬੰਸ ਸਿੰਘ ਰੀਹਲ ਨੇ ਦੱਸਿਆ ਕਿ ਮੁਲਜ਼ਮ ਅੰਮ੍ਰਿਤਪਾਲ ਸਿੰਘ ਪਿਛਲੇ ਕਈ ਸਾਲਾਂ ਤੋਂ ਹੈਰੋਇਨ ਵੇਚਣ ਦਾ ਕੰਮ ਕਰ ਰਿਹਾ ਹੈ, ਜਿਸ ’ਤੇ ਨਸ਼ਾ ਸਮੱਗਲਿੰਗ ਦੇ ਤਿੰਨ ਕੇਸ ਦਰਜ ਹਨ, ਜਿਸ ਵਿਚ ਮੁਲਜ਼ਮ ਇਕ ਮਹੀਨਾ ਪਹਿਲਾਂ ਹੀ ਅੰਮ੍ਰਿਤਸਰ ਦੀ ਜੇਲ੍ਹ ਤੋਂ ਜ਼ਮਾਨਤ ’ਤੇ ਬਾਹਰ ਆਇਆ ਹੈ। ਮੁਲਜ਼ਮ ਖੁਦ ਵੀ ਨਸ਼ਾ ਕਰਨ ਦਾ ਆਦੀ ਹੈ, ਜਦਕਿ ਦੂਜਾ ਮੁਲਜ਼ਮ ਸੰਨੀ ਵੀ ਉਸ ਦੇ ਨਾਲ ਨਸ਼ਾ ਸਪਲਾਈ ਕਰਨ ਦਾ ਕੰਮ ਕਰਦਾ ਹੈ।
ਦੋਵੇਂ ਮੁਲਜ਼ਮ ਕਿੰਗਪਿਨ ਦੀ ਸਪਲਾਈ ਕਰਨ ਦਾ ਕਰਦੇ ਹਨ ਕੰਮ
ਇੰਚਾਰਜ ਹਰਬੰਸ ਸਿੰਘ ਨੂੰ ਪੁੱਛਗਿੱਛ ’ਚ ਮੁਲਜ਼ਮਾਂ ਨੇ ਦੱਸਿਆ ਕਿ ਉਹ ਦੋਵਾਂ ਨੇ ਕੇਵਲ ਆਪਣੇ ਬੌਸ (ਕਿੰਗਪਿਨ) ਦੀ ਹੈਰੋਇਨ ਗਾਹਕਾਂ ਤਕ ਪਹੁੰਚਾਉਣ ਦਾ ਕੰਮ ਕਰਦੇ ਹਨ, ਜੋ ਵਿਅਕਤੀ ਉਨ੍ਹਾਂ ਨੂੰ ਇਹ ਹੈਰੋਇਨ ਸਪਲਾਈ ਕਰਨ ਲਈ ਭੇਜਦਾ ਹੈ, ਉਹ ਪਾਕਿਸਤਾਨ ਤੋਂ ਵੱਡੇ ਪੱਧਰ ’ਤੇ ਹੈਰੋਇਨ ਮੰਗਵਾਉਂਦਾ ਹੈ। ਉਕਤ ਕਿੰਗਪਿਨ ਦਾ ਕਈ ਰਾਜਾਂ ਵਿਚ ਨਸ਼ਾ ਸਪਲਾਈ ਕਰਨ ਦਾ ਕੰਮ ਹੈ। ਪੁਲਸ ਵੱਲੋਂ ਦੋਵੇਂ ਮੁਲਜ਼ਮਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ, ਤਾਂ ਕਿ ਉਨ੍ਹਾਂ ਤੋਂ ਬਾਕੀ ਦੀ ਪੁੱਛਗਿੱਛ ਕੀਤੀ ਜਾ ਸਕੇ, ਜਿਸ ਦਾ ਖੁਲਾਸਾ ਪੁਲਸ ਆਉਣ ਵਾਲੇ ਦਿਨਾਂ ਵਿਚ ਕਰ ਸਕਦੀ ਹੈ।
ਇਹ ਵੀ ਪੜ੍ਹੋ- ਸੀਵਰੇਜ ਦੀ ਜ਼ਹਿਰੀਲੀ ਗੈਸ ਨੇ ਲਈ ਇਕ ਹੋਰ ਜਾਨ, ਹਸਪਤਾਲ 'ਚ ਜ਼ੇਰੇ-ਇਲਾਜ ਮਜ਼ਦੂਰ ਦੀ ਹੋਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e