ਗੰਨ ਪੁਆਇੰਟ ''ਤੇ ਜਿਊਲਰ ਨੂੰ ਜ਼ਖਮੀ ਕਰ ਲੁੱਟੀ ਲੱਖਾਂ ਦੀ ਨਕਦੀ ਅਤੇ ਗਹਿਣੇ

12/28/2019 10:33:13 PM

ਹੁਸ਼ਿਆਰਪੁਰ,(ਅਮਰਿੰਦਰ)- ਸ਼ਹਿਰ ਵਿਚ ਸ਼ਨੀਵਾਰ ਦੇਰ ਸ਼ਾਮ ਸਵਾ 8 ਵਜੇ ਦੇ ਕਰੀਬ ਪ੍ਰਤਾਪ ਚੌਕ ਨਾਲ ਲੱਗਦੇ ਖਾਰਾ ਖੂਹ ਵਾਲੀ ਗਲੀ ਵਿਚ ਜੁਗਲ ਕਿਸ਼ੋਰ ਐਂਡ ਸੰਜ਼ ਜਿਊਲਰਜ਼ ਦੀ ਦੁਕਾਨ 'ਤੇ ਧਾਵਾ ਬੋਲ ਕੇ ਅੱਧੀ ਦਰਜਨ ਤੋਂ ਵੀ ਜ਼ਿਆਦਾ ਲੁਟੇਰਿਆਂ ਨੇ ਦੁਕਾਨ ਦੇ ਮਾਲਕ ਸੁਭਾਸ਼ ਚੰਦਰ ਜੈਨ ਨੂੰ ਜ਼ਖਮੀ ਕਰ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਆਰਾਮ ਨਾਲ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਦੁਕਾਨ ਵੱਲ ਲੋਕਾਂ ਦੀ ਆਉਂਦੀ ਭੀੜ ਨੂੰ ਦੇਖ ਕੇ ਲੁਟੇਰੇ ਹਵਾ ਵਿਚ ਫਾਇਰ ਕਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਵਾਰਦਾਤ ਦੀ ਸੂਚਨਾ ਮਿਲਦੇ ਹੀ ਐੱਸ. ਪੀ. ਪਰਮਿੰਦਰ ਸਿੰਘ ਹੀਰ, ਥਾਣਾ ਸਿਟੀ ਦੇ ਐੱਸ. ਐੱਚ. ਓ. ਕਰਤਾਰ ਸਿੰਘ, ਸਦਰ ਦੇ ਐੱਸ. ਐੱਚ. ਓ. ਗਗਨਦੀਪ ਸਿੰਘ ਸੇਖੋਂ ਤੇ ਮਾਡਲ ਟਾਊਨ ਦੇ ਐੱਸ. ਐੱਚ. ਓ. ਵਿਕਰਮਜੀਤ ਸਿੰਘ ਮੌਕੇ 'ਤੇ ਦੇਰ ਰਾਤ ਤਕ ਮਾਮਲੇ ਦੀ ਜਾਂਚ ਵਿਚ ਲੱਗੇ ਰਹੇ। ਇਸ ਦੌਰਾਨ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ, ਮੇਅਰ ਸ਼ਿਵ ਕੁਮਾਰ ਸੂਦ ਵੀ ਮੌਕੇ 'ਤੇ ਪਹੁੰਚੇ।

ਲੁਟੇਰਿਆਂ ਨੇ ਗਾਹਕ ਬਣ ਕੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ
ਲੁਟੇਰਿਆਂ ਦੇ ਹਮਲੇ ਵਿਚ ਖੂਨ ਨਾਲ ਲਥਪਥ ਮਾਲਕ ਸੁਭਾਸ਼ ਚੰਦਰ ਜੈਨ ਨੇ ਪੁਲਸ ਨੂੰ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ 8 ਵਜੇ ਆਪਣੀ ਦੁਕਾਨ ਬੰਦ ਕਰਨ ਹੀ ਲੱਗਾ ਸੀ ਕਿ 2 ਨੌਜਵਾਨ ਦੁਕਾਨ 'ਤੇ ਆ ਕੇ ਸੋਨੇ ਦਾ ਭਾਅ ਪੁੱਛਣ ਲੱਗੇ। ਕੁਝ ਦੇਰ ਬਾਅਦ ਉਨ੍ਹਾਂ ਦੇ 3 ਹੋਰ ਸਾਥੀ ਦੁਕਾਨ ਅੰਦਰ ਪਹੁੰਚ ਕੇ ਮੇਰੇ ਤੇ ਮੇਰੇ ਬੇਟੇ ਸੰਜੀਵ ਜੈਨ ਨੂੰ ਗੰਨ ਪੁਆਇੰਟ 'ਤੇ ਲੈ ਕੇ ਮਾਲ ਹਵਾਲੇ ਕਰਨ ਨੂੰ ਕਿਹਾ। ਮੇਰੇ ਵਲੋਂ ਵਿਰੋਧ ਕਰਨ 'ਤੇ ਲੁਟੇਰਿਆਂ ਨੇ ਪਿਸਤੌਲ ਦੇ ਬੱਟ ਨਾਲ ਹਮਲਾ ਕਰਦੇ ਹੋਏ ਧਮਕੀ ਦੇਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਲੁਟੇਰਿਆਂ ਨੇ ਸਾਨੂੰ ਦੋਹਾਂ ਨੂੰ ਗੰਨ ਪੁਆਇੰਟ 'ਤੇ ਲੈਂਦੇ ਹੋਏ ਗੱਲੇ ਵਿਚ ਪਈ ਨਕਦੀ ਤੇ ਦੁਕਾਨ ਵਿਚ ਪਏ ਲੱਖਾਂ ਰੁਪਏ ਦੇ ਗਹਿਣੇ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਨੁਕਸਾਨ ਕਿੰਨਾ ਹੈ ਉਸ ਦੀ ਸਵੇਰੇ ਜਾਂਚ ਕਰਨ ਦੇ ਬਾਅਦ ਹੀ ਦੱਸ ਸਕਦੇ ਹਾਂ।


Bharat Thapa

Content Editor

Related News