ਕੁਵੈਤ ਦਾ ਵਰਕ ਪਰਮਿਟ ਦਿਵਾਉਣ ਦੇ ਨਾਂ ’ਤੇ ਠੱਗੇ 3.50 ਲੱਖ ਰੁਪਏ

07/29/2019 5:53:24 AM

ਕਪੂਰਥਲਾ, (ਭੂਸ਼ਣ)- ਕੁਵੈਤ ਦਾ ਵਰਕ ਪਰਮਿਟ ਦਿਵਾਉਣ ਦੇ ਨਾਂ ’ਤੇ 3.50 ਲੱਖ ਰੁਪਏ ਦੀ ਰਕਮ ਹਡ਼ੱਪਨ ਦੇ ਮਾਮਲੇ ’ਚ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ 2 ਸਕੇ ਭਰਾਵਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਜਾਣਕਾਰੀ ਅਨੁਸਾਰ ਬਿਲਾ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਮਾਛੀਪਾਲ ਥਾਣਾ ਸਦਰ ਨੇ ਐੱਸ. ਐੱਸ. ਪੀ. ਸਤਿੰਦਰ ਸਿੰਘ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਆਪਣੇ ਸੁਨਹਿਰੀ ਭਵਿੱਖ ਲਈ ਵਿਦੇਸ਼ ਜਾਣਾ ਚਾਹੁੰਦਾ ਸੀ। ਜਿਸ ਮਕਸਦ ਨਾਲ ਉਸ ਨੇ ਟ੍ਰੈਵਲ ਏਜੰਟ ਦਾ ਧੰਦਾ ਕਰਨ ਵਾਲੇ 2 ਭਰਾਵਾਂ ਅਸ਼ੋਕ ਕੁਮਾਰ ਉਰਫ ਅੰਗਰੇਜ਼ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਭਡ਼ਾਵਾ ਥਾਣਾ ਮਲਾਂਵਾਲ ਜ਼ਿਲਾ ਫਿਰੋਜ਼ਪੁਰ ਅਤੇ ਉਸ ਦੇ ਭਰਾ ਹਰਮੀਤ ਸਿੰਘ ਮੀਤਾ ਨਾਲ ਸੰਪਰਕ ਕੀਤਾ ਸੀ । ਉਕਤ ਦੋਨਾਂ ਮੁਲਜ਼ਮਾਂ ਨੇ ਉਸ ਨੂੰ ਕੁਵੈਤ ਦਾ ਵਰਕ ਪਰਮਿਟ ਲੈ ਕੇ ਦੇਣ ਦੇ ਨਾਂ ’ਤੇ 3.50 ਲੱਖ ਰੁਪਏ ਦੀ ਰਕਮ ਮੰਗੀ ਅਤੇ ਬਦਲੇ ’ਚ 70 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ਦਾ ਝਾਂਸਾ ਦਿੱਤਾ। ਜਿਸ ’ਤੇ ਉਸ ਨੇ ਉਕਤ ਦੋਨਾਂ ਭਰਾਵਾਂ ਦੇ ਝਾਂਸੇ ’ਚ ਆਉਂਦੇ ਹੋਏ ਆਪਣਾ ਪਾਸਪੋਰਟ ਅਤੇ 15 ਹਜ਼ਾਰ ਰੁਪਏ ਦੀ ਨਕਦੀ 25 ਸਤੰਬਰ 2018 ਨੂੰ ਦੇ ਦਿੱਤੀ। ਜਿਸ ਦੇ ਬਾਅਦ ਉਸ ਨੇ 65 ਹਜ਼ਾਰ ਰੁਪਏ ਦੀ ਹੋਰ ਰਕਮ ਦੋਨਾਂ ਭਰਾਵਾਂ ਨੂੰ 6 ਅਕਤੂਬਰ 2018 ਨੂੰ ਦੇ ਦਿੱਤੀ। ਇਸ ਦੌਰਾਨ ਦੋਨਾਂ ਭਰਾਵਾਂ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਦਾ ਮੈਡੀਕਲ ਆ ਗਿਆ ਹੈ ਅਤੇ ਉਸ ਦਾ ਮੈਡੀਕਲ ਦਿੱਲੀ ਤੋਂ ਹੋਣਾ ਹੈ। ਉਕਤ ਮੁਲਜ਼ਮਾਂ ਨੇ ਉਸ ਤੋਂ 10 ਹਜ਼ਾਰ ਰੁਪਏ ਦੀ ਮੰਗ ਕੀਤੀ। ਜਿਸ ’ਤੇ ਉਸ ਨੇ 10 ਹਜ਼ਾਰ ਰੁਪਏ ਦੀ ਹੋਰ ਰਕਮ ਮੁਲਜ਼ਮਾਂ ਨੂੰ ਦੇ ਦਿੱਤੀ।

ਮੈਡੀਕਲ ਕਰਵਾਉਣ ਦੇ ਬਾਅਦ ਮੁਲਜ਼ਮਾਂ ਨੇ ਮੈਨੂੰ ਦੱਸਿਆ ਕਿ ਉਸ ਦਾ ਕੁਵੈਤ ਦਾ ਵੀਜ਼ਾ ਲੱਗ ਗਿਆ ਹੈ ਅਤੇ ਉਹ 1.50 ਲੱਖ ਰੁਪਏ ਦੀ ਰਕਮ ਦਾ ਇਂੰਤਜ਼ਾਮ ਕਰ ਲਵੇ। ਜਿਸ ’ਤੇ ਉਸ ਨੇ 5 ਫ਼ੀਸਦੀ ਵਿਆਜ ’ਤੇ ਰਕਮ ਲੈ ਕੇ 1.50 ਲੱਖ ਰੁਪਏ ਦੀ ਰਕਮ ਦੋਨਾਂ ਭਰਾਵਾਂ ਨੂੰ ਦੇ ਦਿੱਤੀ। ਕੁਝ ਦਿਨਾਂ ਦੇ ਬਾਅਦ ਮੁਲਜ਼ਮਾਂ ਨੇ ਉਸਨੂੰ ਫਿਰ ਝਾਂਸਾ ਦੇ ਕੇ 27 ਹਜ਼ਾਰ ਰੁਪਏ ਦੀ ਰਕਮ ਲੈ ਲਈ। ਬਾਅਦ ਵਿਚ ਮੁਲਜ਼ਮਾਂ ਨੇ ਉਸ ਨੂੰ ਕਿਹਾ ਕਿ ਉਨ੍ਹਾਂ ਨੂੰ ਕੁਵੈਤ ਲਈ ਟਿਕਟ ਬਣਵਾਉਣੀ ਹੈ, ਜਿਸ ਲਈ ਦੋਨਾਂ ਭਰਾਵਾਂ ਨੇ 55 ਹਜ਼ਾਰ ਰੁਪਏ ਦੀ ਮੰਗ ਕੀਤੀ। ਜਿਸ ’ਤੇ ਉਸ ਨੇ ਕਿਸੇ ਤੋਂ 55 ਹਜ਼ਾਰ ਰੁਪਏ ਦੀ ਰਕਮ ਲੈ ਕੇ 7 ਅਕਤੂਬਰ 2018 ਨੂੰ ਉਕਤ ਮੁਲਜ਼ਮਾਂ ਨੂੰ ਦੇ ਦਿੱਤੀ। ਇਸ ਦੌਰਾਨ ਦੋਨਾਂ ਮੁਲਜ਼ਮ ਭਰਾਵਾਂ ਨੂੰ 14 ਜਨਵਰੀ 2019 ਨੂੰ ਉਸ ਨੂੰ ਕੁਵੈਤ ਭੇਜ ਦਿੱਤਾ। ਜਦੋਂ ਉਹ ਕੁਵੈਤ ਪਹੁੰਚਿਆ ਤਾਂ ਉਸ ਦਾ ਵੀਜ਼ਾ ਖਤਮ ਹੋਣ ਵਾਲਾ ਸੀ। ਜਦੋਂ ਉਸ ਨੇ ਦੋਨਾਂ ਭਰਾਵਾਂ ਟ੍ਰੈਵਲ ਏਜੰਟਾਂ ’ਤੇ ਵੀਜ਼ਾ ਵਧਾਉਣ ਅਤੇ ਵਰਕ ਪਰਮਿਟ ਦਿਵਾਉਣ ਦਾ ਦਬਾਅ ਪਾਇਆ ਤਾਂ ਮੁਲਜ਼ਮਾਂ ਨੇ ਉਸ ਤੋਂ ਫਿਰ 28 ਹਜ਼ਾਰ ਰੁਪਏ ਦੀ ਰਕਮ ਲੈ ਲਈ। ਇਸ ਬਾਵਜੂਦ ਵੀ ਉਸ ਨੂੰ ਵਰਕ ਪਰਮਿਟ ਨਹੀਂ ਦਿਵਾਇਆ ਗਿਆ। ਜਿਸ ਕਾਰਣ ਉਸ ਨੂੰ ਵਾਪਸ ਭਾਰਤ ਆਉਣਾ ਪਿਆ। ਇਸ ਤਰ੍ਹਾਂ ਮੁਲਜ਼ਮਾਂ ਨੇ ਉਸ ਤੋਂ ਕੁਲ 3.50 ਲੱਖ ਰੁਪਏ ਦੀ ਰਕਮ ਹਡ਼ਪ ਲਈ। ਜਦੋਂ ਉਸ ਨੇ ਪੰਚਾਇਤ ਨੂੰ ਨਾਲ ਲੈ ਕੇ ਮੁਲਜ਼ਮਾਂ ’ਤੇ ਰਕਮ ਵਾਪਸੀ ਦਾ ਦਬਾਅ ਪਾਇਆ ਤਾਂ ਦੋਵੇਂ ਮੁਲਜ਼ਮ ਧਮਕੀਆਂ ਦੇਣ ਲੱਗੇ। ਜਿਸ ’ਤੇ ਉਸ ਨੂੰ ਇਨਸਾਫ ਲਈ ਐੱਸ. ਐੱਸ. ਪੀ. ਸਾਹਮਣੇ ਗੁਹਾਰ ਲਉਣੀ ਪਈ।

ਐੱਸ. ਐੱਸ. ਪੀ. ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੁੋਏ ਆਰਥਿਕ ਅਪਰਾਧ ਸ਼ਾਖਾ ਨੂੰ ਜਾਂਚ ਦੇ ਹੁਕਮ ਦਿੱਤੇ। ਜਾਂਚ ਦੌਰਾਨ ਮੁਲਜ਼ਮ ਭਰਾਵਾਂ ਅਸ਼ੋਕ ਕੁਮਾਰ ਉਰਫ ਅੰਗਰੇਜ਼ ਸਿੰਘ ਅਤੇ ਹਰਮੀਤ ਸਿੰਘ ਉਰਫ ਮੀਤਾ ਖਿਲਾਫ ਲੱਗੇ ਸਾਰੇ ਇਲਜ਼ਾਮ ਸਹੀ ਪਾਏ ਗਏ । ਜਿਸ ਦੇ ਆਧਾਰ ’ਤੇ ਦੋਨਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।


Bharat Thapa

Content Editor

Related News